ਟੋਰਾਂਟੋ, 16 ਸਤੰਬਰ 2019 - ਟਰੂਡੋ ਸਰਕਾਰ ਦੀ ਪੰਜਾਬੀ ਮੈਂਬਰ ਪਾਰਲੀਮੈਂਟ ਕਮਲ ਖੇੜਾ ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਜਿਥੇ ਇੱਕ ਪਾਸੇ ਕੈਨੇਡਾ 'ਚ ਅਕਤੂਬਰ ਮਹੀਨੇ 'ਚ ਹੋਣ ਵਾਲੀਆਂ ਵੋਟਾਂ ਲਈ ਕੰਪੇਨ ਵਗੈਰਾ ਪੂਰੇ ਜ਼ੋਰਾਂ 'ਤੇ ਹੈ, ਇਸੇ ਵਿਚਕਾਰ ਪੰਜਾਬੀ ਐਮਪੀ ਵੱਲੋਂ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਗਿਆ ਹੈ।
ਖੇੜਾ ਨੇ ਟਵਿੱਟਰ 'ਤੇ ਆਪਣੇ ਹੋਣ ਵਾਲੇ ਜੀਵਨ ਸਾਥੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੀ ਹੈ ਕਿ ਉਹ ਆਪਣੇ ਬੈੱਸਟ ਫਰੈਂਡ ਨਾਲ ਪੂਰਾ ਜੀਵਨ ਬਿਤਾਉਣ ਦਾ ਮਨ ਇਰਾਦਾ ਕਰ ਚੁੱਕੀ ਹੈ।
ਕਮਲ ਖੇੜਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਫੋਟੋ
ਜਾਣਕਾਰੀ ਮੁਤਾਬਕ ਕਮਲ ਖੇੜਾ ਦਾ ਹੋਣ ਵਾਲਾ ਜੀਵਨ ਸਾਥੀ ਸਾਲ 2015 ਦੀਆਂ ਚੋਣਾਂ ਸਮੇਂ ਉਸਦਾ ਫਾਈਨੈਂਸ਼ੀਅਲ ਏਜੰਟ ਰਹਿ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਹਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਕਾਫੀ ਸਮੇਂ ਤੋਂ ਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਹੇਂ ਆਉਂਦੇ ਸਾਲ ਦੇ ਮਾਰਚ ਮਹੀਨੇ 'ਚ ਮੈਕਸਿਕੋ 'ਚ ਵਿਆਹ ਕਰਾਉਣਗੇ।
ਇਸ ਮੌਕੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਕਮਲ ਖੇੜਾ ਨੂੰ ਮੁਬਾਰਕਾਂ ਦਿੱਤੀਆਂ । ਇਸਦੇ ਨਾਲ ਹੀ ਬਰੈਂਪਟਨ ਵੈਸਟ ਐਫ.ਐਲ.ਏ ਦੇ ਈਡੀਏ ਪ੍ਰਧਾਨ ਹਰਦਮ ਮਾਂਗਟ ਨੇ ਵੀ ਕਮਲ ਖਹਿਰਾ ਨੂੰ ਵਧਾਈ ਦਿੱਤੀ।
ਕਮਲਪ੍ਰੀਤ ਖੇੜਾ ਹਾਊਸ ਆਫ ਕਾਮਨਜ਼ ਆਫ ਕਨੇਡਾ ਵਿੱਚ ਬਰੈਂਪਟਨ ਵੈਸਟ ਤੋਂ ਐਮਪੀ ਚੁਣੀ ਗਈ ਸੀ। ਖੇੜਾ ਦਾ ਜਨਮ ਭਾਰਤ, ਦਿੱਲੀ ਵਿਚ ਹੋਇਆ ਸੀ ਅਤੇ ਛੋਟੀ ਉਮਰੇ ਹੀ ਉਹ ਕਨੇਡਾ ਚਲੇ ਗਏ ਸਨ। ਉਸਨੇ ਯੌਰਕ ਯੂਨੀਵਰਸਿਟੀ ਪੜ੍ਹਾਈ ਕੀਤੀ, ਜਿਥੇ ਉਸਨੇ ਮਨੋਵਿਗਿਆਨ ਅਤੇ ਨਰਸਿੰਗ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ, ਅਤੇ ਕੈਨੇਡਾ 'ਚ ਇੱਕ ਰਜਿਸਟਰਡ ਨਰਸ ਬਣ ਗਈ।