ਚੰਡੀਗੜ੍ਹ, 25 ਜਨਵਰੀ 2020 - ਸਿੱਖਸ ਫਾਰ ਜਸਟਿਸ 26 ਜਨਵਰੀ ਨੂੰ ਭਾਰਤੀ ਸੰਵਿਧਾਨ ਨੂੰ ਸਾੜਣ ਜਾ ਰਿਹਾ ਹੈ। ਜਿਸ ਦੇ ਸਬੰਧ 'ਚ ਸਿੱਖ ਫਾਰ ਜਸਟਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਵੱਧ ਤੋਂ ਵੱਧ ਗਿਣਤੀ 'ਚ ਸ਼ਾਮਿਲ ਹੋਣ। ਪਰ ਇਸ ਦੇ ਸਬੰਧ 'ਚ ਕੈਨੇਡਾ ਦੀ 'ਫਰੈਂਡਸ ਆਫ ਇੰਡੀਆ' ਨਾਮੀ ਸੰਸਥਾ ਨੇ ਵੀ ਲੋਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਸੰਵਿਧਾਨ ਨੂੰ ਸਾੜਨ ਵਾਲੇ ਅਜਿਹੇ ਪਰੋਗ੍ਰਾਮ 'ਚ ਸ਼ਾਮਿਲ ਨਾ ਹੋਣ। ਕਿਉਂਕਿ ਇਸ ਹਰਕਤ ਨਾਲ ਉਨ੍ਹਾਂ ਦੇ ਭਾਰਤ ਨਾਲ ਸਬੰਧਾਂ 'ਚ ਹੋਰ ਖਟਾਸ ਆਏਗੀ। ਜਿਸ ਦਾ ਨਤੀਜਾ ਉਨ੍ਹਾਂ ਨੂੰ ਮੁੜ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਹਰਕਤ ਨਾਲ ਭਾਰਤ ਕੋਲ ਸਿੱਖਾਂ ਦੇ ਨਾਵਾਂ ਨੂੰ ਬਲੈਕਲਿਸਟ ਕਰਨ ਦੇ ਹੋਰ ਕਾਰਨ ਜਮ੍ਹਾ ਹੋ ਜਾਣਗੇ।
'ਫਰੈਂਡਸ ਆਫ ਇੰਡੀਆ' ਨੇ ਬੇਨਤੀ ਕਰਦਿਆਂ ਲਿਖਿਆ ਕਿ " ਅਜਿਹੀਆਂ ਨਫ਼ਰਤ ਭਰੀਆਂ ਗਤੀਵਿਧੀਆਂ ਕਰਨ ਤੋਂ ਗੁਰੇਜ਼ ਕਰੀਏ ਅਤੇ ਅਜਿਹਾ ਕਰਨ ਦੀ ਬਜਾਇ ਕਿਸੇ ਵੀ ਮੁੱਦੇ ਨੂੰ ਸੁਲਝਾਉਣ ਲਈ ਭਾਰਤ ਨਾਲ ਵਧੀਆ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਰਤ ਦੇ ਕਾਨੂੰਨਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਦੋਸਤਾਨਾ ਢੰਗ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।"
ਉਨ੍ਹਾਂ ਅੱਗੇ ਕਿਹਾ ਕਿ, "ਇਹ ਸਮਾਂ ਹੋਰ ਸਮਝਦਾਰ ਬਣਨ ਅਤੇ ਆਪਣੇ ਮੁੱਦਿਆਂ ਨੂੰ ਜਾਇਜ਼ ਤਰੀਕਿਆਂ ਨਾਲ ਅੱਗੇ ਵਧਾਉਣ ਦਾ ਹੈ। ਇਕ ਵਾਰ ਫਿਰ, ਅਸੀਂ ਸੰਵਿਧਾਨ ਨੂੰ ਨਾ ਸਾੜਨ ਦੀ ਅਪੀਲ ਕਰਦੇ ਹਾਂ।"