ਚੋਰੀਆਂ ਅਤੇ ਲੁੱਟਾਂ ਖਿਲਾਫ ਰਣਨੀਤੀ ਉਲੀਕਣ ਲਈ ਵਪਾਰੀਆਂ ਨੇ ਕੀਤਾ ਵੱਡਾ ਇਕੱਠ
- ਚੋਰਾਂ ਤੇ ਲੁਟੇਰਿਆਂ ਤੋਂ ਡਰਨ ਦੀ ਬਜਾਇ ਇੰਨ੍ਹਾਂ ਨੂੰ ਫੜ੍ਹ ਕੇ ਪੁਲਸ ਹਵਾਲੇ ਕਰਨ ਦਾ ਦਿੱਤਾ ਸੱਦਾ
ਦੀਪਕ ਗਰਗ
ਕੋਟਕਪੂਰਾ, 16 ਮਈ 2023:- ਬੀਤੇ ਕੁੱਝ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਬਜਾਰਾਂ ’ਚ ਸਥਿਤ ਦੁਕਾਨਾਂ ਆਦਿ ਤੋਂ ਸ਼ਰੇਆਮ ਸਮਾਨ ਚੁੱਕ ਕੇ ਲੈ ਜਾਣ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਰਣਨੀਤੀ ਤਿਆਰ ਕਰਨ ਵਾਸਤੇ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਕੋਟਕਪੂਰਾ ਦੇ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਸਥਾਨਕ ਕਰਿਆਨਾ ਭਵਨ ਵਿਖੇ ਵੱਡਾ ਇਕੱਠ ਕੀਤਾ ਗਿਆ। ਚੋਰੀ ਦੀਆਂ ਅਜਿਹੀਆਂ ਘਟਨਾਵਾਂ ਤੋਂ ਵਪਾਰੀਆਂ ਦੀ ਪ੍ਰੇਸ਼ਾਨੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਨਾਲ ਸਬੰਧਤ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੇ ਸੱਦੇ ਗਏ ਇਕੱਠ ਦੌਰਾਨ ਪੂਰਾ ਹਾਲ ਖਚਾ-ਖੱਚ ਭਰ ਗਿਆ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਹਾਲ ਦੇ ਬਾਹਰ ਖੜਨਾ ਪਿਆ।
ਵਪਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਓਮਕਾਰ ਗੋਇਲ, ਜਤਿੰਦਰ ਸਿੰਘ ਜਸ਼ਨ, ਗੁਰਿੰਦਰ ਸਿੰਘ ਮਹਿੰਦੀਰੱਤਾ, ਅਸ਼ੋਕ ਗੋਇਲ, ਸਾਧੂ ਰਾਮ ਦਿਉੜਾ, ਵਰੁਣ ਗੋਇਲ, ਵਿਸ਼ਾਲ ਗੋਇਲ, ਬਲਜੀਤ ਸਿੰਘ ਖੀਵਾ, ਰਾਜਨ ਗਰਗ, ਵਿਪਨ ਬਿੱਟੂ, ਮਨਤਾਰ ਸਿੰਘ ਮੱਕੜ, ਰਮਨ ਮਨਚੰਦਾ ਅਤੇ ਸੁਰਿੰਦਰ ਕਟਾਰੀਆ ਆਦਿ ਨੇ ਕਿਹਾ ਕਿ ਸ਼ਹਿਰ ਵਿੱਚ ਦਿਨ-ਦਿਹਾੜੇ ਦੁਕਾਨਾਂ ਤੋਂ ਸਮਾਨ ਚੁੱਕਣ ਅਤੇ ਹੋਰ ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀ ਵਧ ਰਹੀ ਗਿਣਤੀ ਕਾਰਨ ਸ਼ਹਿਰ ਦਾ ਵਪਾਰੀ ਵਰਗ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ ਅਤੇ ਹੁਣ ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਨਿੱਤ ਵਾਪਰਦੀਆਂ ਇੰਨ੍ਹਾਂ ਘਟਨਾਵਾਂ ਕਾਰਨ ਵਪਾਰੀ ਵਰਗ ਪ੍ਰੇਸ਼ਾਨੀ ’ਚ ਹੈ ਅਤੇ ਉਸਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਸਮਾਨ ਦੀ ਰਾਖੀ ਕਰੇ ਜਾਂ ਆਪਣੇ ਕਾਰੋਬਾਰ ਨੂੰ ਚਲਾਵੇ। ਇਸ ਮੌਕੇ ਕੁੱਝ ਬੁਲਾਰਿਆਂ ਨੇ ਸਮੂਹ ਦੁਕਾਨਦਾਰਾਂ ਨੂੰ ਸੱਦਾ ਦਿੱਤਾ ਕਿ ਹੁਣ ਇੰਨ੍ਹਾਂ ਲੁਟੇਰਿਆਂ ਤੋਂ ਡਰਨ ਦੀ ਬਜਾਏ ਇੰਨ੍ਹਾਂ ਦਾ ਮੁਕਾਬਲਾ ਕੀਤਾ ਜਾਵੇ ਅਤੇ ਇੰਨ੍ਹਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰਨ ਦੇ ਨਾਲ-ਨਾਲ ਇੰਨ੍ਹਾਂ ਖਿਲਾਫ ਇੱਕਜੁਟ ਹੋ ਕੇ ਕਾਰਵਾਈ ਕਰਵਾਈ ਜਾਵੇ। ਇਸ ਦੌਰਾਨ ਕੁਝ ਬੁਲਾਰਿਆਂ ਵੱਲੋਂ ਚੌਂਕੀਦਾਰ ਰੱਖਣ, ਕੈਮਰੇ ਲਵਾਉਣ, ਬਜਾਰ ‘ਚ ਵੱਖ-ਵੱਖ ਥਾਵਾਂ ’ਤੇ ਸਾਈਰਨ ਲਾਉਣ ਦੀ ਵੀ ਗੱਲ ਕੀਤੀ ਗਈ। ਮੀਟਿੰਗ ਦੇ ਅੰਤ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਚੋਰੀਆਂ ਤੇ ਲੁੱਟਾਂ ਦਾ ਇਹ ਰੁਝਾਨ ਜਲਦੀ ਨਾ ਰੁਕਿਆ ਤਾਂ ਆਉਂਦੇ ਕੁੱਝ ਦਿਨਾਂ ’ਚ ਇਸ ਖਿਲਾਫ ਸਮੂਹ ਸ਼ਹਿਰੀਆਂ ਦਾ ਵੱਡਾ ਇਕੱਠ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਬੁਲਾਰਿਆਂ ਨੇ ਹੈਰਾਨੀ ਪ੍ਰਗਟਾਈ ਕਿ ਜੇਕਰ ਕੋਈ ਵਾਹਨ ਚਾਲਕ, ਰਾਹਗੀਰ ਜਾਂ ਦੁਕਾਨਦਾਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਚੋਰ ਜਾਂ ਲੁਟੇਰੇ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰਦਾ ਹੈ ਤਾਂ ਉਲਟਾ ਪੁਲਿਸ ਵਾਲੇ ਚੋਰ ਜਾਂ ਲੁਟੇਰੇ ਦਾ ਪੱਖ ਪੂਰਦੇ ਹਨ ਅਤੇ ਪੀੜਤ ਧਿਰ ਨੂੰ ਝੂਠਾ ਸਾਬਿਤ ਕਰਨ ਦੀ ਕੌਸ਼ਿਸ਼ ਵਿੱਚ ਰਹਿੰਦੇ ਹਨ। ਉਹਨਾਂ ਅਨੇਕਾਂ ਚੋਰਾਂ ਤੇ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕਰਨ ਦੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਚੋਰਾਂ ਤੇ ਲੁਟੇਰਿਆਂ ਵਲੋਂ ਚੋਰੀ ਕੀਤਾ ਜਾਂ ਲੁੱਟਿਆ ਮਾਲ ਕਬਾੜੀਆਂ ਕੋਲ ਜਾਂ ਜਿਸ ਵੀ ਦੁਕਾਨਦਾਰ ਕੋਲ ਵੇਚਣਾ ਮੰਨਿਆ ਜਾਂਦਾ ਹੈ ਤਾਂ ਪੁਲਿਸ ਵਲੋਂ ਕਬਾੜੀਆਂ ਨੂੰ ਨਜਰਅੰਦਾਜ ਕਰਕੇ ਹੋਰ ਅਨੇਕਾਂ ਦੁਕਾਨਦਾਰਾਂ ਨੂੰ ਪੁੱਛਗਿੱਛ ਵਿੱਚ ਸ਼ਾਮਲ ਕਰਨ ਦਾ ਡਰਾਵਾ ਦੇ ਕੇ ਜਲੀਲ ਕਰਨ ਦੀ ਕੋਈ ਕਸਰ ਨਹੀਂ ਛੱਡੀ ਜਾਂਦੀ।
ਉਹਨਾ ਆਖਿਆ ਕਿ ਹੁਣ ਵਪਾਰੀ ਵਰਗ ਨੂੰ ਖੁਦ ਹੀ ਚੋਰਾਂ ਅਤੇ ਲੁਟੇਰਿਆਂ ਨਾਲ ਨਜਿੱਠਣਾ ਪਵੇਗਾ, ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੈਂਬਰ ਆਫ ਕਾਮਰਸ ਵਲੋਂ ਅਗਲੇ ਦਿਨਾਂ ਵਿੱਚ ਵੱਡਾ ਇਕੱਠ ਕਰਕੇ ਥਾਣੇ ਦਾ ਘਿਰਾਉ, ਰੋਸ ਪ੍ਰਦਰਸ਼ਨ, ਆਵਾਜਾਈ ਠੱਪ, ਸ਼ਹਿਰ ਬੰਦ ਵਰਗੀ ਕੋਈ ਵੀ ਕਾਲ ਦਿੱਤੀ ਜਾ ਸਕਦੀ ਹੈ। ਇਸ ਸਬੰਧੀ ਪ੍ਰਧਾਨ ਉਮਕਾਰ ਗੋਇਲ ਦੀ ਅਗਵਾਈ ਹੇਠ ਵਪਾਰੀਆਂ ਦਾ ਇੱਕ ਵਫਦ ਇੰਸਪੈਕਟਰ ਗੁਰਮੇਹਰ ਸਿੰਘ ਸਿੱਧੂ ਐੱਸ.ਐੱਚ.ਓ. ਥਾਣਾ ਸਿਟੀ ਨੂੰ ਮਿਲਿਆ ਅਤੇ ਕਾਰਵਾਈ ਦੀ ਮੰਗ ਕੀਤੀ।
ਇੰਸ. ਗੁਰਮੇਹਰ ਸਿੰਘ ਸਿੱਧੂ ਨੇ ਕਿਹਾ ਕਿ ਚੋਰਾਂ ਤੇ ਲੁਟੇਰਿਆਂ ਖਿਲਾਫ ਉਹ ਹਰ ਤਰ੍ਹਾਂ ਦੀ ਕਾਰਵਾਈ ਕਰਨ ਨੂੰ ਤਿਆਰ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਰੇਸ਼ ਮਿੱਤਲ, ਹਰੀਸ਼ ਸੇਤੀਆ, ਸ਼ਾਮ ਲਾਲ ਮੈਂਗੀ, ਸਤੀਸ਼ ਕਟਾਰੀਆ, ਸੰਜੀਵ ਕਟਾਰੀਆ, ਲਵਲੀ ਅਹੂਜਾ, ਹਰਸ਼ ਅਰੋੜਾ, ਰਜੀਵ ਕੁਕਰੇਜਾ, ਰਜੇਸ਼ ਕਾਂਸਲ, ਮਨੋਜ ਗੋਲੂ, ਸੁਰਿੰਦਰ ਪੁਰੀ, ਦੀਪਕ ਮੌਂਗਾ, ਧਰਮਿੰਦਰ ਕਟਾਰੀਆ, ਸਤੀਸ਼ ਨਰੂਲਾ, ਅਸ਼ੋਕ ਗੁਪਤਾ, ਸੁਰਿੰਦਰ ਮਨਚੰਦਾ, ਸ਼ੀਤਲ ਗੋਇਲ, ਰਜਨੀਸ਼ ਗੋਇਲ ਅਤੇ ਰਕੇਸ਼ ਅਰੋੜਾ ਆਦਿ ਵੀ ਹਾਜਰ ਸਨ।