ਹਰਦਮ ਮਾਨ
ਸਰੀ, 12 ਨਵੰਬਰ-ਅਰਪਨ ਲਿਖਾਰੀ ਸਭਾ ਕੈਲਗਰੀ ਦਾ ਨਵੰਬਰ ਮਹੀਨੇ ਦਾ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਰਿਹਾ। ਇਸ ਸਮਾਗਮ ਦੀ ਪ੍ਰਧਾਨਗੀ ਸਤਨਾਮ ਸਿੰਘ ਢਾਅ ਅਤੇ ਜਸਵੀਰ ਸਿਹੋਤਾ ਨੇ ਕੀਤੀ। ਜਸਵੰਤ ਸਿੰਘ ਸੇਖੋਂ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਆਏ ਹੋਏ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਮਾਨ ਪੁਰਬ ਦੀ ਵਧਾਈ ਦਿੰਦਿਆਂ ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਪਰੰਤ ਵਿੱਛੜੇ ਹੋਏ ਸਵਰਨ ਸਿੰਘ ਪ੍ਰਵਾਨਾ, ਪ੍ਰੇਮ ਕੁਮਾਰ ‘ਨਜ਼ਰ’, ਡਾ. ਮਨਜੀਤ ਪਾਲ ਕੌਰ, ਅਤੇ ਡਾ. ਸਰਬਜੀਤ ਕੌਰ ਜਵੰਦਾ ਦੇ ਪਿਤਾ ਜੋਗਿੰਦਰ ਸਿੰਘ ਜਵੰਦਾ, ਕਸ਼ਮੀਰ ਸਿੰਘ ਪੰਨੂ ਨੂੰ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਉਪਰੰਤ ਜਗਦੇਵ ਸਿੰਘ ਸਿੱਧੂ ਨੇ ਗੁਰੁ ਨਾਨਕ ਦੀ ਬਾਣੀ ਦਾ ਦੁਨੀਆਂ ਦੇ ਹੋਰ ਧਰਮਾਂ ਨਾਲ ਤੁਲਣਾਤਮਿਕ ਖੋਜ ਭਰਪੁਰ ਲੇਖ ਪੜ੍ਹਿਆ। ਅਮਰੀਕ ਸਿੰਘ ਚੀਮਾ, ਕੇਸਰ ਸਿੰਘ ਨੀਰ, ਜਰਨੈਲ ਸਿੰਘ ਤੱਗੜ, ਧਰਮ ਸਿੰਘ ਚੜਿੱਕ, ਰਣਜੀਤ ਸਿੰਘ ਮਿਨਹਾਸ, ਜੋਗਾ ਸਿੰਘ ਸਿਹੋਤਾ, ਜਸਬੀਰ ਸਿੰਘ ਸਿਹੋਤਾ, ਬਹਾਦਰ ਡਾਲਵੀ, ਜਤਿੰਦਰ ਸਵੈਚ, ਜਸਵੰਤ ਸਿੰਘ ਸੇਖੋਂ, ਗੁਰਚਰਨ ਸਿੰਘ ਹੇਅਰ ਨੇ ਗੁਰੂ ਨਾਨਕ ਬਾਰੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਬੀਬੀ ਹਰਮਿੰਦਰ ਕੌਰ ਚੁੱਘ ਅਤੇ ਬੀਬੀ ਸਰਬਜੀਤ ਕੌਰ ਉੱਪਲ ਦੇ ਕਵੀਸ਼ਰੀ ਜਥੇ ਨੇ ਜਸਵੰਤ ਸੇਖੋਂ ਦੀ ਕਵਿਤਾ ਗਾ ਕੇ ਰੰਗ ਬੰਨਿਆ, ਰਵੀ ਜਨਾਗਲ, ਗੁਰਦੀਸ਼ ਗਰੇਵਾਲ ਨੇ ਗੁਰੂ-ਜਸ ਦੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਕੀਲ ਲਿਆ। ਦਿਲਾਵਰ ਸਿੰਘ ਸਮਰਾ, ਹਰਦਿਆਲ ਮਾਨ ਨੇ ਵੀ ਗੁਰਬਾਣੀ ਦੇ ਅਧਾਰ ਤੇ ਅਪਣੇ ਵਿਚਾਰ ਸਾਂਝੇ ਕੀਤੇ।ਇਨ੍ਹਾਂ ਤੋਂ ਇਲਾਵਾ ਇਕਬਾਲ ਖ਼ਾਨ, ਦਰਸ਼ਨ ਸਿੰਘ ਔਲਖ, ਰਾਜਿੰਦਰ ਕੌਰ (ਰੇਨੀ) ਸਵੈਚ, ਸੁਖਦੇਵ ਕੌਰ ਢਾਅ, ਅਵਤਾਰ ਕੌਰ ਤੱਗੜ, ਅਦਰਸ਼ਦੀਪ ਘਟੋੜਾ ਨੇ ਇਸ ਸਾਹਿਤ ਚਰਚਾ ਵਿੱਚ ਹਿੱਸਾ ਲਿਆ।
ਅਖ਼ੀਰ ਵਿਚ ਸਤਨਾਮ ਢਾਅ ਨੇ ਕ੍ਰਾਂਤੀਕਾਰੀ ਗੁਰੁ ਨਨਕ ਦੇਵ ਜੀ ਦੀਆਂ ਬਾਣੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਬੇਨਤੀ ਕੀਤੀ। ਉਨ੍ਹਾਂ ਆਖਿਆ ਕਿ ਇਹ ਪੁਰਬ ਮਨਾਉਣ ਦਾ ਫਾਇਦਾ ਤਾਂ ਹੀ ਹੈ ਜੇਕਰ ਅਸੀਂ ਉਨ੍ਹਾਂ ਦੀ ਵਿਚਾਰਧਾਰਾ ‘ਤੇ ਅਮਲ ਵੀ ਕਰੀਏ। ਢਾਅ ਨੇ ਇੰਨੇ ਠੰਡੇ ਮੌਸਮ ਦੇ ਬਾਵਜੂਦ ਹਾਜ਼ਰ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।