ਰਜਨੀਸ਼ ਸਰੀਨ
ਨਵਾਂ ਸ਼ਹਿਰ, 16 ਜਨਵਰੀ 2021 - ਇੰਸਟੀਚਿਊਟ ਆਫ਼ ਸਕਾਲਰਜ਼ ਬੰਗਲੌਰ ਵੱਲੋਂ ਪੂਜਾ ਸ਼ਰਮਾ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਨੂੰ ਉਨ੍ਹਾਂ ਦੇ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਨੂੰ ਦੇਖਦੇ ਹੋਏ ਬੈਸਟ ਟੀਚਰ ਅਵਾਰਡ 2020 ਨਾਲ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਪੂਜਾ ਸ਼ਰਮਾ ਨੇ ਲਾੱਕ ਡਾਊਨ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਵਿਚ ਤਨਦੇਹੀ ਨਾਲ ਪੜਾਇਆ ਅਤੇ ਉਹਨਾਂ ਦੁਆਰਾ ਬਣਾਏ ਗਏ ਅੰਗਰੇਜ਼ੀ ਵਿਸ਼ੇ ਤੇ 30 ਵੀਡੀਓ ਲੈਕਚਰ ਡੀਡੀ ਪੰਜਾਬੀ ਅਤੇ ਸਵਯਮ ਪ੍ਰਭਾ ਚੈਨਲ ਉੱਤੇ ਪ੍ਰਸਾਰਿਤ ਕੀਤੇ ਗਏ ਅਤੇ 20 ਆਡੀਓ ਲੈਕਚਰ ਦੁਆਬਾ ਰੇਡੀਓ ਅਤੇ ਆਲ ਇੰਡੀਆ ਰੇਡੀਓ ਪਟਿਆਲਾ ਵਲੋਂ ਪ੍ਰਸਾਰਿਤ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਲਈ youtube ਚੈਨਲ ਬਣਾਇਆ ਜਿਸ ਵਿਚ 47 ਵੀਡੀਓ ਲੈਕਚਰ ਵਿਦਿਆਰਥੀਆਂ ਲਈ ਅਪਲੋਡ ਕੀਤੇ ਗਏ।
ਪੂਜਾ ਸ਼ਰਮਾ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਅਖਬਾਰਾਂ ਅਤੇ ਰਸਾਲਿਆਂ ਲਈ ਵਿਕਲਾਂਗ ਬੱਚਿਆਂ ਦੀਆਂ ਸਮੱਸਿਆਵਾਂ ਅਤੇ ਸਮਾਧਾਨ, ਸਮਾਜਕ ਅਤੇ ਵਾਤਾਵਰਨ ਸਬੰਧੀ ਮੁੱਦਿਆਂ ਤੇ 50 ਤੋਂ ਵੱਧ ਲੇਖ ਲਿਖੇ ਜੋ ਕਿ ਸਥਾਨਕ ਅਖ਼ਬਾਰਾਂ ਅਤੇ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਇਟਲੀ ਦੀਆਂ ਅਖਬਾਰਾਂ ਵਿੱਚ ਛਾਪੇ ਗਏ। ਪੂਜਾ ਸ਼ਰਮਾ ਨੇ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਗਰਾਮ ਅਧੀਨ ਆਉਂਦੇ ਰੂਟ ਵਰਗ ਆੱਫ ਦ ਡੇ ਤਹਿਤ 20 ਤੋਂ ਵੱਧ ਵੀਡੀਓ ਅੰਗਰੇਜ਼ੀ ਭਾਸ਼ਾ ਦੇ ਸਹੀ ਉਚਾਰਨ ਲਈ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚਾਏ ਹਨ।
ਪੂਜਾ ਸ਼ਰਮਾ ਦੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਜਗਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ. ਸਰਬਜੀਤ ਸਿੰਘ ਨੇ ਮੈਡਮ ਪੂਜਾ ਸ਼ਰਮਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਜੀ ਨੇ ਪੂਜਾ ਸ਼ਰਮਾ ਦੀ ਖੂਬ ਸ਼ਲਾਘਾ ਕੀਤੀ ਕਿ ਉਹ ਸਰੀਰਕ ਰੂਪ ਵਿਚ ਅਣਗਿਣਤ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਵੀ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਸਾਰਿਆਂ ਵਾਸਤੇ ਪ੍ਰੇਰਨਾ-ਸਰੋਤ ਹਨ।