ਚੰਡਾਗੜ੍ਹ,8 ਜਨਵਰੀ 2021:
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਆਨਰੇਰੀ ਐਨਆਰਆਈ ਕੋਆਰਡੀਨੇਟਰ ਆਸਟ੍ਰੇਲੀਆ, ਕਰਨ ਰੰਧਾਵਾ ਅਤੇ ਯੂ. ਕੇ. ਦੇ ਆਨਰੇਰੀ ਕੋਆਰਡੀਨੇਟਰ ਮਨਜੀਤ ਸਿੰਘ ਨਿੱਝਰ ਨੂੰ ਸ਼ਾਮਲ ਕਰਦੇ ਹੋਏ ‘ਪੰਜਾਬ ਹਾਈ ਪਾਵਰਡ ਇਨਵੈਸਮੈਂਟ ਕਮੇਟੀ’ ਦਾ ਗਠਨ ਕੀਤਾ ਗਿਆ ਹੈ। ਇਹ ਫੈਸਲਾ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਲਿਆ ਗਿਆ।
ਜਾਰੀ ਨੋਟੀਫਿਕੇਸ਼ਨ ਅਨੁਸਾਰ ਸ਼੍ਰੀ ਕਿਰਪਾ ਸ਼ੰਕਰ ਸਰੋਜ ਆਈ.ਏ. ਐਸ. ਪ੍ਰਵਾਸੀ ਭਾਰਤ ਮਾਮਲੇ ਵਿਭਾਗ, ਚੇਅਰਮੈਨ, ਸ਼੍ਰੀਰਜਤ ਅੱਗਰਵਾਲ ਆਈ. ਏ. ਐਸ., ਸੀ. ਈ. ਓ. ਇਨਵੈਸਟ ਪੰਜਾਬ ਵਾਈਸ ਚੇਅਰਮੈਨ, ਡੀ. ਪੀ. ਐਸ. ਖਰਬੰਦਾ ਆਈ. ਏ. ਐਸ. ਸਪੈਸ਼ਲ ਸੈਕਟਰੀ ਐਨ. ਆਰ. ਆਈ. ਮੈਂਬਰ ਸੈਕਟਰੀ ਹੋਣਗੇ। ਇਨ੍ਹਾਂ ਤੋਂ ਇਲਾਵਾ ਦੀਪਇੰਦਰ ਸਿੰਘ ਢਿੱਲੋਂ ਜੁਆਇੰਟ ਡਾਇਰੈਕਟਰ ਆਈ. ਟੀ. ਇਨਵੈਸਟ ਪੰਜਾਬ, ਮੀਨਾ ਢੇਸੀ ਸੰਘੇੜਾ ਆਨਰੇਰੀ ਕੋਆਰਡੀਨੇਟਰ ਯੂ. ਐਸ. ਏ. ਅਤੇ ਸ਼੍ਰੀ ਹਰਨੀਕ ਸਿੰਘ ਯੂ. ਏ. ਈ. ਨੂੰ ਮੈਂਬਰ ਲਿਆ ਗਿਆ ਹੈ।
ਮਨਜੀਤ ਨਿੱਜਰ , ਯੂ ਕੇ
ਕਰਨ ਰੰਧਾਵਾ , ਆਸਟ੍ਰੇਲੀਆ
ਕਰਨ ਰੰਧਾਵਾ ਅਤੇ ਮਨਜੀਤ ਨਿੱਜਰ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿਰਦੇਸ਼ਾਂ ਅਨੁਸਾਰ ਇਸ ਕਮੇਟੀ ਦਾ ਗਠਨ ਪੰਜਾਬ ਦੇ ਵਿਕਾਸ ਵਿੱਚ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਦੇ ਆਸ਼ੇ ਨਾਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੋਵਿਡ-19 ਕਾਰਣ ਪੰਜਾਬ ਰਾਜ ਦੀ ਚਿੰਤਾਜਨਕ ਆਰਥਿਕ ਹਾਲਤ ਨੂੰ ਮੁੜ ਲੀਹ ’ਤੇ ਲਿਆਉਣ ਲਈ ਇਹ ਕਮੇਟੀ ਉਚੇਚੇ ਯਤਨ ਕਰੇਗੀ। ਵਿਦੇਸ਼ਾਂ ਵਿੱਚ ਵਸਦੇ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਯੋਜਨਾਬੱਧ ਢੰਗ ਨਾਲ
ਉਤਸ਼ਾਹਿਤ ਕਰਨ ਲਈ ਅਤੇ ਐਨ. ਆਰ. ਆਈ. ਵਿਭਾਗ ਪੰਜਾਬ ਅਤੇ ਹੋਰ ਵਿਭਾਗਾਂ ਵਿਚਕਾਰ ਇਕ ਵਧੀਆ ਤਾਲਮੇਲ ਬਿਠਾਉਣਾ ਇਸ ਕਮੇਟੀ ਦਾ ਮੁੱਖ ਕਾਰਜ ਹੋਵੇਗਾ।