30 ਨਵੰਬਰ ਅਤੇ 1 ਦਸੰਬਰ ਨੂੰ ਆ ਰਹੀਆਂ 'ਨਿਊਜ਼ੀਲੈਂਡ ਸਿੱਖ ਖੇਡਾਂ' ਸਬੰਧੀ ਰੰਗਦਾਰ ਪੋਸਟਰ ਜਾਰੀ
ਦੋ ਦਿਨਾਂ ਸਭਿਆਚਾਰਕ ਪ੍ਰੋਗਰਾਮ 'ਚ ਦੇਬੀ ਮਖਸੂਸਪੁਰੀ ਲਾਉਣਗੇ ਅਖਾੜਾ
ਪੰਜਾਬ ਤੋਂ ਕਲਾਕਾਰ ਹਰਮਿੰਦਰ ਨੂਰਪੁਰੀ ਅਤੇ ਗੀਤਕਾਰ ਹਰਵਿੰਦਰ ਓਹੜਪੁਰੀ ਵੀ ਪਹੁੰਚਣਗੇ
ਔਕਲੈਂਡ 10 ਨਵੰਬਰ 2019 (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਪਹਿਲੀ ਵਾਰ ਵੱਡੇ ਪੱਧਰ ਉਤੇ ਪਹਿਲੀਆਂ 'ਨਿਊਜ਼ੀਲੈਂਡ ਸਿੱਖ ਖੇਡਾਂ' ਦਾ ਆਗਾਜ਼ 30 ਨਵੰਬਰ ਅਤੇ 1 ਦਸੰਬਰ ਨੂੰ ਹੋਣ ਜਾ ਰਿਹਾ ਹੈ। ਬੀਤੀ 23 ਜੂਨ ਨੂੰ ਖੇਡਾਂ ਦੇ ਇਸ ਮਹਾਂ ਕੁੰਭ ਜਿਸ ਨੂੰ ਐਨ. ਐਸ. ਜੀ ਮਤਲਬ ਕਿ ਨਿਊਜ਼ੀਲੈਂਡ ਸਿੱਖ ਗੇਮਜ਼ ਦਾ ਨਾਂਅ ਦਿੱਤਾ ਗਿਆ ਹੈ ਬਾਰੇ ਐਲਾਨ ਕੀਤਾ ਗਿਆ ਸੀ ਅਤੇ ਪ੍ਰਬੰਧਕ ਉਸ ਦਿਨ ਤੋਂ ਲੈ ਕੇ ਹੁਣ ਤੱਕ ਤਿਆਰੀਆਂ ਵਿਚ ਜੁਟੇ ਹਨ। ਖੇਡ ਕਲੱਬਾਂ, ਸਪਾਂਸਰਜ ਅਤੇ ਸਥਾਨਿਕ ਸੰਸਥਾਵਾਂ ਨਾਲ ਮੀਟਿੰਗਾਂ ਜਾਰੀ ਹਨ। ਅੱਜ ਖੇਡਾਂ ਨਾਲ ਸਬੰਧਿਤ ਤਾਲਮੇਲ ਸਕੱਤਰਾਂ, ਮੀਡੀਆ ਕਰਮੀਆਂ, ਸੰਸਥਾਵਾਂ ਦੇ ਆਗੂਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਦੀ ਇਕ ਵੱਡੀ ਹਾਜ਼ਰੀ ਦੇ ਵਿਚ ਇਨ੍ਹਾਂ ਖੇਡਾਂ ਲਈ ਤਿਆਰ ਕੀਤਾ ਗਿਆ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ। ਕੁਝ ਵੀਡੀਓ ਸੰਦੇਸ਼ ਜਿਨ੍ਹਾਂ ਵਿਚ ਅੰਤਰਰਾਸ਼ਟਰੀ ਫੁੱਲਬਾਲਰ ਸਰਪ੍ਰੀਤ ਸਿੰਘ, ਭਾਰਤੀ ਜੂਨੀਅਰ ਹਾਕੀ ਕੈਪਟਨ ਹਰਜੀਤ ਸਿੰਘ, ਗਾਇਕ ਪ੍ਰੀਤ ਹਰਪਾਲ ਅਤੇ ਗਾਇਕ ਸਾਜਨ ਅਦੀਬ ਸ਼ਾਮਿਲ ਹਨ ਨੂੰ ਸਕਰੀਨ ਉਤੇ ਚਲਾਇਆ ਗਿਆ।
ਇਸ ਤੋਂ ਪਹਿਲਾਂ ਖੇਡਾਂ ਦੀ ਹੁਣ ਤੱਕ ਦੀ ਰੂਪ ਰੇਖਾ ਉਤੇ ਵਿਸਥਾਰ ਸਹਿਤ ਵਰਨਣ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਸਟੇਜ ਸੰਚਾਲਕ ਅਤੇ ਸਭਿਆਚਾਰਕ ਕੋਆਰਡੀਨੇਟਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿ ਕੇ ਕੀਤਾ। ਉਨ੍ਹਾਂ ਹਾਊਸ ਕੀਪਿੰਗ ਰੂਲਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਆਪਣੇ ਸ਼ਾਇਰਾਨਾ ਅੰਦਾਜ ਦੇ ਵਿਚ ਬੁਲਾਰਿਆਂ ਨੂੰ ਪਤਾਸਿਆਂ ਵਰਗੇ ਮਿੱਠੇ ਬੋਲਾਂ ਨਾਲ ਅਨਰਜ਼ੀ ਭਰਪੂਰ ਰੱਖਿਆ ਅਤੇ ਉਹ ਆਪਣੀ ਸੇਵਾਵਾਂ ਦੇ ਵਿਚ ਵਾਧਾ ਦੁੱਗਣੇ ਤੋਂ ਤਿੱਗਣਾ ਕਰ ਗਏ। ਉਨ੍ਹਾਂ ਸੰਖੇਪ ਵਿਚ ਪੂਰਾ ਨਕਸ਼ਾ ਖਿੱਚਿਆ ਜਿਸ ਨੂੰ ਬਾਅਦ ਵਿਚ ਬੁਲਾਰਿਆਂ ਨੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਖੋਲ੍ਹ ਕੇ ਦੱਸਿਆ।
ਖੇਡਾਂ ਸਬੰਧੀ ਪੂਰੀ ਜਾਣਕਾਰੀ ਖੇਡ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਸਾਹਮਣੇ ਰੱਖੀ। ਦੋ ਦਿਨਾਂ ਸਭਿਆਚਾਰਕ ਸਟੇਜ ਸਬੰਧੀ ਜਾਣਕਾਰੀ ਨਵਤੇਜ ਸਿੰਘ ਰੰਧਾਵਾ ਹੋਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਭਿਆਚਾਰਕ ਸਟੇਜ ਦੇ ਵਿਚ ਐਡੀ ਵੱਡੀ ਸਟੇਜ ਪਹਿਲੀ ਵਾਰ ਲੱਗ ਰਹੀ ਹੈ। ਵੱਡੀਆਂ ਸਕਰੀਨਾਂ ਦੇ ਉਤੇ ਦਰਸ਼ਕ ਸਕੋਰ ਬੋਰਡ ਵੀ ਵੇਖ ਸਕਣਗੇ ਅਤੇ ਆਪਣੇ ਚਹੇਤੇ ਕਲਾਕਾਰਾਂ ਨੂੰ। ਪ੍ਰਸਿੱਧ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ, ਪੰਜਾਬ ਤੋਂ ਹਰਮਿੰਦਰ ਨੂਰਪੁਰੀ (ਫੇਮ ਕਰ ਕਿਰਪਾ), ਗੀਤਕਾਰ ਹਰਵਿੰਦਰ ਓਹੜਪੁਰੀ (ਫੇਮ ਨਗਰ ਕੀਰਤਨ ਸਤਵਿੰਦਰ ਬਿੱਟੀ) ਵੀ ਪਹੁੰਚ ਰਹੇ ਹਨ।
ਮਹਿੰਦਰਾ ਰਾਈਜ ਤੋਂ ਵੱਡੇ ਇਨਾਮ ਮਹਿੰਦਰਾ ਐਕਸ. ਯੂ.ਵੀ. ਗੱਡੀ ਬਾਰੇ ਸ਼ਰਨਜੀਤ ਸਿੰਘ ਹੋਰਾਂ ਨੇ ਦਿੱਤੀ। ਉਨ੍ਹਾਂ ਕਿਹਾ ਕਿ 20 ਡਾਲਰ ਦੇ ਵਿਚ 50,000 ਡਾਲਰ ਵਾਲੀ ਗੱਡੀ ਜਿੱਤਣ ਦਾ ਮਤਲਬ ਮੇਲਾ ਲੁੱਟਣਾ ਹੋਵੇਗਾ। ਬੈਡਮਿੰਟਨ ਬਾਰੇ ਸ. ਸੰਨੀ ਸਿੰਘ ਨੇ ਦਿੱਤੀ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ, ਗੁਰਦੁਆਰਾ ਸਾਹਿਬ ਬੇਗਮਪੁਰਾ, ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੋਂ ਵੀ ਪਹੁੰਚੇ ਕਮੇਟੀ ਮੈਂਬਰਾਂ ਨੇ ਪੂਰਾ ਸਾਥ ਦੇਣ ਦਾ ਐਲਾਨ ਕੀਤਾ। ਮਾਲਵਾ ਕਲੱਬ ਵੱਲੋਂ 15 ਵਲੰਟੀਅਰ, ਸ. ਤੀਰਥ ਸਿੰਘ ਅਟਵਾਲ ਅਤੇ ਸ. ਹਰਪ੍ਰੀਤ ਸਿੰਘ ਗਿੱਲ ਵੱਲੋਂ 50 ਵਲੰਟੀਅਰ ਅਤੇ ਹੋਰ ਕਈ ਸੇਵਾਵਾਂ ਸੰਗਤਾਂ ਨੇ ਆਪਣੇ ਆਪ ਲਈਆਂ। ਹਮਿਲਟਨ ਤੋਂ ਪਹੁੰਚੇ ਸ. ਚਰਨਜੀਤ ਸਿੰਘ ਦੁੱਲਾ ਨੇ ਵੀ 20 ਵਲੰਟੀਅਰਜ ਦੀ ਸੇਵਾ ਲਈ। ਮਹਿਲਾਵਾਂ ਦੇ ਵਿਚ ਮੈਡਮ ਇੰਦਰਜੀਤ ਬਾਜਵਾ ਜੇ.ਪੀ., ਮੈਡਮ ਦਵਿੰਦਰ ਕੌਰ ਅਤੇ ਮੈਡਮ ਚਰਨਜੀਤ ਕੌਰ ਸਿੱਧੂ ਹੋਰਾਂ ਵੀ ਕਈ ਸੇਵਾਵਾਂ ਆਪਣੇ ਨਾਂਅ ਕਰਵਾਈਆਂ। ਸ. ਜਗਦੀਪ ਸਿੰਘ ਹੋਰਾਂ ਮਾਲਵਾ ਕਲੱਬ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਖੋ-ਖੋ ਖੇਡ ਨੂੰ ਸ਼ਾਮਿਲ ਕਰਨ ਲਈ ਵੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਰੈਸਲਿੰਗ, ਵਾਲੀਵਾਲ, ਫੁੱਟਬਾਲ, ਸ਼ੂਟਿੰਗ ਅਤੇ ਹੋਰ ਖੇਡਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਫੋਰਮ ਫਿਲਮ (ਸਰਦਾਰ ਮਨਪ੍ਰੀਤ ਸਿੰਘ) ਵੱਲੋਂ 50 ਫ੍ਰੀ ਮੂਵੀ ਟਿਕਟਾਂ ਦਾ ਐਲਾਨ ਵੀ ਹੋਇਆ। ਸ਼ੋਸ਼ਲ ਮੀਡੀਆ ਅਤੇ ਹੈਸ਼ ਟੈਗ ਐਨ. ਐਸ. ਜੀ. ਦੇ ਨਾਲ ਵਧੀਆ ਡਰੈਸਅੱਪ ਫੋਟੋ ਪਾਉਣ ਵਾਲੇ ਨੂੰ 500 ਡਾਲਰ ਦਾ ਇਨਾਮ (ਇਕ ਪੁਰਸ਼ ਅਤੇ ਇਕ ਮਹਿਲਾ) ਨੂੰ ਦਿੱਤੇ ਜਾਣਗੇ। ਬੈਸਟ ਸੈਲਫੀ ਦਾ ਐਵਾਰਡ ਜਿੱਤਣ ਵਾਲੇ ਨੂੰ ਇਕ ਆਈ ਫੋਨ ਇਨਾਮ ਵਿਚ ਦਿੱਤਾ ਜਾਵੇਗਾ। ਵੱਖ-ਵੱਖ ਖੇਡਾਂ ਦੇ ਵਿਚ ਭਾਗ ਲੈਣ ਵਾਲਿਆਂ ਦੀ ਤਸੱਲੀਬਖਸ਼ ਰਜਿਟ੍ਰੇਸ਼ਨ ਹੋ ਚੁੱਕੀ ਹੈ ਅਤੇ ਹੁਣ ਅਗਲੇ ਹਫਤੇ ਮੈਚਾਂ ਦਾ ਵੇਰਵਾ ਅਤੇ ਸਮਾਂ ਜਾਰੀ ਕੀਤਾ ਜਾਵੇਗਾ। ਸਮਾਗਮ ਦੌਰਾਨ ਐਨ. ਜ਼ੈਡ. ਇੰਡੀਅਨ ਫਲੇਮ ਤੋ ਸ. ਅਮਰੀਕ ਸਿੰਘ ਹੋਰਾਂ ਵਧੀਆ ਚਾਹ ਪਕੌੜੇ ਦਾ ਪ੍ਰਬੰਧ ਕੀਤਾ ਹੋਇਆ ਸੀ। ਅੰਤ ਵਿਚ ਪ੍ਰਬੰਧਕਾਂ ਵੱਲੋਂ ਸ. ਤਾਰਾ ਸਿੰਘ ਬੈਂਸ, ਸ. ਦਲਬੀਰ ਸਿੰਘ ਲਸਾੜਾ, ਸ. ਗੁਰਵਿੰਦਰ ਸਿੰਘ ਔਲਖ, ਸ. ਸੁਰਿੰਦਰ ਸਿੰਘ ਢੀਂਡਸਾ, ਇੰਦਰਜੀਤ ਸਿੰਘ ਕਾਲਕਟ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।