ਲੋਕਾਂ ਲਈ ਕੀਤੇ ਕੰਮ ਕਦੇ ਨਹੀਂ ਹਰਦੇ ਹੁੰਦੇ-ਡਾ ਅਮਰਜੀਤ ਟਾਂਡਾ
ਸਿਡਨੀ, 14, ਫਰਵਰੀ 2020 -ਐੱਨ ਆਰ ਆਈ ਵਰਲਡ ਆਰਗੇਨਾਈਜੇਸ਼ਨ ਦੇ ਕਨਵੀਨਰ ਅਤੇ ਵਿਸ਼ਵ ਪੰਜਾਬੀ ਸਾਹਿਤ ਪੀਠ ਦੇ ਡਾਇਰੈਕਟਰ ਡਾ ਅਮਰਜੀਤ ਟਾਂਡਾ ਨੇ ਕਿਹਾ ਹੈ ਕਿ ਲੋਕਾਂ ਲਈ ਕੀਤੇ ਕੰਮ ਕਦੇ ਨਹੀਂ ਹਰਦੇ ਹੁੰਦੇ, ਚੰਗੇ ਕੰਮਾਂ ਨੂੰ ਸਦਾ ਹੀ ਜਿੱਤ ਮਿਲਦੀ ਰਹੀ ਹੈ ਤੇ ਮਿਲਦੀ ਰਹੇਗੀ।ਦਿੱਲੀ ਚ ਆਮ ਆਦਮੀ ਪਾਰਟੀ ਨੇ ਜਿੱਤਣਾ ਹੀ ਸੀ ਸੋ ਜਿੱਤ ਗਏ।
ਡਾ ਟਾਂਡਾ ਨੇ ਕਿਹਾ ਕਿ 'ਆਪ' ਦੀ ਸੁਨਾਮੀ ਨੇ ਭਾਜਪਾ ਦੀ 22 ਸਾਲਾਂ ਦੀ ਸੱਤਾ ਵਾਪਸੀ ਦੀ ਤਾਂਘ ਨੂੰ 5 ਸਾਲ ਲਈ ਅੱਗੇ ਪਾ ਦਿੱਤਾ, ਜਦਕਿ ਆਪਣੀਆਂ ਜੜ੍ਹਾਂ ਤਲਾਸ਼ ਰਹੀ ਕਾਂਗਰਸ ਮੁੜ ਆਪਣਾ ਖਾਤਾ ਖੋਲ੍ਹਣ 'ਚ ਨਾਕਾਮ ਹੀ ਰਹੀ ਤੇ ਉਸ ਦਾ ਵੋਟ ਸ਼ੇਅਰ ਵੀ ਘਟ ਕੇ 4 ਫ਼ੀਸਦੀ ਤੱਕ ਪਹੁੰਚ ਗਿਆ ਹੈ ਜੋ ਦਰਸਾ ਰਿਹਾ ਹੈ ਕਿ ਸਭ ਤੋਂ ਪੁਰਾਣੀ ਰਵਾਇਤੀ ਪਾਰਟੀ ਤੋਂ ਵੋਟਰ ਬੇਮੁਖ ਹੁੰਦੇ ਜਾ ਰਹੇ ਹਨ।
ਡਾ ਟਾਂਡਾ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਹ ਪਾਰਟੀ ਪੰਜਾਬ ਵਿਚ ਹਕੂਮਤ ਕਰਨ ਦੇ ਸੁਪਨੇ ਦੇਖਦੀ ਹੋਈ ਦੂਜੇ ਨੰਬਰ 'ਤੇ ਪਹੁੰਚ ਗਈ ਸੀ। ਪਰ ਹੁਣ ਪੰਜਾਬ ਚ ਇਹਨਾਂ ਦਾ ਇਕ ਸੁਪਨਾ ਹੀ ਰਹਿ ਜਾਵੇਗਾ ਕਿਉਂਕਿ ਪੰਜਾਬ ਦੀ ਸਥਿਤੀ ਦਿੱਲੀ ਨਾਲੋਂ ਬਿਲਕੁਲ ਵੱਖ ਹੈ ।
ਡਾ ਟਾਂਡਾ ਨੇ ਕਿਹਾ ਕੇ ਆਉਂਦੇ ਦਿਨਾਂ ਵਿਚ ਪੰਜਾਬ ਅੰਦਰ ਇਹ ਪਾਰਟੀ ਕਿਸ ਢੰਗ ਨਾਲ ਵਿਚਰਦੀ ਹੈ, ਉਸ ਨੂੰ ਵੀ ਵੱਡੀ ਦਿਲਚਸਪੀ ਨਾਲ ਵੇਖਿਆ ਜਾਏਗਾ ਕਿਉਂਕਿ ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਵੱਡਾ ਨਿਘਾਰ ਆਇਆ ਹੈ। ਇਸ ਸਥਿਤੀ ਵਿਚੋਂ ਨਿਕਲਣ ਲਈ ਇਮਾਨਦਾਰ ਤੇ ਕੰਮ ਕਰਨ ਵਾਲੇ ਨੇਤਾਵਾਂ ਨੂੰ ਅੱਗੇ ਆਉਣਾ ਪਵੇਗਾ ਅਤੇ ਲੋਕਾਂ ਵਿੱਚ ਮੁੜ ਉਤਸ਼ਾਹ ਅਤੇ ਵਿਸ਼ਵਾਸ ਪੈਦਾ ਕਰਨਾ ਪਵੇਗਾ।
ਡਾ ਟਾਂਡਾ ਨੇ ਕਿਹਾ ਕੇ ਇਹੋ ਜਿਹੀ ਸੋਚ ਪੂਰਤੀ ਵਾਲੇ ਬਹੁਤ ਥੋੜ੍ਹੇ ਹਨ, ਪਰ ਫਿਰ ਵੀ ਨਵਜੋਤ ਸਿੱਧੂ ਡਾ ਗਾਂਧੀ ਖਹਿਰਾ ਤੇ ਬੈਂਸ ਵਰਗੇ ਨੇਤਾਵਾਂ ਤੇ ਅਜੇ ਆਸ ਰੱਖੀ ਜਾ ਸਕਦੀ ਹੈ ।