ਹਰਦਮ ਮਾਨ
ਸਰੀ, 25 ਫਰਵਰੀ 2020 - ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਸਾਹਿਤ ਦੇ ਮਹਾਨ ਸਾਹਿਤਕਾਰ ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਅਤੇ ਮਰਹੂਮ ਸ਼ਾਇਰ ਗੁਰਚਰਨ ਰਾਮਪੁਰੀ ਦੀ ਯਾਦ ਵਿਚ ਪੰਜਾਬ ਭਵਨ ਸਰੀ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਅਤੇ ਇਨ੍ਹਾਂ ਸਾਹਿਤਕਾਰਾਂ ਦੀਆਂ ਤਸਵੀਰਾਂ ਪੰਜਾਬ ਭਵਨ ਦੀ “ਹਾਲ ਆਫ ਫੇਮ” ਦੀਵਾਰ ਤੇ ਸਜਾਈਆਂ ਗਈਆਂ।
ਸਮਾਗਮ ਦਾ ਆਗਾਜ਼ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਡਾ. ਪ੍ਰਿਥੀਪਾਲ ਸੋਹੀ ਨੇ ਕਿਹਾ ਜਸਵੰਤ ਸਿੰਘ ਕੰਵਲ ਨੇ ਰਸੂਲ ਹਮਜ਼ਾਤੋਵ ਵਾਂਗ ਪੰਜਾਬ ਦੇ ਸੱਭਿਆਚਾਰ, ਰੀਤੀ ਰਿਵਾਜਾਂ, ਲੋਕ ਗੀਤਾਂ, ਸੱਭਿਅਤਾ ਅਤੇ ਧਰਾਤਲ ਨੁੰ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ। ਗੁਰਬਾਜ਼ ਸਿੰਘ ਬਰਾੜ ਨੇ ਤਿੰਨਾਂ ਸਾਹਿਤਕਾਰਾਂ ਸਾਰੇ ਸੰਖੇਪ ਵਿਚ ਚਰਚਾ ਕੀਤੀ। ਜਰਨੈਲ ਸਿੰਘ ਸੇਖਾ ਨੇ ਜਸਵੰਤ ਸਿੰਘ ਕੰਵਲ ਦੀ ਦੂਰ ਦ੍ਰਿਸ਼ਟੀ ਦੀ ਗੱਲ ਕੀਤੀ। ਪ੍ਰਿੰਸੀਪਲ ਕਸ਼ਮੀਰਾ ਸਿੰਘ ਨੇ ਸ. ਕੰਵਲ ਬਾਰੇ ਅਤੇ ਸਾਧੂ ਸਿੰਘ ਬਿਨਿੰਗ ਨੇ ਗੁਰਚਰਨ ਰਾਮਪੁਰੀ ਦੀ ਸ਼ਖਸੀਅਤ ਬਾਰੇ ਚਾਨਣਾਂ ਪਾਇਆ। ਜਰਨੈਲ ਸਿੰਘ ਆਰਟਿਸਟ ਨੇ ਵੀ ਇਨ੍ਹਾਂ ਮਹਾਨ ਸਾਹਿਤਕਾਰਾਂ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।
ਹਰਿੰਦਰ ਕੌਰ ਸੋਹੀ ਨੇ ਜਸਵੰਤ ਸਿੰਘ ਕੰਵਲ ਅਤੇ ਡਾ. ਟਿਵਾਣਾ ਦਾ ਵਰਨਣ ਬਹੁਤ ਹੀ ਖੂਬਸੂਰਤ ਸ਼ਬਦਾਂ ਰਾਹੀਂ ਕੀਤਾ। ਡਾ. ਰਘਬੀਰ ਸਿੰਘ ਸਿਰਜਣਾ ਨੇ ਇਨ੍ਹਾਂ ਸਾਹਿਤਕਾਰਾਂ ਨਾਲ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ। ਗੁਰਚਰਨ ਰਾਮਪੁਰੀ ਦੇ ਬੇਟੇ ਰਵਿੰਦਰ ਰਾਮਪੁਰੀ ਨੇ ਆਪਣੇ ਪਿਤਾ ਦੀ ਲਿਖਣ ਪ੍ਰਕਿਰਿਆ ਬਾਰੇ ਦੱਸਿਆ। ਕਵਿੰਦਰ ਚਾਂਦ ਨੇ ਇਨ੍ਹਾਂ ਸਾਹਿਤਕਾਰਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਨ੍ਹਾਂ ਦੀਆਂ ਰਚਨਾਵਾਂ ਹਮੇਸ਼ਾਂ ਪੰਜਾਬੀ ਪਾਠਕਾਂ ਦੀ ਰਾਹਨੁਮਾਈ ਕਰਦੀਆਂ ਰਹਿਣਗੀਆਂ।
ਇਸ ਮੌਕੇ ਮਰਹੂਮ ਗੁਰਚਰਨ ਰਾਮਪੁਰੀ ਦੇ ਪਰਿਵਾਰ ਨੂੰ ਪੰਜਾਬ ਭਵਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਤਿੰਨਾਂ ਸਾਹਿਤਕਾਰਾਂ ਦੀਆਂ ਤਸਵੀਰਾਂ ਤਾੜੀਆਂ ਦੀ ਗੂੰਜ ਵਿਚ ਦੀਵਾਰ ਤੇ ਸੁਸ਼ੋਭਿਤ ਕੀਤੀਆਂ ਗਈਆਂ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਸਾਧੂ ਸਿੰਘ, ਜੇ. ਮਿਨਹਾਸ, ਹਰਚੰਦ ਸਿੰਘ ਬਾਗੜੀ, ਮੋਹਨ ਗਿੱਲ, ਬਲਵੰਤ ਸੰਘੇੜਾ, ਸੁਰਜੀਤ ਮਾਧੋਪੁਰੀ, ਅੰਗਰੇਜ਼ ਬਰਾੜ, ਬਿੰਦੂ ਮਠਾੜੂ, ਬਲਵੀਰ ਢਿੱਲੋਂ, ਦਵਿੰਦਰ ਕੌਰ ਜੌਹਲ, ਰਾਜਿੰਦਰ ਸਿੰਘ ਪੰਧੇਰ ਅਤੇ ਹਰਦਮ ਸਿੰਘ ਮਾਨ ਸ਼ਾਮਲ ਸਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com