ਹਰਦਮ ਮਾਨ
ਸਰੀ, 28 ਫਰਵਰੀ 2020 - ਸਰੀ ਦੇ ਪੱਤਰਕਾਰ ਭਾਈਚਾਰੇ ਨੇ ਬੀਤੇ ਦਿਨੀ ਯੂ.ਬੀ.ਸੀ. ਵਿਖੇ ਭਾਰਤ ਸਰਕਾਰ ਦੇ ਨਾਗਰਿਕਤਾ ਸੋਧ ਬਿਲ ਖਿਲਾਫ਼ ਹੋਏ ਸਮਾਗਮ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਸਮੱਰਥਕਾਂ ਵੱਲੋਂ ਸਰੀ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਨੂੰ ਧਮਕੀਆਂ ਦੇਣ ਅਤੇ ਦੁਰਵਿਹਾਰ ਕਰਨ ਦੀ ਨਿਖੇਧੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਯੂ.ਬੀ.ਸੀ. ਵੈਨਕੂਵਰ ਵਿਖੇ ਭਾਰਤ ਸਰਕਾਰ ਦੇ ਨਾਗਰਿਕਤਾ ਸੋਧ ਬਿਲ ਦੇ ਵਿਰੋਧ ਵਿਚ ਇੱਕ ਸਮਾਗਮ ਕਰਵਾਇਆ ਗਿਆ ਸੀ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਇਸ ਸਮਾਗਮ ‘ਚ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ ਸਨ। ਸਮਾਗਮ ਦੀ ਸਮਾਪਤੀ ਉਪਰੰਤ ਸੀ.ਏ.ਏ. ਦੇ ਕੁਝ ਸਮੱਰਥਕਾਂ ਨੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਨਾਲ ਦੁਰਵਿਹਾਰ ਕੀਤਾ ਅਤੇ ਗਾਲ੍ਹਾਂ ਕੱਢੀਆਂ। ਗੁਰਪ੍ਰੀਤ ਸਿੰਘ ਵੱਲੋਂ ਅਤੇ ਯੂ.ਬੀ.ਸੀ. ਦੇ ਅਧਿਕਾਰੀਆਂ ਵੱਲੋਂ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਯੂ.ਬੀ.ਸੀ. ਦੇ ਪੰਜਾਬੀ ਵਿਭਾਗ ਦੀ ਚੇਅਰ ਪਰਸਨ ਐਨ. ਮਰਫੀ ਨੇ ਇਸ ਨੂੰ ਬੇਹੱਦ ਮੰਦਭਾਗਾ ਦਸਦਿਆਂ ਕਿਹਾ ਹੈ ਕਿ ਕੈਨੈਡਾ ਵਿਚ ਹਰ ਕਿਸੇ ਨੂੰ ਬੋਲਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਪੂਰਨ ਆਜ਼ਾਦੀ ਹੈ।
ਸਰੀ ਦੇ ਪੱਤਰਕਾਰਾਂ ਨੇ ਗੁਰਪ੍ਰੀਤ ਸਿੰਘ ਨਾਲ ਬਦਤਮੀਜ਼ੀ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com