ਜਗਜੀਤ ਸਿੰਘ ਪੰਜੋਲੀ
ਸਰੀ, 19 ਸਤੰਬਰ 2019 - ਕੈਨੇਡਾ ਦੇ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਇਲਾਕੇ ਸਰੀ ਦੇ ਪੰਜਾਬ ਭਵਨ ਵਿਚ ਕੀਤੇ ਰਹੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸੰਮੇਲਨ-3 ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਇਹ ਜਾਣਕਾਰੀ ਪੰਜਾਬ ਭਵਨ ਦੇ ਸਲਾਹਕਾਰ ਬੋਰਡ ਦੇ ਮੈਂਬਰਾਂ ਸ੍ਰੀ ਸੁੱਖੀ ਬਾਠ, ਅਮਰੀਕ ਪਲਾਹੀ ਅਤੇ ਕਵਿੰਦਰ ਚਾਂਦ ਹੋਰਾਂ ਨੇ ਦਿੱਤੀ।
ਪੰਜਾਬ ਭਵਨ ਦੇ ਸੰਸਥਾਪਕ ਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਕਿਹਾ ਕਿ ਇਸ ਸੰਮੇਲਨ ‘ਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਵਿਦਵਾਨ ਹਿੱਸਾ ਲੈਣਗੇ। ਗੌਰਤਬਤਲਬ ਹੈ ਕਿ ਪੰਜਾਬੀ ਸੰਮੇਲਨ ਸ. ਅਰਜਨ ਸਿੰਘ ਬਾਠ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਜਿਸ ਦਾ ਮਨੋਰਥ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਿਤਾ ਜਿਸਦਾ ਉਦੇਸ਼ ਪੰਜਾਬੀ ਸਹਿਤ ਵਿਚ ਸੁਹਜ, ਸੰਕਲਪ, ਸਰੋਕਾਰ ਅਤੇ ਸਕਾਰਤਮਿਕਤਾ ਤੋਂ ਹੈ। ਇਹ ਸਮਾਗਮ ਪੰਜਾਬ ਭਵਨ ਸਰੀ ਵਲੋਂ ਪੰਜਾਬੀ ਅਕੈਡਮੀ ਦਿੱਲੀ ਅਤੇ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੁ ਨਾਨਕ ਖਾਲਸਾ ਕਾਲਜ ਲੁਧਿਆਣਾ ਇਸ ਸੰਮੇਲਨ ਦੀਆਂ ਸਹਿਯੋਗੀ ਧਿਰਾਂ ਹਨ। ਸਰੀ ਦੀ ਬੁੱਕਲ ਵਿਚ ਵਸੇ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਪੰਜਾਬ ਭਵਨ ਵਿਖੇ 21-22 ਸਤੰਬਰ ਨੂੰ ਹੋਣ ਜਾ ਰਹੇ ਇਸ ਸੰਮੇਲਨ ਵਿਚ ਦੁਨੀਆ ਭਰ ਤੋਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਖੋਜੀ ਅਤੇ ਸਾਹਿਤਕਾਰ ਜੁੜ ਰਹੇ ਹਨ। ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਅਤੇ ਉਨ੍ਹਾਂ ਦੀ ਪ੍ਰਬੰਧਕੀ ਟੀਮ ਵਲੋਂ ਉਲੀਕੇ ਇਸ ਸੰਮੇਲਨ ਵਿਚ ਸ਼ਾਮਲ ਹੋਣ ਵਾਲੇ ਵਿਦਵਾਨਾਂ ਵਿਚੋਂ ਸ. ਐਸ.ਪੀ. ਸਿੰਘ ਸਾਬਕਾ ਉਪ ਕੁਲਪਤੀ ਸ੍ਰੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਸਾਹਿਬ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਪਹੁੰਚ ਰਹੇ ਹੋਰ ਸਾਹਿਤਕਾਰਾਂ ਵਿਚੋਂ ਉੱਘੇ ਕਹਾਣੀਕਾਰ ਵਰਿਆਮ ਸੰਧੂ, ਪ੍ਰੋ.ਹਰਪਾਲ ਸਿੰਘ ਪੰਨੂੰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ, ਡਾ. ਹਰਭਜਨ ਸਿੰਘ ਭਾਟੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਮਨਮੋਹਨ (ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ), ਡਾ. ਜਗਤਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ (ਰਿਟਾਇਰਡ) ਸ. ਸਰਵਣ ਸਿੰਘ, ਡਾ. ਗੁਰਭੇਜ ਗੁਰਾਇਆ, ਸੁਖਵੰਤ ਹੁੰਦਲ, ਬਲਵਿੰਦਰ ਚਾਹਲ, ਸੁਖਵਿੰਦਰ ਅੰਮ੍ਰਿਤ, ਡਾ. ਗੁਰਮਿੰਦਰ ਸਿੱਧੂ, ਅਨੀਤਾ ਸ਼ਬਦੀਸ਼, ਚਿੱਤਰਕਾਰ ਜਰਨੈਲ ਸਿੰਘ, ਪ੍ਰਿੰ: ਮਨਜੀਤ ਸਿੰਘ ਛਾਬੜਾ, ਸਮਾਜ-ਸੇਵੀ ਮਨਜੀਤ ਬੋਪਾਰਾਏ ਜੀ, ਡਾ. ਬਲਦੇਵ ਸਿੰਘ ਖਹਿਰਾ, ਪ੍ਰੋਫੈਸਰ ਦਲਜੀਤ ਸਿੰਘ ਸ਼ਾਹੀ, ਪ੍ਰੋਫੈਸਰ ਹਰਜਿੰਦਰ ਪਾਲ ਸਿੰਘ ਵਾਲੀਆ, ਸੁਰਿੰਦਰ ਗਜ਼ਲ, ਕੁਲਜੀਤ ਗਜ਼ਲ, ਮਨਜੀਤ ਸਿੰਗ ਬੋਪਾਰਾਏ,ਡਾ. ਹਰਜਿੰਦਰ ਸਿੰਘ ਵਾਲੀਆ, ਦਲਜੀਤ ਸ਼ਾਹੀ, ਗੀਤਕਾਰ ਸਿੱਕੀ ਸੱਜੀ ਪਿੰਡ ਵਾਲਾ, ਬਲਵਿੰਦਰ ਸਿੰਘ ਚਾਹਲ ਅਪਣੇ ਵਫ਼ਦ ਸਮੇਤ ਇਟਲੀ ਤੋਂ ਅਤੇ ਅਮਰੀਕਾ ਤੇ ਕੈਨੇਡਾ ਦੇ ਪ੍ਰਮੁੱਖ ਲੇਖਕ/ਪੱਤਰਕਾਰ ਅਤੇ ਸਾਹਿਤਕਾਰ ਹਿੱਸਾ ਲੈ ਰਹੇ ਹਨ।
ਵਿਦੇਸ਼ਾਂ ‘ਚ ਪੰਜਾਬੀਆਂ ਦੇ ਗੜ੍ਹ ਵਾਲੇ ਸ਼ਹਿਰ ਸਰੀ ਵਿਖੇ ਮਾਂ ਬੋਲੀ ਪੰਜਾਬੀ ਦੇ ਸਾਹਿਤਕਾਰਾਂ ਲਈ ਮੱਕਾ ਮੰਨੇ ਜਾ ਰਹੇ ਸਥਲ ਪੰਜਾਬ ਭਵਨ ਦੇ ਉਸਰੱਈਏ ਸੁੱਖੀ ਬਾਠ ਇਸ ਸੰਮੇਲਨ ਦੀ ਸਫਲਤਾ ਲਈ ਦੁਨੀਆ ਭਰ ਦੀ ਫੇਰੀ ਪਾ ਕੇ ਪੰਜਾਬੀ ਸਾਹਿਤਕਾਰਾਂ ਨੂੰ ਇਕ ਮੰਚ 'ਤੇ ਲਿਆਉਣ ਲਈ ਅਣਥੱਕ ਯਤਨ ਕਰ ਰਹੇ ਹਨ। ਸਹਿਤਕ ਸਰੋਤਿਆਂ ਲਈ ਖੁਸ਼ਖਬਰੀ ਹੈ ਕਿ ਇਸ ਮੌਕੇ 'ਤੇ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਵਲੋਂ ਵਿਸ਼ਾਲ ਪੁਸਤਕ ਮੇਲਾ ਵੀ ਲਗਾਇਆ ਜਾ ਰਿਹਾ ਹੈ।
ਫੋਟੋ ਕੈਪਸ਼ਨ: ਪੰਜਾਬ ਭਵਨ ਵਿਚ ਹੋਣ ਜਾ ਰਹੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸੰਮੇਲਨ-3 ਦੀਆਂ ਤਿਆਰੀਆਂ ਬਾਰੇ ਮੀਟਿੰਗ ਉਪਰੰਤ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ।