Budget 2024 : ਬਜਟ 2024 'ਚ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੂੰ ਵੱਡੇ ਤੋਹਫ਼ੇ
ਨਵੀਂ ਦਿੱਲੀ 1 ਫਰਵਰੀ 2024- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2024-25 ਦਾ ਅੰਤਰਿਮ ਬਜਟ ਪੇਸ਼ ਕੀਤਾ। ਬਜਟ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਗਰੀਬਾਂ, ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਦੀਆਂ ਲੋੜਾਂ, ਇੱਛਾਵਾਂ ਅਤੇ ਕਲਿਆਣ ਸਾਡੀ ਮੁੱਖ ਤਰਜੀਹ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਮਹਿਲਾ ਸਸ਼ਕਤੀਕਰਨ ਲਈ ਬਹੁਤ ਕੰਮ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਪੇਂਡੂ ਖੇਤਰਾਂ ਵਿੱਚ 70% ਤੋਂ ਵੱਧ ਘਰ ਔਰਤਾਂ ਦੀ ਮਲਕੀਅਤ ਹਨ।
ਉਨ੍ਹਾਂ ਕਿਹਾ ਕਿ ਮੁਦਰਾ ਯੋਜਨਾ ਤਹਿਤ ਔਰਤਾਂ ਨੂੰ 30 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਦਿੱਤਾ ਗਿਆ ਹੈ। ਲਗਭਗ ਇੱਕ ਕਰੋੜ ਔਰਤਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਹੁਣ ਸਾਡੀ ਸਰਕਾਰ ਦਾ ਟੀਚਾ ਤਿੰਨ ਕਰੋੜ ਲੱਖਪਤੀ ਦੀਦੀ ਬਣਾਉਣਾ ਹੈ। ਇਸ ਸਕੀਮ ਨੇ ਔਰਤਾਂ ਦੇ ਜੀਵਨ ਵਿੱਚ ਬਦਲਾਅ ਅਤੇ ਆਤਮ ਨਿਰਭਰਤਾ ਲਿਆਂਦੀ ਹੈ।
ਵਿੱਤ ਮੰਤਰੀ ਮੁਤਾਬਕ ਸਾਡੀ ਸਰਕਾਰ ਸਰਵਾਈਕਲ ਕੈਂਸਰ ਟੀਕਾਕਰਨ 'ਤੇ ਧਿਆਨ ਦੇਵੇਗੀ। ਮਾਵਾਂ ਅਤੇ ਬਾਲ ਦੇਖਭਾਲ ਯੋਜਨਾਵਾਂ ਨੂੰ ਇੱਕ ਵਿਆਪਕ ਪ੍ਰੋਗਰਾਮ ਦੇ ਤਹਿਤ ਲਾਗੂ ਕੀਤਾ ਜਾਵੇਗਾ। 9-14 ਸਾਲ ਦੀਆਂ ਲੜਕੀਆਂ ਦੇ ਟੀਕਾਕਰਨ 'ਤੇ ਧਿਆਨ ਦਿੱਤਾ ਜਾਵੇਗਾ।
ਸੀਤਾਰਮਨ ਨੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਲਈ ਤਿੰਨ ਤਲਾਕ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਸੰਸਦ ਵਿੱਚ ਔਰਤਾਂ ਨੂੰ ਰਾਖਵਾਂਕਰਨ ਦੇਣ ਲਈ ਕਾਨੂੰਨ ਲਿਆਂਦਾ ਗਿਆ ਹੈ।
ਕਿਸਾਨਾਂ ਨੂੰ ਤੋਹਫ਼ਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 4 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ 11.8 ਕਰੋੜ ਲੋਕਾਂ ਨੂੰ ਵਿੱਤੀ ਮਦਦ ਮਿਲੀ ਹੈ। ਆਮ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।
ਨੌਜਵਾਨਾਂ ਲਈ ਵੀ ਖੁੱਲ੍ਹੇ ਮੌਕੇ
ਨੌਜਵਾਨਾਂ ਦੇ ਸਸ਼ਕਤੀਕਰਨ 'ਤੇ ਵੀ ਕੰਮ ਕੀਤਾ ਗਿਆ ਹੈ। 3000 ਨਵੀਆਂ ਆਈ.ਟੀ.ਆਈਜ਼ ਖੋਲ੍ਹੀਆਂ ਗਈਆਂ ਹਨ। ਹੁਨਰ ਯੋਜਨਾ ਤਹਿਤ 54 ਲੱਖ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਏਸ਼ਿਆਈ ਖੇਡਾਂ ਵਿੱਚ ਭਾਰਤੀ ਨੌਜਵਾਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ।