ਕਾਰਪੋਰੇਟਾਂ ਨੂੰ ਟੱਕਰ ਦੇਣ ਲਈ ਕਿਸਾਨ ਹੋਏ ਆਪ ਮੁਹਾਰੇ, ਬਣਾਉਣਗੇ ਫੈਕਟਰੀਆਂ, ਪੰਜ ਹਜ਼ਾਰ ਕਿਸਾਨ ਹੱਟ ਖੋਲ੍ਹਣ ਦਾ ਟੀਚਾ
ਸੰਜੀਵ ਸੂਦ
ਲੁਧਿਆਣਾ, 5 ਜੂਨ 2021 - ਇਕ ਪਾਸੇ ਜਿੱਥੇ ਦਿੱਲੀ ਦੇ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਅੰਦੋਲਨ ਲੰਮੇ ਸਮੇਂ ਤੋਂ ਚਲਾਇਆ ਜਾ ਰਿਹਾ ਹੈ, ਉਥੇ ਹੀ ਕਾਰਪੋਰੇਟ ਘਰਾਣਿਆਂ ਨੂੰ ਟੱਕਰ ਦੇਣ ਲਈ ਹੁਣ ਕਿਸਾਨਾਂ ਨੇ ਆਪਣੀਆਂ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਅਤੇ ਹੁਣ ਕਿਸਾਨ ਬਿਜ਼ਨੈੱਸਮੈਨ ਬਣਨਗੇ। ਇਸ ਦੀ ਸ਼ੁਰੂਆਤ ਲੁਧਿਆਣਾ ਦੇ ਆਲਮਗੀਰ ਤੋਂ ਹੋਈ ਜਿੱਥੇ ਕਿਸਾਨ ਹੱਟ ਦੀ ਸ਼ੁਰੂਆਤ ਕੀਤੀ ਗਈ ਹੈ। ਇੱਥੇ ਹਰ ਪ੍ਰੋਡਕਟ ਕਿਸਾਨ 13-13 ਬਰੈਂਡ ਦਾ ਹੈ ਕਿਸਾਨਾਂ ਨੇ ਆਪਣਾ ਹੀ ਬਰੈਂਡ ਈਜਾਦ ਕਰ ਲਿਆ ਹੈ। ਉਹ ਵੀ ਭਾਰਤ ਸਰਕਾਰ ਦੁਆਰਾ ਪ੍ਰਮਾਣਿਤ।
ਇਸ ਸ਼ੋਅਰੂਮ ਦੀ ਖਾਸ ਗੱਲ ਇਹ ਹੈ ਕਿ ਸਾਰਾ ਸਾਮਾਨ ਬਾਜ਼ਾਰ ਨਾਲੋਂ ਸਸਤਾ ਅਤੇ ਆਰਗੈਨਿਕ ਢੰਗ ਨਾਲ ਮਿਲਦਾ ਹੈ ਅਤੇ ਇਸ ਦੇ ਚਰਚੇ ਹੁਣ ਦੂਰ ਦੂਰ ਤੱਕ ਹੋਣ ਲੱਗੇ ਨੇ। ਵੱਖ ਵੱਖ ਜ਼ਿਲ੍ਹਿਆਂ ਤੋਂ ਵੀ ਲੋਕ ਇੱਥੇ ਸਾਮਾਨ ਖ਼ਰੀਦ ਰਹੇ ਨੇ ਅਤੇ ਕਿਸਾਨਾਂ ਦਾ ਟੀਚਾ ਹੈ ਕਿ ਪੂਰੇ ਪੰਜਾਬ ਭਰ ਵਿੱਚ ਪੰਜ ਹਜ਼ਾਰ ਅਜਿਹੇ ਕਿਸਾਨ ਹੱਟ ਬਣਾਏ ਜਾਣ। ਜਿਸ ਤੋਂ ਬਾਅਦ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।
ਕਿਸਾਨ ਹੱਟ ਦੇ ਮੁੱਖ ਪ੍ਰਬੰਧਕਾਂ ਨੇ ਇਥੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਕਾਰਪੋਰੇਟ ਘਰਾਣਿਆਂ ਨੂੰ ਮਾਤ ਦੇਣਾ ਹੈ ਕਿਉਂਕਿ ਧਰਨੇ ਲਾ ਕੇ ਮਸਲੇ ਦਾ ਹੱਲ ਨਹੀਂ ਹੋਵੇਗਾ। ਜੇਕਰ ਕਾਰਪੋਰੇਟਾਂ ਨੂੰ ਮਾਤ ਪਾਉਂਦੀ ਹੈ ਤਾਂ ਉਨ੍ਹਾਂ ਦੇ ਤਰੀਕੇ ਨਾਲ ਉਨ੍ਹਾਂ ਨੂੰ ਹਰਾਉਣਾ ਪਵੇਗਾ। ਇਸ ਕਰਕੇ ਕਿਸਾਨਾਂ ਨੇ ਆਪਣੇ ਹੀ ਪ੍ਰੋਡਕਟ ਦੇ ਬ੍ਰੈਂਡ ਬਣਾ ਲਏ ਨੇ ਅਤੇ ਉਨ੍ਹਾਂ ਕਿਹਾ ਕਿ ਹਰ ਘਰੇਲੂ ਵਰਤੋਂ ਦਾ ਸਾਮਾਨ ਉਨ੍ਹਾਂ ਕੋਲ ਉਪਲੱਬਧ ਹੈ ਅਤੇ ਉਹ ਵੀ ਬਾਜ਼ਾਰ ਨਾਲੋਂ ਸਸਤੀਆਂ ਕੀਮਤਾਂ ਤੇ ਉਨ੍ਹਾਂ ਕਿਹਾ ਕਿ ਵੱਧ ਚੜ੍ਹ ਕੇ ਲੋਕ ਇਸ ਦੀ ਖਰੀਦਦਾਰੀ ਕਰ ਰਹੇ ਨੇ ਅਤੇ ਲੋਕਾਂ ਨੂੰ ਇਹ ਕਾਫੀ ਪਸੰਦ ਵੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਡੰਪ ਬਣਾਏ ਗਏ ਨੇ ਵੱਖ ਵੱਖ ਥਾਵਾਂ ਤੇ ਜਿੱਥੇ ਮਾਲ ਸਪਲਾਈ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕ ਆਮ ਕਿਸਾਨ ਪਿੰਡਾਂ ਤੋਂ ਬਹੁਤ ਹੀ ਘੱਟ ਖਰਚੇ ਤੇ ਇਸਦੀ ਸ਼ੁਰੂਆਤ ਕਰ ਸਕਦੇ ਹਨ। ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲੇਗਾ।