ਨਵੇਂ ਸਾਲ ਤੋਂ ਸਖ਼ਤ ਹੋਣ ਜਾ ਰਹੇ ਹਨ ਜੀਐੱਸਟੀ ਦੇ ਨਿਯਮ, ਵਪਾਰੀ ਨਹੀਂ ਕਰ ਸਕਣਗੇ ਇਹ ਕੰਮ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ 27 ਦਸੰਬਰ 2021- ਨਵਾਂ ਸਾਲ 1 ਜਨਵਰੀ 2022 ਤੋਂ ਜੀਐੱਸਟੀ ਦੇ ਨਿਯਮ ਹੋਰ ਸਖਤ ਹੋਣ ਜਾ ਰਹੇ ਹਨ। ਇਸ ਨਿਯਮ ਦੇ ਮੁਤਾਬਕ ਸਿਰਫ਼ ਮਾਲ ਦੀ ਸਪਲਾਈ ਦੱਸ ਕੇ ਟੈਕਸ ਕ੍ਰੈਡਿਟ ਨਹੀਂ ਮਿਲੇਗਾ। ਵੇਚਣ ਵਾਲੇ ਜਾਂ ਮਾਲ ਪ੍ਰਾਪਤ ਕਰਨ ਵਾਲੇ ਦੇ ਮਾਸਿਕ ਰਿਟਰਨ ਭਰਨਾ ਜ਼ਰੂਰੀ ਹੋਵੇਗਾ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਰਿਫੰਡ ਪ੍ਰਕਿਰਿਆ ਨੂੰ ਰੋਕ ਦਿੱਤਾ ਜਾਵੇਗਾ।
ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਜੀਐਸਟੀ ਰਿਫੰਡ ਤੋਂ ਲੈ ਕੇ ਪੈਨਲਟੀ, ਟੈਕਸ ਜਮ੍ਹਾ ਕਰਨ ਨਾਲ ਜੁੜੇ ਕਈ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਇਹ ਨਵੇਂ ਨਿਯਮ 1 ਜਨਵਰੀ ਤੋਂ ਲਾਗੂ ਹੋਣਗੇ। ਜੀਐੱਸਟੀ ਮਾਹਿਰਾਂ ਮੁਤਾਬਕ ਵਪਾਰੀ ਹੁਣ ਸਿਰਫ਼ ਮਾਲ ਦੀ ਸਪਲਾਈ ਦਿਖਾ ਕੇ ਟੈਕਸ ਕ੍ਰੈਡਿਟ ਨਹੀਂ ਲੈ ਸਕਣਗੇ। ਕ੍ਰੈਡਿਟ ਉਨ੍ਹਾਂ ਦੇ GST ਖਾਤੇ GSTR-2B ਵਿੱਚ ਉਦੋਂ ਹੀ ਆਵੇਗਾ ਜਦੋਂ ਵਿਕਰੇਤਾ ਜਾਂ ਮਾਲ ਪ੍ਰਾਪਤ ਕਰਨ ਵਾਲਾ ਮਹੀਨਾਵਾਰ ਰਿਟਰਨ ਭਰ ਕੇ ਇਹ ਜਾਣਕਾਰੀ ਦੇਵੇਗਾ।
ਜਿਨ੍ਹਾਂ ਵਪਾਰੀਆਂ ਨੇ ਆਪਣਾ GST ਨੰਬਰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਉਨ੍ਹਾਂ ਵੱਲੋਂ ਕਲੇਮ ਕੀਤੇ ਗਏ ਰਿਫੰਡ ਨੂੰ ਰੋਕ ਦਿੱਤਾ ਜਾਵੇਗਾ। ਜੇਕਰ ਕਿਸੇ ਕਾਰੋਬਾਰੀ ਦੀ ਰਜਿਸਟ੍ਰੇਸ਼ਨ ਕਿਸੇ ਕਾਰਨ ਰੱਦ ਹੋ ਜਾਂਦੀ ਹੈ, ਤਾਂ ਅਜਿਹੀ ਸਥਿਤੀ ਵਿੱਚ ਉਹ ਰਜਿਸਟ੍ਰੇਸ਼ਨ ਬਹਾਲ ਕਰਨ ਲਈ ਅਰਜ਼ੀ ਨਹੀਂ ਦੇ ਸਕੇਗਾ। ਇਸਦੇ ਲਈ ਉਸਨੂੰ ਆਪਣਾ GST ਨੰਬਰ ਆਧਾਰ ਨਾਲ ਲਿੰਕ ਕਰਨਾ ਹੋਵੇਗਾ।
ਹੁਣ ਵਪਾਰ ਵਿੱਚ ਨੰਬਰ ਦੋ ਦਾ ਕੰਮ ਬੀਤੇ ਜਮਾਨੇ ਦੀ ਗੱਲ ਹੋ ਜਾਵੇਗੀ। ਹੁਣ ਕਾਰੋਬਾਰ ਵਿੱਚ ਕੋਈ ਧਾਂਦਲੀ ਅਤੇ ਹੇਰਾਫੇਰੀ ਨਹੀਂ ਹੋਵੇਗੀ। ਮਾਮੂਲੀ ਜਿਹੀ ਗਲਤੀ 'ਤੇ ਮਾਮਲਾ ਤੁਰੰਤ GST ਦੇ ਘੇਰੇ 'ਚ ਆ ਜਾਵੇਗਾ ਅਤੇ ਇਸ 'ਤੇ ਜਾਂ ਤਾਂ ਸਿੱਧੇ ਤੌਰ 'ਤੇ ਭਾਰੀ GST ਦਾ ਜ਼ੁਰਮਾਨਾ ਲੱਗੇਗਾ ਜਾਂ ਫਿਰ ਜੇਲ ਵੀ ਭੁਗਤਣੀ ਪੈ ਸਕਦੀ ਹੈ। ਜੀਐਸਟੀ ਮਾਹਿਰਾਂ ਨੇ ਦੱਸਿਆ ਕਿ ਜੀਐਸਟੀ ਨੇ 1 ਜਨਵਰੀ 2022 ਤੋਂ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਕਾਰੋਬਾਰ ਇਨ੍ਹਾਂ ਨਵੇਂ ਨਿਯਮਾਂ ਅਨੁਸਾਰ ਅਤੇ ਉਨ੍ਹਾਂ ਦੀਆਂ ਸ਼ਰਤਾਂ 'ਤੇ ਹੀ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਹੁਣ ਸੰਭਵ ਨਹੀਂ ਹੋਵੇਗੀ।