ਕੈਨੇਡਾ: ਐਬਸਫੋਰਡ ਵਿਖੇ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਨੂੰ ਸਮਰਪਿਤ ਸਮਾਗਮ
ਹਰਦਮ ਮਾਨ
ਸਰੀ, 14 ਫਰਵਰੀ 2020- ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿਸਟਰਡ) ਐਬਸਫੋਰਡ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਲਾਇਬਰੇਰੀ ਹਾਲ ਵਿੱਚ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਅਤੇ ਪ੍ਰਸਿੱਧ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਨੂੰ ਸਮਰਪਿਤ ਯਾਦਗਾਰੀ ਸਮਾਗਮ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸ. ਕੰਵਲ ਅਤੇ ਡਾ. ਟਿਵਾਣਾ ਤੋਂ ਇਲਾਵਾ ਨਾਵਲਕਾਰ ਇੰਦਰ ਸਿੰਘ ਖਾਮੋਸ਼, ਸਾਹਿਤਕਾਰ ਸੁਰਜੀਤ ਹਾਂਸ ਅਤੇ ਟਰਾਂਟੋ ਤੋਂ ਕਲਮਾਂ ਦੇ ਕਾਫ਼ਲੇ ਸੰਸਥਾ ਨਾਲ ਸਬੰਧਤ ਲੇਖਿਕਾ ਬੀਬੀ ਬਰਜਿੰਦਰ ਕੌਰ ਦੇ ਵਿਛੋੜੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ 'ਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਤੇ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਲਈ ਉਪਰਾਲੇ ਕਰਨ ਦਾ ਵੀ ਅਹਿਦ ਲਿਆ ਗਿਆ।
ਸਭਾ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਮੌਜੂਦਾ ਸਮੇਂ ਭਾਰਤ ਅੰਦਰ ਫਾਸ਼ੀਵਾਦੀ ਮਾਹੌਲ 'ਚ ਸੀ ਏ ਏ ਅਤੇ ਐੱਨ ਆਰ ਸੀ ਵਰਗੇ ਲੋਕ ਵਿਰੋਧੀ ਕਾਨੂੰਨਾਂ ਅਤੇ ਬਿੱਲਾਂ ਦਾ ਡੱਟ ਕੇ ਵਿਰੋਧ ਕਰਨ ਵਾਲੇ ਸ਼ਾਹੀਨ ਬਾਗ ਦਿੱਲੀ ਵਿੱਚ ਇਕੱਤਰ ਅੰਦੋਲਨਕਾਰੀਆਂ ਦੀ ਹਮਾਇਤ ਕੀਤੀ ਜਾਵੇ। ਸਭਾ ਦੇ ਪ੍ਰਧਾਨ ਗੁਰਬਖਸ਼ ਸਿੰਘ ਢੱਟ ਨੇ ਸਾਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ ਮਿਲ ਕੇ ਇਨ੍ਹਾਂ ਸੰਘਰਸ਼ਾਂ ਲਈ ਸਮਰਥਨ ਦੇਣ ਦਾ ਫੈਸਲਾ ਦੁਹਰਾਇਆ। ਇਸ ਯਾਦਗਾਰੀ ਸਮਾਗਮ ਵਿੱਚ ਗ਼ਜ਼ਲਗੋ ਦਵਿੰਦਰ ਸਿੰਘ ਪੂਨੀਆ, ਸੁਰਜੀਤ ਸਿੰਘ ਸਹੋਤਾ, ਮਹਿਮਾ ਸਿੰਘ ਤੂਰ, ਬੀਬੀ ਗੁਰਬਚਨ ਕੌਰ ਢਿੱਲੋਂ, ਸੁਖਵੰਤ ਕੌਰ ਪੰਧੇਰ, ਮੁਲਖ ਰਾਜ ਬਜਾਜ ਪ੍ਰੇਮੀ, ਕੁਲਦੀਪ ਸਿੰਘ ਸੇਖੋਂ, ਕੈਪਟਨ ਮਾਨ, ਕੁਲਵੀਰ ਸਿੰਘ ਢੀਂਡਸਾ, ਰਤਨ ਲਾਲ ਰਤਨ ਅਤੇ ਹੋਰਨਾਂ ਸਾਹਿਤ ਪ੍ਰੇਮੀਆਂ ਨੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ 'ਤੇ ਜਸਵੰਤ ਸਿੰਘ ਕੰਵਲ ਯਾਦਗਾਰੀ ਸਾਹਿਤ ਗ੍ਰੰਥ ਪ੍ਰਕਾਸ਼ਿਤ ਕਰਨ ਲਈ ਵਿਦਵਾਨਾਂ ਦੇ ਵਿਚਾਰ ਇਕੱਤਰ ਕਰਨ ਦਾ ਫੈ਼ਸਲਾ ਕੀਤਾ ਗਿਆ। ਸਾਰਿਆਂ ਦਾ ਸਾਂਝਾ ਮੱਤ ਸੀ ਕਿ ਕੰਵਲ ਸਾਹਿਬ ਨੂੰ 'ਸ਼ਾਹ ਰਾਂਝਾ' ਬਣਾ ਕੇ ਉਨ੍ਹਾਂ ਦੀ ਸੋਚ ਨਾਲ ਖਿਲਵਾੜ ਕਰਨ ਦੀ ਥਾਂ, ਜਸਵੰਤ ਸਿੰਘ ਕੰਵਲ ਨੂੰ ਬਹੁਪੱਖੀ ਸਾਹਿਤਕਾਰ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹਮਦਰਦ ਕਰਕੇ ਹੀ ਜਾਣਿਆਂ ਜਾਣਾ ਚਾਹੀਦਾ ਹੈ।