ਚੰਡੀਗੜ੍ਹ, 13 ਨਵੰਬਰ 2019 - ਅਮਰੀਕਾ 'ਚ ਮੱਤੇਵਾਲ, ਅੰਮ੍ਰਿਤਸਰ ਦੇ 21 ਸਾਲਾ ਅਕਸ਼ੈਪ੍ਰੀਤ ਸਿੰਘ ਨਾਮੀ ਨੌਜਵਾਨ ਦਾ ਸਟੋਰ 'ਤੇ ਆਏ ਕੁਝ ਲੁਟੇਰਿਆਂ ਵੱਲੋਂ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਨੌਜਵਾਨ ਮਿਸੀਸਿੱਪੀ, ਅਮਰੀਕਾ 'ਚ ਆਪਣੇ ਸਟੋਰ 'ਤੇ ਕੰਮ ਕਰ ਰਿਹਾ ਸੀ ਜਦੋਂ ਸਟੋਰ 'ਤੇ ਚੋਰੀ ਕਰਨ ਆਏ ਕੁਝ ਲੁਟੇਰਿਆਂ ਨਾਲ ਨੌਜਵਾਨ ਦੀ ਹੱਥੋਪਾਈ ਹੋਈ। ਜਿਸ ਤੋਂ ਬਾਅਦ ਲੁਟੇਰਿਆਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ।
ਇਸ ਘਟਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਟਵੀਟ ਕੀਤਾ ਕਿ ਉਨ੍ਹਾਂ ਨੂੰ ਇਸ ਘਟਨਾ 'ਤੇ ਬਹੁਤ ਹੀ ਦੁੱਖ ਹੈ। ਕੈਪਟਨ ਨੇ ਲਿਖਿਆ ਕਿ ਉਨ੍ਹਾਂ ਦੁਆਰਾ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ 'ਚ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ।