ਹਰਦਮ ਮਾਨ
ਸਰੀ, 14 ਫਰਵਰੀ 2020 - ਬੀਤੇ ਸ਼ੁੱਕਰਵਾਰ (7 ਫਰਵਰੀ) ਨੂੰ ਲੈਂਗਲੀ ਵਿਚ ਇਕ ਰੈਸਟੋਰੈਂਟ ਦੇ ਬਾਹਰ ਪਾਰਕਿੰਗ ਸਥਾਨ ਤੇ ਹੋਈ ਗੋਲੀਬਾਰੀ ਘਟਨਾ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦੀ ਪਛਾਣ 42 ਸਾਲਾ ਰਵਿੰਦਰ ਸੰਧੂ ਵਜੋਂ ਹੋਈ ਹੈ। ਉਹ ਸਰੀ ਦਾ ਰਹਿਣ ਵਾਲਾ ਸੀ। ਆਈ ਹਿਟ ਦੇ ਸਾਰਜੈਂਟ ਫਰੈਂਕ ਜੈਂਗ ਨੇ ਦੱਸਿਆ ਹੈ ਕਿ 7 ਫਰਵਰੀ ਨੂੰ ਸ਼ਾਮ 9.30 ਵਜੇ ਰਵਿੰਦਰ ਸੰਧੂ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਪਰਕਿੰਗ ਲਾਟ ਵਿਚ ਆਪਣੀ ਕਾਰ ਵਿਚ ਬੈਠਾ ਸੀ ਅਤੇ ਕਾਰ ਦੀ ਪਿਛਲੀ ਸੀਟ ਉੱਪਰ ਉਸ ਦੇ ਛੋਟੇ ਬੱਚੇ ਵੀ ਬੈਠੇ ਸਨ।
ਸੰਧੂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਉਸ ਦੇ ਬੱਚਿਆਂ ਨੂੰ ਕੋਈ ਆਂਚ ਨਹੀਂ ਸੀ ਆਈ। ਸੰਧੂ ਅਤੇ ਉਸ ਦੇ ਬੱਚੇ ਰੈਸਟੋਰੈਂਟ ਵਿਚ ਇਕ ਪਰਿਵਾਰਕ ਪਾਰਟੀ ਵਿਚ ਸ਼ਾਮਲ ਹੋਣ ਲਈ ਆਏ ਸਨ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਰਵਿੰਦਰ ਸੰਧੂ ਨੂੰ ਪੁਲਿਸ ਜਾਣਦੀ ਸੀ ਅਤੇ ਉਸ ਨੂੰ ਗਿਣ ਮਿਥ ਕੇ ਨਿਸ਼ਾਨਾ ਬਣਾਇਆ ਗਿਆ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com