ਗੁਰਭਜਨ ਸਿੰਘ ਗਿੱਲ
- ਵਿਸ਼ਵ ਪੰਜਾਬੀ ਕਾਨਫਰੰਸ, 14-16 ਫਰਵਰੀ ਲਾਹੌਰ ਐਲਾਨ ਨਾਮਾ
ਲਾਹੌਰ, 16 ਫਰਵਰੀ 2020 - ਲਾਹੌਰ ਦੇ ਪਾਕ ਹੈਰੀਟੇਜ ਹੋਟਲ ਚ ਸੰਪੂਰਨ ਹੋਈ 30ਵੀਂ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਫ਼ਖ਼ਰ ਜ਼ਮਾਂ ,ਡਾ: ਦੀਪਕ ਮਨਮੋਹਨ ਸਿੰਘ ਤੇ ਮੁਸ਼ਤਾਕ ਲਾਛਾਰੀ ਇੰਗਲੈਂਡ ਵੱਲੋਂ ਪੇਸ਼ ਤੇ ਸਰਬਸੰਮਤੀ ਨਾਲ ਪਾਸ ਕੀਤੇ ਸੱਤ ਮਤਿਆਂ ਚ ਮੰਗ ਕੀਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਭਰਪੂਰ ਸਵਾਗਤ ਹੈ ਪਰਗੁਰੂ ਨਾਨਕ ਦੇਵ ਜੀ ਦੀ ਜ਼ਬਾਨ ਦੇ ਵਿਕਾਸ ਲਈ ਵੀ ਪ੍ਰਾਇਮਰੀ ਪੱਧਰ ਤੋਂ ਉਚੇਰੀ ਸਿੱਖਿਆ ਤੀਕ ਸਰਕਾਰਾਂ ਪ੍ਰਬੰਧ ਕਰਨ। ਲਾਹੌਰ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇ, ਯੂਨੀਵਰਸਿਟੀਆਂ ਤੇ ਕਾਲਦਾਂ ਦਾ ਸਿਲੇਬਸ ਸੋਧ ਕੇ ਨਵੀਂ ਸੋਚ ਦੇ ਹਾਣ ਦਾ ਬਣਾਇਆ ਜਾਵੇ।
ਦੋਹਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਵਿਦਵਾਨਾਂ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬੀ ਭਾਸ਼ਾ ਦੇ ਸ਼ੁੱਧ ਸਰੂਪ ਕਰਨ ਦੇ ਬਹਾਨੇ ਨਵੇਂ ਸ਼ਬਦਾਂ ਲਈ ਬੂਹਾ ਬੰਦ ਨਾ ਕੀਤਾ ਜਾਵੇ।
ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਬਾਰੇ ਵਿਸ਼ਵ ਪੰਜਾਬੀ ਕਾਂਗਰਸ ਦੀ ਪੁਰਾਣੀ ਮੰਗ ਪੂਰੀ ਹੋਈ ਹੈ ਪਰ ਦੋਹਾਂ ਦੇਸ਼ਾਂ ਵਿਚਕਾਰ ਵੀਜ਼ਾ ਸਹੂਲਤਾਂ ਆਸਾਨ ਕੀਤੀਆਂ ਜਾਣ। ਹਿੰਦ ਪਾਕਿ ਬੱਸ ਤੇ ਰੇਲ ਸੇਵਾ ਬਹਾਲ ਕਰਕੇ ਵਿਸ਼ਵਾਸ ਲਹਿਰ ਚਲਾਈ ਜਾਵੇ। ਦੋਹਾਂ ਦੇਸ਼ਾਂ ਦੇ ਗੁੰਝਲਦਾਰ ਮਸਲੇ ਗੱਲਬਾਤ ਰਾਹੀਂ ਜਲਦੀ ਹੱਲ ਕੀਤੇ ਜਾਣ ਤਾਂ ਜੋ ਮਨੁੱਖ ਦੇ ਸਰਬ ਕਲਿਆਣਕਾਰੀ ਮਾਹੌਲ ਦੀ ਉਸਾਰੀ ਕੀਤੀ ਜਾ ਸਕੇ।
ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਚ ਐੱਮ ਏ ਕਰਨ ਵਾਲੇ ਵਿਦਿਆਰਥੀਆਂ ਲਈ ਗੁਰਮੁਖੀ ਪਰਚਾ ਲਾਜ਼ਮੀ ਕੀਤਾ ਜਾਵੇ ਤੇ ਇੰਜ ਹੀ ਭਾਰਤੀ ਯੂਨੀਵਰਸਿਟੀਆਂ ਵੀ ਸ਼ਾਹਮੁਖੀ ਲਿਪੀ ਜ਼ਰੂਰੀ ਕੀਤੀ ਜਾਵੇ।
ਭਾਰਤ ਪਾਕਿ ਲਿਖਾਰੀਆਂ ਕਲਾਕਾਰਾਂ ਤੇ ਗਾਇਕਾਂ ਦਾ ਸਭਿਆਚਾਰਕ ਆਦਾਨ ਪ੍ਰਦਾਨ ਵਧਾਇਆ ਜਾਵੇ। ਸੀਨੀਅਰ ਸਿਟੀਜ਼ਨਜ਼ ਨੂੰ ਸਰਹੱਦ ਤੇ ਪੁੱਜਣ ਸਾਰ ਵੀਜ਼ਾ ਦੇਣ ਦਾ ਪ੍ਰਸ਼ਾਸਕੀ ਪ੍ਰਬੰਧ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਪਾਕਿਸਤਾਨ ਚ ਬੋਲੀਆਂ ਜਾਂਦੀਆਂ ਸਭ ਜ਼ਬਾਨਾਂ ਨੂੰ ਕੌਮੀ ਜ਼ਬਾਨਾਂ ਐਲਾਨਿਆ ਜਾਵੇ।
ਸਵੇਰ ਦੇ ਵਿਚਾਰ ਚਰਚਾ ਸੈਸ਼ਨ ਵਿੱਚ ਸੁਸ਼ੀਲ ਦੋਸਾਂਝ ਨੇ ਪੰਜਾਬੀ ਸਾਹਿੱਤਕ ਪੱਤਰਕਾਰੀ, ਬਲਜੀਤ ਬੱਲੀ ਮੈਨੇਜਿੰਗ ਐਡੀਟਰ ਬਾਬੂ ਸ਼ਾਹੀ ਡਾਟ ਕਾਮ ਨੇ ਮੀਡੀਆ ਨੂੰ ਦਰਪੇਸ਼ ਸਮੱਸਿਆਵਾਂ, ਰਵੇਲ ਸਿੰਘ ਭਿੰਡਰ ਨੇ ਪੰਜਾਬੀ ਸੱਭਿਆਚਾਰਕ ਸ਼ਕਤੀ ਤੇ ਲੋਕ ਸਾਹਿੱਤ , ਪੰਜਾਬੀ ਕਵਿਤਾ ਵਿੱਚ ਮੁਹੱਬਤੀ ਸੰਘਰਸ਼ ਬਾਰੇ ਕੈਨੇਡਾ ਤੋਂ ਆਏ ਲੇਖਕ ਸੁਖਿੰਦਰ ਨੇ ਖੋਜ ਪੱਤਰ ਪੇਸ਼ ਕੀਤੇ। ਇੰਗਲੈਂਡ ਤੋਂ ਆਏ ਵਿਦਵਾਨ ਮੁਸ਼ਤਾਕ ਲਾਛਾਰੀ ਜੀ ਨੇ ਦੇਸ ਪਰਦੇਸ ਵਿੱਚ ਨਾਬਰ ਸ਼ਕਤੀ ਬਾਰੇ ਨਿਸ਼ਾਨਦੇਹੀ ਕੀਤੀ। ਅਹਿਮਦ ਸਲੀਮ ਜੀ ਦੀ ਬੇਟੀ ਤੇ ਪੰਜਾਬ ਯੂਨੀਵਰਸਿਟੀ ਚ ਅਸਿਸਟੈਂਟ ਪ੍ਰੋਫੈਸਰ ਨੇ ਵੀ ਵਿਚਾਰ ਉਤੇਜਕ ਖੋਜ ਪੱਤਰ ਪੜ੍ਹਿਆ। ਸੈਸ਼ਨ ਦੀ ਪ੍ਰਧਾਨਗੀ ਪ੍ਰੋ: ਗੁਰਭਜਨ ਗਿੱਲ, ਡਾ: ਅਬਦਾਲ ਬੇਲਾ ਤੇ ਡਾ: ਦੀਪਕ ਮਨਮੋਹਨ ਸਿੰਘ ਨੇ ਕੀਤੀ।
ਇਸ ਤੋਂ ਬਾਦ ਦੇਸ਼ ਬਦੇਸ਼ ਦੇ ਡੈਲੀਗੇਟਸ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸਹਿਜਪ੍ਰੀਤ ਸਿੰਘ ਮਾਂਗਟ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ ਸਹਿਜ ਮਤੀਆਂ ਨੂੰ ਲੋਕ ਅਰਪਨ ਕੀਤਾ ਗਿਆ।
ਇੰਡੋ ਪਾਕਿ ਕਵੀ ਦਰਬਾਰ ਵਿੱਚ ਸਤੀਸ਼ ਗੁਲ੍ਹਾਟੀ, ਬਾਬਾ ਨਜਮੀ, ਡਾ: ਸੁਗਰਾ ਸਦਫ਼, ਨਜ਼ੀਰ ਸਦਰ, ਬੁਸ਼ਰਾ ਐਜ਼ਾਜ਼, ਸਾਬਰ ਅਲੀ ਸਾਬਰ, ਤਨਵੀਰ ਅੱਬਾਸ ਮਿਰਜ਼ਾ, ਗੁਰਭਜਨ ਗਿੱਲ, ਸਾਨੀਆ ਸ਼ੇਖ਼, ਡਾ: ਸੁਲਤਾਨਾ ਬੇਗਮ, ਸਹਿਜਪ੍ਰੀਤ ਸਿੰਘ ਮਾਂਗਟ, ਆਬਿਦ ਸ਼ਾਹ ਗੀਲਾਨੀ, ਡਾ: ਤਰਸਪਾਲ ਕੌਰ ਬਰਨਾਲਾ, ਸੁਖਿੰਦਰ ਕੈਨੇਡਾ,ਅਲਮਾਸ ਸ਼ਬੀ ਅਮਰੀਕਾ, ਬੀਬਾ ਬਲਵੰਤ, ਦਰਸ਼ਨ ਬੁੱਟਰ, ਡਾ: ਰਤਨ ਸਿੰਘ ਢਿੱਲੋਂ , ਇਮਰਾਨਾ ਮੁਸ਼ਤਾਕ, ਸੋਫੀਆ ਬੇਦਾਰ, ਇਕਬਾਲ ਕੈਸਰ ਨੇ ਹਿੱਸਾ ਲਿਆ।
31ਵੀਂ ਵਿਸ਼ਵ ਪੰਜਾਬੀ ਕਾਨੰਫਰੰਸ ਅਗਲੇ ਸਾਲ ਕਰਵਾਉਣ ਲਈ ਮੁਸ਼ਤਾਕ ਲਾਛਾਰੀ ਇੰਗਲੈਂਡ, ਗਿਆਨ ਸਿੰਘ ਕੰਗ ਚੇਅਰਮੈਨ ਵਿਸ਼ਵ ਪੰਜਾਬੀ ਕਾਨਫਰੰਸ ਟੋਰੰਟੋ, ਦੇ ਡਾ: ਦੀਪਕ ਮਨਮੋਹਨ ਸਿੰਘ ਨੇ ਭਾਰਤ ਵੱਲੋਂ ਪੇਸ਼ਕਸ਼ ਕੀਤੀ।
ਬਾਬਾ ਨਾਨਕ ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ ਦਾ ਤੀਜਾ ਦਿਨ ਤਸਵੀਰਾਂ ਦੀ ਜ਼ੁਬਾਨੀ...