ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 14 ਜਨਵਰੀ 2020 - ਕਹਿੰਦੇ ਨੇ ਸੁੰਦਰਤਾ ਉਹ ਨਹੀਂ ਹੁੰਦੀ ਜਿਹੜੀ ਸਿਰਫ ਸਰੀਰਕ ਬਣਤਰ ਦੇ ਅਧਾਰਿਤ ਹੋਵੇ, ਸਗੋਂ ਇਹ ਸੀਰਤ ਦੇ ਪੈਮਾਨੇ ਉਤੇ ਵੀ ਖਰੀ ਉਤਰਨੀ ਚਾਹੀਦੀ ਹੈ। ਸੁਹਜਤਾ ਇਕ ਐਸੀ ਸੁੰਦਰਤਾ ਹੈ ਜਿਹੜੀ ਕਦੇ ਫਿੱਕੀ ਨਹੀਂ ਪੈਂਦੀ। ਸੁੰਦਰਤਾ ਤੁਹਾਨੂੰ ਆਪਣੇ ਵੱਲ ਖਿਚਦੀ ਹੈ ਅਤੇ ਸੁਹਜਤਾ ਵੱਲ ਤੁਸੀਂ ਖਿੱਚੇ ਜਾਂਦੇ ਹੋ। ਕੁਝ ਅਜਿਹੇ ਹੀ ਮਾਪਦੰਡਾਂ ਦੇ ਅਧਾਰਿਤ 1993 ਤੋਂ ਸ. ਜਸਮੇਰ ਸਿੰਘ ਢੱਟ ਹੋਰਾਂ 'ਸੱਭਿਆਚਾਰਕ ਸੱਥ ਪੰਜਾਬ' ਨਾਂਅ ਦੀ ਸੰਸਥਾ ਹੇਠ 'ਮਿਸ ਵਰਲਡ ਪੰਜਾਬਣ ਸੁੰਦਰਤਾ ਮੁਕਾਬਲੇ' ਸ਼ੁਰੂ ਕੀਤੇ ਸਨ ਜੋ ਅੱਜ 17 ਦੇਸ਼ਾਂ ਦੇ ਵਿਚ ਹੁੰਦੇ ਹੋਏ ਤਿੰਨ ਦਹਾਕਿਆਂ ਨੂੰ ਢੁੱਕਣ ਲੱਗੇ ਹਨ। ਨਿਊਜ਼ੀਲੈਂਡ ਦੇ ਵਿਚ ਵੀ ਇਹ ਮੁਕਾਬਲੇ ਹੁੰਦੇ ਰਹੇ ਹਨ ਪਰ ਕੁਝ ਕਾਰਨਾਂ ਕਰਕੇ ਖੜ੍ਹੋਤ ਦੀ ਮਾਰ ਹੇਠ ਵੀ ਆਏ।
ਨਿਊਜ਼ੀਲੈਂਡ ਵਸਦੀਆਂ ਪੰਜਾਬੀ ਮੁਟਿਆਰਾਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਹ ਸੁੰਦਰਤਾ ਮੁਕਬਲਾ ਦੁਬਾਰਾ ਨਿਊਜ਼ੀਲੈਂਡ ਦੀ ਧਰਤੀ ਉਤੇ ਹੋਣ ਜਾ ਰਿਹਾ ਹੈ। 'ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ' ਜੋ ਕਿ ਦੇਸ਼ ਦੀ ਰਾਜਧਾਨੀ ਦੇ ਵਿਚ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਅਤੇ ਪਰਿਵਾਰਕ ਪਸੰਦੀਦਾ ਪੰਜਾਬੀ ਕਲਾਕਾਰਾਂ ਦੇ ਸ਼ੋਅ ਕਰਵਾਉਂਦੀ ਹੈ ਨੇ 'ਮਿਸ ਪੰਜਾਬਣ ਨਿਊਜ਼ੀਲੈਂਡ' ਸੁੰਦਰਤਾ ਮੁਕਾਬਲਾ ਕਰਵਾਉਣ ਦਾ ਬੀੜਾ ਆਪਣੇ ਜਿੰਮੇ ਲਿਆ ਹੈ। ਇਹ ਭਾਵੇਂ ਵਲਿੰਗਟਨ ਸ਼ਹਿਰ ਵਿਖੇ 25 ਅਪ੍ਰੈਲ ਨੂੰ 32 ਈਵੈਂਟ ਸੈਂਟਰ ਲੋਅਰ ਹੱਟ ਵਿਖੇ ਹੋਣ ਜਾ ਰਿਹਾ ਹੈ ਪਰ ਨਿਊਜ਼ੀਲੈਂਡ ਵਸਦੀਆਂ ਪੰਜਾਬੀ ਕੁੜੀਆਂ ਇਸਦੇ ਵਿਚ ਹਿੱਸਾ ਲੈ ਸਕਦੀਆਂ ਹਨ। ਮੁਕਾਬਲੇ ਦਾ ਹਿੱਸਾ ਬਨਣ ਲਈ ਕੁੜੀ ਲਈ ਪੰਜਾਬੀ ਮੂਲ ਦਾ ਹੋਣਾ ਜਰੂਰੀ ਹੈ, ਉਮਰ 18 ਤੋਂ 30 ਸਾਲ ਤੱਕ ਹੋਵੇ, ਤੇ ਕੱਦ ਘੱਟੋ-ਘੱਟ 5 ਫੁੱਟ 4 ਇੰਚ ਹੋਵੇ। ਵਿਆਹੀਆਂ ਅਤੇ ਅਣ ਵਿਆਹੀਆਂ ਕੁੜੀਆਂ ਇਸ ਵਿਚ ਭਾਗ ਲੈ ਸਕਦੀਆਂ ਹਨ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਮੁਫ਼ਤ ਐਂਟਰੀ ਹੈ, ਕੋਈ ਸਿਖਲਾਈ ਦਾ ਖਰਚਾ ਨਹੀਂ ਹੈ। ਜਿਹੜੀ ਕੁੜੀ ਜਿੱਤੇਗੀ ਉਹ ਇਸੇ ਸਾਲ ਕੈਨੇਡਾ ਦੇ ਵਿਚ 'ਮਿਸ ਵਰਲਡ ਪੰਜਾਬਣ 2020' ਦੇ ਵਿਚ ਭਾਗ ਲੈਣ ਜਾਵੇਗੀ। ਸੋ ਇਸਦਾ ਮਤਲਬ ਹੈ 'ਹਿੰਗ ਨਾ ਫਟਕੜੀ ਰੰਗ ਚੌਖਾ' ਤੇ ਸੁਹੱਪਣ ਦੀ ਕਦਰ ਪੂਰੀ।