ਗੁਰਭਜਨ ਸਿੰਘ ਗਿੱਲ
ਲਾਹੌਰ, 15 ਫਰਵਰੀ 2020 - ਪਾਕਿਸਤਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਹਾਮਿਦ ਖ਼ਾਨ ਸਾਹਿਬ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਦੱਖਣੀ ਏਸ਼ੀਆ ਤੇ ਵਿਸ਼ਵ ਅਮਨ ਦਾ ਸਲਾਮਤੀ ਲਈ ਗੁਰੂ ਨਾਨਕ ਦੇਵ ਜੀ ਨੂੰ ਕੇਂਦਰ ਵਿੱਚ ਰੱਖ ਕੇ ਹਿੰਦ ਪਾਕਿ ਬੁੱਧੀਜੀਵੀਆਂ ਦਾ ਆਦਾਨ ਪ੍ਰਦਾਨ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਉਪਦੇਸ਼ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਬੜਾ ਮਹੱਤਵ ਪੂਰਨ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚ ਪਹਿਲੀ ਵਾਰ ਜਾਣ ਵੇਲੇ ਲੱਗਿਆ ਕਿ ਇੱਕੋ ਜਹੇ ਲੋਕ ਇੱਕੋ ਜ਼ਬਾਨ ਬੋਲ ਕੇ ਅਮਨ ਦੀ ਸਲਾਮਤੀ ਲੋੜਦੇ ਨੇ। ਹੋਸ਼ਿਆਰਪੁਰ ਜ਼ਿਲ੍ਹੇ ਦੇ ਜੰਮਪਲ ਹਾਮਿਦ ਖਾਨ ਸਾਹਿਬ ਨੇ ਕਿਹਾ ਕਿ ਮੈਂ ਹਬੀਬ ਜਾਲਿਬ ਦੇ ਹੀ ਪਿੰਡ ਚ ਪੈਦਾ ਹੋਇਆ ਹੋਣ ਕਰਕੇ ਵਿਸ਼ਵ ਅਮਨ ਦਾ ਪੈਗਾਮ ਲੈ ਕੇ ਹਰ ਥਾਂ ਹਰ ਵੇਲੇ ਜਾ ਰਿਹਾ ਹਾਂ।
ਉੱਘੇ ਮੀਡੀਆ ਕਰਮੀ ਡਾ: ਫਾਰੂਖ਼ ਸੁਹੇਲ ਗੋਇੰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਤੇ ਬੰਗਾਲੀਆਂ ਦਾ 1947 ਦੀ ਵੰਡ ਨੇ ਸਭ ਤੋਂ ਵੱਡਾ ਘਾਣ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵੀ ਜੰਗ ਦਾ ਮਾਹੌਲ ਉਹੀ ਉਸਾਰਦਾ ਹੈ ਜੋ ਕਦੇ ਉੱਜੜਿਆ ਨਹੀਂ। ਗੁਰੂ ਨਾਨਕ ਦੇਵ ਜੀ ਨੇ ਆਲਮੀ ਅਮਨ ਦੀ ਗੱਲ ਪੰਜ ਸਦੀਆਂ ਪਹਿਲਾਂ ਕਰਕੇ ਸਾਨੂੰ ਰਲ ਮਿਲ ਜੀਉਣਾ ਸਿਖਾਇਆ। ਉਨ੍ਹਾਂ ਕਿਹਾ ਕਿ ਲਾਹੌਰ ਬਸੰਤ ਮੇਲੇ ਤੇ ਮੇਰੀ ਪਤੰਗ ਬੋ ਹੋ ਜਾਵੇ ਤਾਂ ਉਹ ਵਾਘਿਉਂ ਪਾਰ ਡਿੱਗਣ ਤੇ ਫੜਨ ਨਹੀਂ ਜਾ ਸਕਦਾ, ਇਹ ਕਹਿਰ ਹੈ। ਡਾ: ਗੋਇੰਦੀ ਨੇ ਕਿਹਾ ਕਿ ਪੰਜਾਬੀਆਂ ਦੀ ਦੋਸਤੀ ਹੀ ਵਿਸ਼ਵ ਅਮਨ ਨੂੰ ਜਾਮਨੀ ਦੇ ਸਕਦੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸਾਂਝੀ ਲੋਕ ਵਿਰਾਸਤ ਤੋਂ ਵਿਛੋੜਿਆ ਜਾ ਰਿਹਾ ਹੈ। ਸਾਨੂੰ ਕਾਤਲਾਂ ਦੀ ਮਹਿਮਾ ਸਿਖਾਈ ਜਾ ਰਹੀ ਹੈ ਪਰ ਦੁੱਲਾ ਭੱਟੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਨਾਇਕਤਵ ਭੁਲਾਇਆ ਜਾ ਰਿਹਾ ਹੈ।
ਡਾ: ਅਬਦਾਲ ਬੇਲਾ ਨੇ ਕਿਹਾ ਹੈ ਕਿ ਦੇਸ਼ ਵੰਡ ਨੇ ਸਾਨੂੰ ਪੰਜਾਬੀਆਂ ਨੂੰ ਉਜਾੜਿਆ। ਮੇਰੇ ਦਾਦੇ ਦੀ ਕਬਰ ਅਜੇ ਵੀ ਮੀਉਂਵਾਲ (ਫਿਲੌਰ) ਨੇੜੇ ਹੈ ਜੋ ਪੁੱਤਰਾਂ ਨੂੰ ਉਡੀਕਦੀ ਹੈ।
ਪਾਕਿਸਤਾਨ ਦੇ ਪੰਜਾਬੀ ਨਾਵਲ ਬਾਰੇ ਬੋਲਦਿਆਂ ਡਾ : ਆਸਿਮ ਬੱਟ ਨੇ ਕਿਹਾ ਕਿ ਪਾਕਿਸਤਾਨ ਦੇ ਪੰਜਾਬੀ ਨਾਵਲ ਦਾ ਮੁੱਖ ਧੁਰਾ ਮੁਹੱਬਤ ਤੇ ਬਗਾਵਤ ਹੈ। ਉਨ੍ਹਾਂ ਅਫ਼ਜ਼ਲ ਅਹਿਸਨ ਰੰਧਾਵਾ ਦੇ ਨਾਵਲ ਦੋਆਬਾ , ਅਹਿਮਦ ਸਲੀਮ ਦੇ ਤਿਤਲੀਆਂ ਤੇ ਟੈਂਕ, ਫ਼ਖ਼ਰ ਜ਼ਮਾਂ ਦੇ ਨਾਵਲ ਬੰਦੀਵਾਨ ਦੇ ਹਵਾਲੇ ਨਾਲ ਸਮੁੱਚੇ ਨਾਵਲ ਜਗਤ ਬਾਰੇ ਜਾਣਕਾਰੀ ਦਿੱਤੀ।
ਡਾ: ਖਾਲਿਦ ਜਾਵੇਦ ਜਾਨ ਨੇ ਆਪਣੀ ਬਹੁਚਰਚਿਤ ਨਜ਼ਮ ਮੈਂ ਬਾਗੀ ਹੂੰ ਸੁਣਾ ਕੇ ਹਿੰਦ ਪਾਕਿ ਤੋਂ ਇਲਾਵਾ ਤੀਸਰੇ ਜਗਤ ਦੀ ਸਮੱਸਿਆ ਤੋਂ ਜਾਣੂੰ ਕਰਵਾਇਆ।
ਇੰਗਲੈਂਡ ਵੱਸਦੇ ਲੋਕ ਹੱਕ ਰਖਵਾਲੇ ਜਨਾਬ ਮੁਸ਼ਤਾਕ ਲਾਸ਼ਾਰੀ ਸਾਹਿਬ ਨੇ ਵਲਾਇਤ ਵਿੱਚ ਪੰਜਾਬੀਆਂ ਦੇ ਜਨ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਪਾਕਿ ਦੀ ਜ਼ਮੀਨ ਤੇ ਸ਼ਹਿਰੀ ਕਾਲੋਨੀਆਂ ਬਣਨਾ ਵਾਤਾਵਰਣ ਲਈ ਸਾਂਝਾ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਵਲਾਇਤ ਵਿੱਚ ਪੰਜਾਬੀਆਂ ਨੂੰ ਧਰਮ ਨਿਖੇੜ ਰਿਹਾ ਹੈ ਪਰ ਭੰਗੜਾ , ਸਾਹਿੱਤ ਤੇ ਸੰਗੀਤ ਜੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਸਦੀਆਂ ਤੋਂ ਜਿੱਤ ਰਿਹਾ ਹੈ ਪਰ ਸਾਂਝੀ ਮੁਹੱਬਤ ਦਾ ਨਾਇਕ ਦਾਰਾ ਸ਼ਿਕੋਹ ਹਾਰ ਰਿਹਾ ਹੈ। ਅਸਾਂ ਹੁਣ ਹਿੰਮਤ ਕਰਕੇ ਰਲ ਕੇ ਦਾਰ ਸ਼ਿਕੋਹ ਤੇ ਦੁੱਲਾ ਭੱਟੀ ਜਗਾਉਣਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਪ੍ਰੋਫੈਸਰ ਤੇ ਪੰਜਾਬੀ ਫਿਲਮ ਅਦਾਕਾਰਾ ਡਾ: ਸੁਨੀਤਾ ਧੀਰ ਨੇ ਬੋਲਦਿਆਂ ਕਿਹਾ ਕਿ ਨੋਰਾ ਰਿਚਰਡਜ਼ ਨੇ ਲਾਹੌਰ ਤੋਂ ਹੀ ਪੰਜਾਬੀ ਥੀਏਟਰ ਦਾ ਮੁੱਢ ਬੰਨ੍ਹਿਆ। ਪ੍ਰਥਮ ਪੰਜਾਬੀ ਨਾਟਕਕਾਰ ਪ੍ਰੋ: ਆਈ ਸੀ ਨੰਦਾ ਇਸੇ ਸ਼ਹਿਰ ਦੇ ਗੌਰਮਿੰਟ ਕਾਲਿਜ ਚ ਨੋਰਾ ਰਿਚਰਡਜ਼ ਦੇ ਪਤੀ ਦਾ ਵਿਦਿਆਰਥੀ ਸੀ। ਉਨ੍ਹਾਂ ਕਿਹਾ ਕਿ ਡਾ: ਹਰਚਰਨ ਸਿੰਘ ਦੀ ਪਤਨੀ ਧਰਮ ਕੌਰ ਤੇ ਉਮਾ ਗੁਰਬਖ਼ਸ਼ ਸਿੰਘ ਪਹਿਲੀਆਂ ਅਦਾਕਾਰਾ ਹਨ, ਜਿੰਨ੍ਹਾਂ ਨੇ ਔਰਤਾਂ ਲਈ ਰੰਗਮੰਚ ਤੇ ਫ਼ਿਲਮਾਂ ਦਾ ਰਾਹ ਖੋਲ੍ਹਿਆ।
ਐੱਸ ਡੀ ਕਾਲਿਜ ਬਰਨਾਲਾ ਦੀ ਪ੍ਰੋਫੈਸਰ ਡਾ: ਤਰਸਪਾਲ ਕੌਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਫ਼ਲਸਫ਼ਾ ਜਿੱਥੇ ਆਦਿ ਗਰੰਥ ਦੀ ਸ਼ੋਭਾ ਬਣਿਆ ਉਥੇ ਬਾਬਾ ਫ਼ਰੀਦ ਜੀ ਦੀ ਰਚਨਾ ਨੇ ਵੀ ਸਮੁੱਚੀ ਲੋਕਾਈ ਦੇ ਭਲੇ ਲਈ ਆਪਣਾ ਧਰਮ ਨਿਭਾਇਆ ਹੈ।
ਜੰਮੂੰ ਤੋਂ ਆਏ ਲੇਖਕ ਤੇ ਸੀਅਰ ਬਿਉਰੋਕਰੇਟ ਜਨਾਬ ਖਾਲਿਦ ਹੁਸੈਨ ਨੇ ਕਿਹਾ ਕਿ ਦੇਸ਼ ਵੰਡ ਨੇ ਸਾਡੀ ਰਹਿਤਲ ਦਾ ਸਭ ਸੋਂ ਵੱਡਾ ਨੁਕਸਾਨ ਕੀਤਾ ਹੈ। ਸਾਡੇ ਰਿਸ਼ਤਿਆਂ ਚ ਹੋਰ ਕਸ਼ੀਦਗੀ ਵਧਾਉਣ ਚ ਧਾਰਮਿਕ ਤੰਗਨਜ਼ਰੀ ਸਭ ਤੋਂ ਵੱਧ ਹਿੱਸਾ ਪਾ ਰਹੇ ਹਨ। ਸਾਨੂੰ ਦੋਹਾਂ ਮੁਲਕਾਂ ਚ ਨਫ਼ਰਤ ਦੇ ਤੰਦੂਰ ਬੁਝਾਉਣੇ ਪੈਣਗੇ। ਗੁਰਮੁਖੀ ਤੇ ਸ਼ਾਹਮੁਖੀ ਲਿਪੀ ਦੀ ਪੜ੍ਹਾਈ ਸਿਖਲਾਈ ਦੋਹਾਂ ਦੇਸ਼ਾਂ ਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ
ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਲਾ ਦਾ ਧਰਮ ਹੱਦਾਂ ਸਰਹੱਦਾਂ ਤੋਂ ਪਾਰ ਜਾਣਾ ਹੈ, ਗੁਲਾਮੀ ਕਰਨਾ ਨਹੀਂ। ਉਨ੍ਹਾਂ ਕਿਹਾ ਕਿ ਰਾਵੀ ਦੇ ਆਰ ਪਾਰ ਲਿਖੀ ਜਾ ਰਹੀ ਪੰਜਾਬੀ ਕਵਿਤਾ ਸਮਕਾਲੀ ਸੰਕੀਰਨਤਾ ਦੀ ਗੁਲਾਮ ਨਹੀਂ। ਉਨ੍ਹਾਂ ਕਿਹੀ ਕਿ ਕਵੀ ਨੇ ਕਾਇਨਾਤ ਦੇ ਗੁੱਝੇ ਰਹੱਸ ਨੂੰ ਫੜਨਾ ਹੁੰਦਾ ਹੈ।
ਕੈਨੇਡਾ ਤੋਂ ਆਏ ਲੇਖਕ ਤੇ ਮੀਡੀਆ ਕਰਮੀ ਇਕਬਾਲ ਮਾਹਲ ਨੇ ਕਿਹਾ ਕਿ ਕੈਨੇਡਾ ਚ ਪੰਜਾਬੀ ਸੰਚਾਰ ਮਾਧਿਅਮ ਦੇਸ਼ ਬਦੇਸ਼ ਵਿਚਕਾਰ ਰਿਸ਼ਤਿਆਂ ਦੇ ਪੁਲ ਉਸਾਰਨ ਵਿੱਚ ਸਹਾਈ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਚ ਭਾਰਤ ਪਾਕਿਸਤਾਨ ਦੇ ਪਰਵਾਸੀਆਂ ਦੀ ਗਿਣਤੀ ਬਹੁਤ ਵਧ ਗਈ ਹੈ, ਜਿਸਨੂੰ ਸਭਿਆਚਾਰ ਤੇ ਹੋਰ ਪੱਖਾਂ ਤੋਂ ਸੁਚੇਤ ਕਰਨ ਦੀ ਜ਼ੁੰਮੇਵਾਰੀ ਨਿਭਾ ਰਿਹਾ ਹੈ।
ਡਾ: ਜੁਬੈਰ ਅਹਿਮਦ ਨੇ ਪੰਜਾਬੀ ਬੀਰ ਪਰੰਪਰਾ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਕੋਲ ਸੂਰਮਗਤੀ ਦੀ ਅਮੀਰ ਰਵਾਇਤ ਹੈ ਜਿਸਨੇ ਧਰਤੀ ਦੀ ਲਾਜ ਰੱਖੀ। ਸੂਰਮਿਆਂ ਚੋਂ ਦੁੱਲਾ ਭੱਟੀ, ਅਹਿਮਦ ਖਾਨ ਖ਼ਰਲ ਤੇ ਸ਼ਹੀਦ ਭਗਤ ਸਿੰਘ ਸਾਡੇ ਨਾਇਕ ਨੇ,
ਇਨ੍ਹਾਂ ਦੀ ਰੌਸ਼ਨੀ ਚ ਹੀ ਅੱਗੇ ਤੁਰਿਆ ਜਾ ਸਕੇਗਾ। ਸਿਕੰਦਰ ਦੀ ਥਾਂ ਪੋਰਸ ਸਾਡਾ ਰਾਠ ਹੈ, ਸੂਰਮਾ ਹੈ,ਇਸ ਦੀ ਅਜ਼ਮਤ ਪਛਾਨਣਾ ਵੀ ਧਰਤੀ ਧਰਮ ਹੈ। ਸਾਡੀ ਅਸਲ ਤਾਰੀਖ਼ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ।
ਡਾ: ਸਵੈਰਾਜ ਸਿੰਘ ਸੰਧੂ ਨੇ ਗੁਰੂ ਨਾਨਕ ਦੇਵ ਜੀ ਦੇ ਮੁਹਾਂਦਰੇ ਨੂੰ ਜਨਮ ਸਾਖੀਆਂ ਦੇ ਹਵਾਲੇ ਨਾਲ ਪੇਸ਼ ਕੀਤਾ। ਸਾਖੀਆਂ ਦੀ ਪੰਜਾਬੀਆਂ ਦੀ ਅਮੀਰ ਪਰੰਪਰਾ ਹੈ ਜਿਸ ਰਾਹੀਂ ਸਾਡੇ ਨਾਇਕ ਪ੍ਰਗਟ ਹੁੰਦੇ ਹਨ। ਹਰ ਧਰਮ ਦੀਆਂ ਸਾਖੀਆਂ ਵਿੱਚ ਕਰਾਮਾਤੀ ਅੰਸ਼ਾਂ ਦੀ ਭਰਪੂਰਤਾ ਹੈ, ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਚਾਰ ਸਾਖੀਆਂ ਵਿੱਚ ਵੀ ਕਰਾਮਾਤਾਂ ਦੀ ਬਹੁਤਾਤ ਹੈ।ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਫ਼ਖ਼ਰ ਜ਼ਮਾਂ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਚ ਪੇਸ਼ ਖੋਜ ਪੱਤਰ ਤੇ ਹੋਈਆਂ ਵਿਚਾਰਾਂ ਵਿਸ਼ਵ ਅਮਨ ਸਲਾਮਤੀ ਲਈ ਆਧਾਰ ਭੂਮੀ ਬਣਨਗੀਆਂ।
ਇਸ ਮੌਕੇ ਉਨ੍ਹਾਂ ਪਾਕਿਸਤਾਨ ਦੇ ਬੁਲੰਦ ਪੰਜਾਬੀ ਸ਼ਾਇਰ ਬਾਬਾ ਨਜਮੀ ਦੀ ਸਮੁੱਚੀ ਕਵਿਤਾ ਮੈਂ ਇਕਬਾਲ ਪੰਜਾਬੀ ਦਾ ਨੂੰ ਜਨਾਬ ਫ਼ਖ਼ਰ ਜ਼ਮਾਂ , ਦੀਪਕ ਮਨਮੋਹਨ ਸਿੰਘ, ਇਕਬਾਲ ਮਾਹਲ,ਪ੍ਰੋ: ਗੁਰਭਜਨ ਗਿੱਲ, ਸਹਿਜਪ੍ਰੀਤ ਸਿੰਘ ਮਾਂਗਟ, ਗੁਰਤੇਜ ਕੋਹਾਰਵਾਲਾ , ਸੱਯਦ ਖ਼ਾਲਿਦ ਮੁਫ਼ਤੀ ਤੇ ਕੁਝ ਹੋਰ ਲੇਖਕਾਂ ਨੇ ਲੋਕ ਅਰਪਨ ਕੀਤੀ।
ਉੱਘੇ ਲੋਕ ਗਾਇਕ ਪੰਮੀ ਬਾਈ(ਪਰਮਜੀਤ ਸਿੱਧੂ) ਤੇ ਪਾਕਿਸਤਾਨੀ ਗਾਇਕ ਅਕਰਮ ਰਾਹੀ ਨੇ ਜ਼ਹੂਰ ਹੁਸੈਨ ਜ਼ਹੂਰ ਦਾ ਗੀਤ
ਮੈਂ ਪੰਜਾਬ ਦਾ ਪੁੱਤਰ ਹਾਂ, ਪੰਜਾਬੀ ਮੇਰੀ ਬੋਲੀ ਏ ਗਾ ਕੇ ਮਾਹੌਲ ਨੂੰ ਸਿਖ਼ਰ ਕੇ ਪਹੁੰਚਾਇਆ। ਲੋਕ ਰੰਗ ਦੇ ਗੀਤਾਂ ਦੀ ਛਹਿਬਰ ਲੰਮਾ ਸਮਾਂ ਚੱਲੀ। ਕਾਨਫਰੰਸ ਦੇ ਮੁੱਖ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਕੱਲ੍ਹ ਕਾਨਫਰੰਸ ਦੇ ਅਖੀਰਲੇ ਦਿਨ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਸ਼ਾਹਮੁਖੀ ਅੱਖਰਾਂ ਚ ਲਾਹੌਰ ਆਧਾਰਿਤ ਸੰਸਥਾ ਸਾਂਝ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ਰਾਵੀ ਅਤੇ ਮਨਜਿੰਦਰ ਧਨੋਆ ਦਾ ਗ਼ਜ਼ਲ ਸੰਗ੍ਰਹਿ ਸੁਰਮ ਸਲਾਈ ਲੋਕ ਅਰਪਨ ਕੀਤਾ ਜਾਵੇਗਾ। ਕੱਲ੍ਹ ਹੀ ਇੰਡੋ- ਪਾਕਿ ਕਵੀ ਦਰਬਾਰ ਹੋਵੇਗਾ ਜਿਸ ਚ ਤੀਹ ਤੋਂ ਵੱਧ ਕਵੀ ਆਪਣਾ ਕਲਾਮ ਪੇਸ਼ ਕਰਨਗੇ।