ਗਮਾਡਾ ਦੀਆਂ ਬੇਲੋੜੀਆਂ ਪਾਲਸੀਆਂ ਕਾਰਨ ਪ੍ਰਾਪਰਟੀ ਕਾਰੋਬਾਰ ਤਬਾਹ ਹੋਣ ਕੰਢੇ : ਸ਼ਲਿੰਦਰ ਆਨੰਦ
- ਤਹਿਸੀਲ ਵਿਚ ਹੜਤਾਲ ਕਾਰਨ ਲੋਕ ਹੋ ਰਹੇ ਹਨ ਬਹੁਤ ਪਰੇਸ਼ਾਨ
ਮੋਹਾਲੀ, 1 ਜੂਨ 2021 - ਮੋਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਕਿਹਾ ਹੈ ਕਿ ਗਮਾਡਾ ਦੀਆਂ ਨਵੀਆਂ ਪਾਲਿਸੀਆਂ ਕਰਕੇ ਪ੍ਰਾਪਰਟੀ ਡੀਲਰਾਂ ਦਾ ਕੰਮਕਾਰ ਤਬਾਹ ਹੋਣ ਕੰਢੇ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਇਸ ਮਹਾਂਮਾਰੀ ਵਿੱਚ ਵੈਸੇ ਹੀ ਪ੍ਰਾਪਰਟੀ ਦਾ ਕੰਮ ਬਹੁਤ ਘਟਿਆ ਹੋਇਆ ਹੈ ਅਤੇ ਇਨ੍ਹਾਂ ਹਾਲਾਤਾਂ ਵਿਚ ਗਮਾਡਾ ਵਲੋਂ ਰੋਜ਼ ਖਡ਼੍ਹੀਆਂ ਕਰ ਦਿੱਤੀਆਂ ਜਾ ਰਹੀਆਂ ਨਵੀਆਂ ਪ੍ਰੇਸ਼ਾਨੀਆਂ ਨਾਲ ਪ੍ਰਾਪਰਟੀ ਕੰਸਲਟੈਂਟਸ ਬਹੁਤ ਤੰਗ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਪ੍ਰਾਪਰਟੀ ਦੇ ਸੰਬੰਧ ਵਿਚ ਲਿਆਂਦਾ ਗਿਆ ਨਵਾਂ ਸਾਫਟਵੇਅਰ, (ਜਿਸ ਦੇ ਤਹਿਤ ਆਨਲਾਈਨ ਕੰਮ ਹੀ ਹੋ ਸਕਦਾ ਹੈ) ਜਿਸ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਹਨ ਅਤੇ ਸਟਾਫ਼ ਵੀ ਇਸ ਸਾਫਟਵੇਅਰ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੈ, ਨਾਲ ਪ੍ਰਾਪਰਟੀ ਦੇ ਕੰਮਕਾਰ ਨੂੰ ਭਾਰੀ ਢਾਅ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਆਨਲਾਈਨ ਕਾਗਜ਼ ਜਮ੍ਹਾਂ ਹੁੰਦੇ ਹਨ ਪਰ ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਕਾਗਜ਼ ਜਮ੍ਹਾਂ ਹੀ ਨਹੀਂ ਹੁੰਦੇ।
ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਕਿਹਾ ਕਿ ਮੋਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਇਸ ਸ਼ਹਿਰ ਨੂੰ ਵਸਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਹੁਣ ਜਦੋਂ ਕੋਰੋਨਾ ਦਾ ਮਹਾਂਮਾਰੀ ਦਾ ਕਾਲ ਚੱਲ ਰਿਹਾ ਹੈ ਤਾਂ ਇਸ ਦੌਰਾਨ ਗਮਾਡਾ ਵੱਲੋਂ ਬਿਨਾਂ ਕਿਸੇ ਲੋੜ ਦੇ ਪ੍ਰਾਪਰਟੀ ਕੰਸਲਟੈਂਟਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਾਪਰਟੀ ਦੀ ਖਰੀਦ ਫਰੋਖਤ ਕਰਨ ਵਾਲੇ ਅਤੇ ਪ੍ਰਾਪਰਟੀ ਕੰਸਲਟੈਂਟਾਂ ਵਿਚਾਲੇ ਰਿਸ਼ਤੇ ਵੀ ਖ਼ਰਾਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਵੱਡੀ ਗਿਣਤੀ ਵਿਚ ਪ੍ਰਾਪਰਟੀ ਪੰਜ ਕੰਸਲਟੈਂਟਾਂ ਨੂੰ ਆਪਣਾ ਕਾਰੋਬਾਰ ਵੀ ਛੱਡਣਾ ਪੈ ਸਕਦਾ ਹੈ ਜਿਸ ਨਾਲ ਉਨ੍ਹਾਂ ਕੋਲ ਰੋਜ਼ਗਾਰ ਤੇ ਲੱਗੇ ਬੰਦਿਆਂ ਦੇ ਕੰਮ ਵੀ ਖੁਸਣਗੇ ਅਤੇ ਉਹ ਬੇਰੁਜ਼ਗਾਰ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਤਹਿਸੀਲ ਦਫ਼ਤਰ ਵਿੱਚ ਵੀ ਹੜਤਾਲ ਹੋਣ ਦੇ ਕਾਰਨ ਪ੍ਰਾਪਰਟੀ ਨਾਲ ਜੁੜੇ ਸਾਰੇ ਕੰਮ ਹੀ ਰੁਕੇ ਪਏ ਹਨ ਜਿਸ ਨਾਲ ਭਾਰੀ ਸਮੱਸਿਆ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਆਨਲਾਈਨ ਅਪਆਇੰਟਮੈਂਟ ਲੈ ਕੇ ਦੂਰੋਂ ਨੇਡ਼ਿਓਂ ਇੱਥੇ ਆਉਂਦੇ ਹਨ ਪਰ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਖਾਲੀ ਹੱਥ ਮੁੜਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਦੇ ਦੌਰਾਨ ਬਦਲਵੇਂ ਪ੍ਰਬੰਧ ਕਰਨਾ ਪ੍ਰਸ਼ਾਸਨ ਦਾ ਕੰਮ ਹੈ ਜਿਸ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਸ਼ਹਿਰਾਂ ਅਤੇ ਹੋਰਨਾਂ ਸੂਬਿਆਂ ਤੋਂ ਆਏ ਲੋਕ ਵੀ ਬਹੁਤ ਪ੍ਰੇਸ਼ਾਨ ਹੋ ਰਹੇ ਹਨ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਹਾਂ ਸਮੱਸਿਆਵਾਂ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਤਾਂ ਜੋ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਲੱਗੇ ਲੋਕ ਅਤੇ ਪ੍ਰਾਪਰਟੀ ਦੀ ਵੇਚ ਖਰੀਦ ਕਰਨ ਵਾਲੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ।