ਫੋਕਲ ਪੁਆਇੰਟ ਦੀਆਂ ਸਮੱਸਿਆਵਾਂ ਨੂੰ ਲੈਕੇ ਉਦਯੋਗਪਤੀਆਂ ਵਲੋਂ ਐਸ.ਡੀ.ਐਮ. ਕੋਟਕਪੂਰਾ ਨਾਲ ਬੈਠਕ
ਦੀਪਕ ਗਰਗ
ਕੋਟਕਪੂਰਾ 12 ਅਗਸਤ 2022 - ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰ ਸੁਖਜਿੰਦਰ ਸਿੰਘ ਰੇਖੀ ਦੀਆਂ ਕੋਸ਼ਿਸ਼ਾਂ ਤਹਿਤ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਵੀਰਪਾਲ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਫੋਕਲ ਪੁਆਇੰਟ ਨਾਲ ਸਬੰਧਤ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਨਣ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਐਸ.ਡੀ.ਐਮ. ਦਫਤਰ ਵਿਖੇ ਕੀਤੀ ਗਈ ਇਸ ਮੀਟਿੰਗ ਦੌਰਾਨ ਐਸ.ਡੀ.ਐਮ. ਵੀਰਪਾਲ ਕੌਰ ਵੱਲੋਂ ਫੋਕਲ ਪੁਆਇੰਟ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਇੰਨ੍ਹਾਂ 'ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
ਇਸ ਮੌਕੇ ਉਦਯੋਗਪਤੀਆਂ ਨੇ ਦੱਸਿਆ ਕਿ ਫੋਕਲ ਪੁਆਇੰਟ ਵਿੱਚ ਸੀਵਰੇਜ ਦੀ ਸਭ ਤੋਂ ਵੱਡੀ ਸਮੱਸਿਆ ਪੇਸ਼ ਆ ਰਹੀ ਹੈ, ਜਿਸ ਸਬੰਧੀ ਪੀ.ਐਸ.ਆਈ.ਈ.ਸੀ. ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਦਾ ਮੁਕੰਮਲ ਤੌਰ 'ਤੇ ਹੱਲ ਸੀਵਰੇਜ ਬੋਰਡ ਵੱਲੋਂ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਹਿਰੀ ਪਾਣੀ ਦੀ ਗੁਣਵੱਤਾ, ਫੋਕਲ ਪੁਆਇੰਟ 'ਚ ਖੁੱਲ੍ਹੇ ਠੇਕੇ, ਸੜਕਾਂ ਦੀ ਬੁਰੀ ਹਾਲਤ ਤੇ ਸਟਰੀਟ ਲਾਈਟਾਂ ਨਾ ਚੱਲਦੀਆਂ ਹੋਣ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਐਸ.ਡੀ.ਐਮ ਵੀਰਪਾਲ ਕੌਰ ਵੱਲੋਂ ਵੱਖ-ਵੱਖ ਸਮੱਸਿਆਵਾਂ ਨਾਲ ਸਬੰਧਤ ਮਹਿਕਮਿਆਂ ਨੂੰ ਹਦਾਇਤ ਕੀਤੀ ਗਈ ਕਿ ਬਣਦੀਆਂ ਮੁਸ਼ਕਲਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ।
ਇਸ ਮੌਕੇ ਸੁਪਰਡੈਂਟ ਅਸ਼ੋਕ ਕੱਕੜ ਐਸ.ਡੀ.ਈ., ਪੀ.ਐਸ.ਆਈ.ਈ.ਸੀ ਬਠਿੰਡਾ ਤੋਂ ਦੀਪਕ ਕੁਮਾਰ, ਜੇ.ਈ ਪੀ.ਐਸ.ਆਈ.ਈ.ਸੀ. ਰਾਜਬਿੰਦਰ ਸਿੰਘ, ਮਨਦੀਪ ਸ਼ਰਮਾਂ ਐਸ.ਡੀ.ਓ. ਨਹਿਰੀ ਵਿਭਾਗ ਫਰੀਦਕੋਟ, ਜਿਲਾ ਉਦਯੋਗ ਕੇਂਦਰ ਤੋਂ ਦਮਨਪ੍ਰੀਤ ਸਿੰਘ ਸੋਢੀ, ਸ਼ੁਭਮਪ੍ਰਤੀਕ ਸਿੰਘ, ਮਨਪ੍ਰੀਤ ਕੌਰ ਐਸ.ਐਲ.ਪੀ.ਓ ਅਤੇ ਫੋਕਲ ਪੁਆਇੰਟ ਤੋਂ ਉਦਯੋਗਪਤੀ ਵਿਪਿਨ ਕੁਮਾਰ, ਸ਼ੀਤਲ ਗੋਇਲ, ਕਰਨ ਅਰੋੜਾ, ਵਿਸ਼ਾਲ ਗੋਇਲ ਆਦਿ ਹਾਜਰ ਸਨ।