ਸੰਜੀਵ ਸੂਦ
- ਨਹੀਂ ਦੇ ਪਾ ਰਹੇ ਹਨ ਆਰਡਰ, ਸੜਕ ਟਰਾਂਸਪੋਰਟ ਹੋਈ ਮਹਿੰਗੀ
ਲੁਧਿਆਣਾ, 12 ਨਵੰਬਰ 2020 - ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੀ ਬਰਫਬਾਰੀ ਕਾਰਨ ਲੁਧਿਆਣਾ 'ਚ ਹੌਜ਼ਰੀ ਇੰਡਸਟਰੀ ਮੁੜ ਤੋਂ ਸ਼ੁਰੂ ਹੋਈ ਹੈ ਅਤੇ ਗਰਮ ਕੱਪੜੇ ਦੀ ਵਿਕਰੀ ਵੱਧਣ ਲੱਗੀ ਹੈ, ਪਰ ਟਰੇਨਾਂ ਬੰਦ ਹੋਣ ਕਰਕੇ ਵਪਾਰੀਆਂ ਨੂੰ ਕੁੱਝ ਮੁਸ਼ਕਿਲਾਂ ਜ਼ਰੂਰ ਦਰਪੇਸ਼ ਆ ਰਹੀਆਂ ਹਨ। ਲੁਧਿਆਣਾ ਦੇ ਵਿੱਚ ਗਰਮ ਕੱਪੜੇ ਖਰੀਦਣ ਲਈ ਜੰਮੂ ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਆਦਿ ਤੋਂ ਵਪਾਰੀ ਆਉਂਦੇ ਹਨ, ਪਰ ਰੇਲਾਂ ਨਾ ਚੱਲਣ ਕਾਰਨ ਉਹਨਾਂ ਨੂੰ ਸਾਮਾਨ ਦੀ ਢੋਆ-ਢੁਆਈ ਮਹਿੰਗੀ ਪੈ ਰਹੀ ਹੈ, ਜਿਸ ਕਰਕੇ ਮੁਨਾਫ਼ਾ ਘੱਟ ਰਿਹਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਵਪਾਰੀਆਂ ਨੂੰ ਉਮੀਦ ਸੀ ਕਿ ਠੰਡ ਦੀ ਚੰਗੀ ਆਮਦ ਨਾਲ ਹੌਜ਼ਰੀ ਵਪਾਰ ਵੀ ਵਧੇਗਾ।
ਲੁਧਿਆਣਾ ਵਪਾਰ ਮੰਡਲ ਕੇਂਦਰੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਕੰਮ ਕਾਰ ਜ਼ਰੂਰ ਚੱਲਣ ਲੱਗੇ ਹਨ, ਪਰ ਟਰਾਂਸਪ੍ਰੋਟ ਵੀ ਵੱਡੀ ਸਮੱਸਿਆ ਆ ਰਹੀ ਹੈ, ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਵਪਾਰੀ ਪੰਜਾਬ 'ਚ ਆਉਣ ਤੋਂ ਡਰ ਰਹੇ ਹਨ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਰ ਫਿਰ ਵੀ ਉਨ੍ਹਾਂ ਨੂੰ ਉਮੀਦ ਸੀ ਕਿ ਕੋਰੋਨਾ ਕਰਕੇ ਕੰਮਕਾਰ ਠੱਪ ਹੋ ਗਿਆ ਸੀ ਉਹ ਮੁੜ ਤੋਂ ਸ਼ੁਰੂ ਹੋਵੇਗਾ, ਦੁਕਾਨਦਾਰਾਂ ਨੇ ਕਿਹਾ ਕਿ ਇਸ ਵਾਰ ਚੰਗੇ ਸੀਜ਼ਨ ਦੀ ਉਮੀਦ ਹੈ ਕਿਉਂਕਿ ਠੰਡ ਚੰਗੀ ਹੈ। ਉਹਨਾਂ ਕਿਹਾ ਕਿ 6 ਮਹੀਨਿਆਂ ਦਾ ਉਨ੍ਹਾਂ ਦਾ ਸੀਜ਼ਨ ਹੁੰਦਾ ਹੈ।
ਦੂਜੇ ਪਾਸੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੋਂ ਵੀ ਕੁਝ ਵਪਾਰੀ ਜ਼ਰੂਰ ਲੁਧਿਆਣਾ ਗਰਮ ਕੱਪੜੇ ਲੈਣ ਪਹੁੰਚ ਰਹੇ ਨੇ ਜਿੰਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਬੱਝੀ ਹੈ ਕਿ ਕੰਮ ਚੰਗਾ ਚਲੇਗਾ, ਪਰ ਟ੍ਰਾਂਸਪੋਰਟ ਦੀ ਸਮੱਸਿਆ ਜ਼ਰੂਰ ਆ ਰਹੀ ਹੈ।