ਖਪਤਕਾਰਾਂ ਨੂੰ ਬਿਜਲੀ ਦੇਣ ’ਚ ਫੇਲ੍ਹ ਰਹੀ ਪੰਜਾਬ ਸਰਕਾਰ - ਮਨਦੀਪ ਕੌਰ
ਅਸ਼ੋਕ ਵਰਮਾ
ਬਠਿੰਡਾ, 15 ਜੁਲਾਈ 2021 - ਆਮ ਆਦਮੀ ਪਾਰਟੀ ਦੀ ਲੀਡਰ ਮਨਦੀਪ ਕੌਰ ਰਾਮਗੜ੍ਹੀਆ ਨੇ ਆਖਿਆ ਹੈ ਕਿ ਸਰਪਲੱਸ ਬਿਜਲੀ ਦੇ ਦਅਵਿਆਂ ਦੌਰਾਨ ਪੰਜਾਬ ਸਰਕਾਰ ਖਪਤਕਾਰਾਂ ਨੂੰ ਢੁੱਕਵੀਂ ਮਾਤਰਾ ’ਚ ਬਿਜਲੀ ਮੁਹੱਈਆ ਕਰਵਾਉਣ ’ਚ ਫੇਲ੍ਹ ਰਹੀ ਹੈ। ਉਨ੍ਹਾਂ ਆਖਿਆ ਕਿ ਬਿਜਲੀ ਕੱਟਾਂ ਤੋਂ ਹਰ ਵਰਗ ਪ੍ਰੇਸ਼ਾਨ ਹੈ, ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ,ਉਦਯੋਗ ਬੰਦ ਕਰ ਦਿੱਤੇ ਹਨ ਅਤੇ ਘਰੇਲੂ ਖੇਤਰ ’ਚ ਵੀ ਲੰਮੇਂ ਲੰਮੇ ਕੱਟਾਂ ਦਾ ਸਾਹਮਣਾ ਹੈ। ਅੱਜ ਏਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਮਨਦੀਪ ਕੌਰ ਨੇ ਕਿਹਾ ਕਿ ਘਰਾਂ ਵਿਚ ਵੀ ਲੰਮੇ ਲੰਮੇ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤਿਆਂ ਕਰਕੇ ਖਪਤਕਾਰਾਂ ਨੂੰ ਰਗੜਾ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਹਿੰਗੇ ਭਾਅ ਤੇ ਬਿਜਲੀ ਖਰੀਦਣੀ ਪੈ ਰਹੀ ਹੈ ਜਿਸ ਦਾ ਬੋਝ ਆਮ ਆਦਮੀ ਹੀ ਸਹਿਣ ਕਰ ਰਹੇ ਹਨ।। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਮਨਪ੍ਰੀਤ ਬਾਦਲ ਨੇ ਸਰਕਾਰ ਆਉਣ ਤੇ ਸਮਝੌਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ ਪਰ ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਸਥਿਤੀ ਜਿਓਂ ਦੀ ਤਿਓਂ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੰਪਨੀਆਂ ਵੱਲੋਂ ਕਾਂਗਰਸ ਨੂੰ ਸਾਢੇ 16 ਕਰੋੜ ਫੰਡ ਦੇਣ ਦੇ ਤੱਥ ਵੀ ਸਾਹਮਣੇ ਆਏ ਹਨ। ਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਚ ਬਿਜਲੀ ਸਕੰਟ ਬਣਿਆ ਹੋਇਆ ਹੈ ਪਰ ਪ੍ਰਾਈਵੇਟ ਥਰਮਲਾਂ ਨੇ ਯੂਨਿਟ ਖਰਾਬ ਹੋਣ ਦਾ ਬਹਾਨਾ ਬਣਾ ਕੇ ਥਰਮਲਾਂ ਬੰਦ ਕਰ ਰੱਖੇ ਹਨ ਜਿਸ ਕਾਰਨ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ।
ਆਪ ਲੀਡਰ ਮਨਦੀਪ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਬਿਜਲੀ ਮੁਆਫ ਕਰਨ ਦੇ ਐਲਾਨ ਤੋਂ ਬਾਅਦ ਸਾਰੀਆਂ ਪਾਰਟੀਆਂ ਬੁਖਲਾਹਟ ਵਿੱਚ ਹਨ ਜਿਸ ਕਾਰਨ ਇਸ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਇੰਨ੍ਹਾਂ ਸਿਆਸੀ ਧਿਰਾਂ ਨੂੰ ਦਿੱਲੀ ਮਾਡਲ ਦੀ ਚਿੰਤਾ ਹੈ ਜਿਸ ਦਾ ਕੌਮੀ ਰਾਜਧਾਨੀ ਦੇ ਲੋਕ ਫਾਇਦਾ ਉਠਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਅਕਾਲੀ ਦਲ ,ਬੀਜੇਪੀ ਅਤੇ ਕਾਂਗਰਸ ਨੂੰ ਅਜਮਾ ਕੇ ਦੇਖ ਲਿਆ ਹੈ ਪਰ ਕਿਸੇ ਨੇ ਲੋਕਾਂ ਦੀ ਗੱਲ ਨਹੀਂ ਕੀਤੀ। ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ।