ਸਾਊਥ ਏਸ਼ੀਅਨ ਕਮਿਊਨਿਟੀ ਨੇ ਦਿਖਾਈ ਦਰਿਆਦਿਲੀ
ਸਰੀ ਮੈਮੋਰੀਅਲ ਹਸਪਤਾਲ ਲਈ ਇਕੱਤਰ ਕੀਤੇ 790,000 ਡਾਲਰ
ਹਰਦਮ ਮਾਨ
ਸਰੀ, 15 ਨਵੰਬਰ, 2019 : ਸਾਊਥ ਏਸ਼ੀਅਨ ਕਮਿਊਨਿਟੀ ਨੇ ਇਕ ਵਾਰ ਫੇਰ ਸਰੀ ਮੈਮੋਰੀਅਲ ਹਸਪਤਾਲ ਦੇ ਮਾਤਾ ਤ੍ਰਿਪਤਾ ਫੈਮਿਲੀ ਬਰਥਿੰਗ ਯੂਨਿਟ ਲਈ 790,000 ਡਾਲਰ ਦੀ ਦਾਨ ਰਾਸ਼ੀ ਇਕੱਤਰ ਕਰਕੇ ਆਪਣੀ ਦਰਿਆ-ਦਿਲੀ ਦਾ ਪ੍ਰਗਟਾਵਾ ਕੀਤਾ ਹੈ। ਇਹ ਦਾਨ ਰਾਸ਼ੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਮੰਗਲਵਾਰ ਨੂੰ ਰੈਡ ਐਫ.ਐਮ. ਵੱਲੋਂ ਕਰਵਾਏ ਰੇਡੀਓਥਾਨ ਦੇ ਜ਼ਰੀਏ ਇਕ ਹੀ ਦਿਨ ਵਿਚ ਇਕੱਤਰ ਕੀਤੀ ਗਈ। ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ, 2,000 ਤੋਂ ਵੱਧ ਲੋਕ ਦਾਨ ਦੇਣ ਲਈ ਰੇਡੀਓ ਸਟੇਸ਼ਨ ਦੇ ਸਟੂਡੀਓ 'ਤੇ ਆ ਕੇ ਇਸ ਯੱਗ ਵਿਚ ਆਪਣਾ ਯੋਗਦਾਨ ਪਾਇਆ ਅਤੇ ਅਨੇਕਾਂ ਹੋਰ ਲੋਕਾਂ ਨੇ ਆਨਲਾਈਨ ਜਾਂ ਫੋਨ ਰਾਹੀਂ ਦਾਨ ਰਾਸ਼ੀ ਦੇਣ ਦਾ ਵਾਅਦਾ ਕੀਤਾ।
ਜ਼ਿਕਰਯੋਗ ਹੈ ਕਿ ਸਰੀ ਮੈਮੋਰੀਅਲ ਹਸਪਤਾਲ ਵਿਚਲੇ ਬਰਥਿੰਗ ਯੂਨਿਟ ਨੂੰ ਅੱਪਗ੍ਰੇਡ ਕਰਨ ਅਤੇ ਨਵੇਂ ਉਪਕਰਣਾਂ ਦੀ ਜ਼ਰੂਰਤ ਲਈ 550,000 ਡਾਲਰ ਇਕੱਠਾ ਕਰਨ ਦਾ ਟੀਚਾ ਸੀ ਅਤੇ ਲੋਕਾਂ ਨੇ ਇਸ ਟੀਚੇ ਤੋਂ ਡੇਢ ਗੁਣਾਂ ਰਾਸ਼ੀ ਕੁਝ ਘੰਟਿਆਂ ਵਿਚ ਹੀ ਇਕੱਤਰ ਕਰ ਦਿੱਤੀ। ਇਸ ਵਿਚ ਬਹੁਤਾ ਯੋਗਦਾਨ ( ਅੰਦਾਜ਼ਨ 90 ਫੀ ਸਦੀ ) ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦਾ ਹੈ .
ਸਰੀ ਹਸਪਤਾਲ ਫਾਉਂਡੇਸ਼ਨ ਦੇ ਪ੍ਰਧਾਨ ਜੇਨ ਐਡਮਜ਼ ਨੇ ਕਿਹਾ ਕਿ ਉਹ ਇਸ ਪਰਉਪਕਾਰ ਲਈ ਦੱਖਣੀ ਏਸ਼ੀਆਈ ਕਮਿਊਨਿਟੀ ਦੀ ਖੁੱਲ੍ਹਦਿਲੀ ਦੇ ਬੇਹੱਦ ਰਿਣੀ ਹਨ। ਉਨ੍ਹਾਂ ਕਿਹਾ ਕਿ ਇਸ ਦਾਨ ਦਾ ਹਜ਼ਾਰਾਂ ਬੱਚਿਆਂ ਅਤੇ ਪਰਿਵਾਰਾਂ 'ਤੇ ਸਿੱਧਾ ਅਤੇ ਸੁਖਾਵਾਂ ਅਸਰ ਪਵੇਗਾ। ਉਨ੍ਹਾਂ ਮਾਤਾ ਤ੍ਰਿਪਤਾ ਫੈਮਿਲੀ ਬਰਥਿੰਗ ਯੂਨਿਟ ਅਤੇ ਫਾਉਂਡੇਸ਼ਨ ਟੀਮ ਵੱਲੋਂ ਸਭਨਾਂ ਦਾਨੀਆਂ ਦਾ ਦਿਲੋਂ ਧੰਨਵਾਦ ਕੀਤਾ।
ਇਹ ਵੀ ਦੱਸਣਯੋਗ ਹੈ ਕਿ 2012 ਸਾਲ ਦੇ ਗੁਰਪੁਰਬ ‘ਤੇ ਕਰਵਾਏ ਰੇਡੀਓਥਾਨ ਰਾਹੀਂ ਕਮਿਊਨਿਟੀ ਵੱਲੋਂ ਦਿੱਤੇ ਦਾਨ ਉਪਰੰਤ ਇਸ ਬਰਥਿੰਗ ਯੂਨਿਟ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਜੀ ਦੇ ਨਾਮ ‘ਤੇ ਰੱਖਿਆ ਗਿਆ ਸੀ।