- ਇੰਡੀਅਨ ਸਕੂਲ ਆਫ ਬਿਜ਼ਨਸ ਮੁਹਾਲੀ ਦੇ ਮਾਹਿਰ ਦੇ ਰਹੇ ਹਨ ਅਗਵਾਈ
ਐਸ.ਏ.ਐਸ. ਨਗਰ 20 ਜਨਵਰੀ 2021 - ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਜਲੰਧਰ, ਪਟਿਆਲਾ, ਗੁਰਦਾਸਪੁਰ ਅਤੇ ਐੱਸ.ਏ.ਐੱਸ. ਨਗਰ ਵਿਖੇ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਸਾਕਾਰਾਤਮਕ ਸੋਚ ਅਤੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਉਤਸ਼ਾਹ ਵਧਾਉਣ ਹਿੱਤ ਅਗਵਾਈ ਕਰਨ ਲਈ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਦੇ ਸਹਿਯੋਗ ਨਾਲ ਤਿੰਨ ਮਹੀਨੇ ਦਾ ਵਿਸ਼ੇਸ਼ ਅਗਵਾਈ ਕੋਰਸ ਕਰਵਾਇਆ ਜਾ ਰਿਹਾ ਹੈ।
ਇਸ ਮੈਂਟਰਸ਼ਿਪ ਪ੍ਰੋਗਰਾਮ ਦੇ ਪਹਿਲੇ ਗੇੜ ਵਿੱਚ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਦੇ 500 ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਪ੍ਰੋਗਰਾਮ ਤਹਿਤ ਇਹਨਾਂ ਵਿਦਿਆਰਥੀਆਂ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵੱਲੋਂ ਇੱਕ ਮੈਂਟਰ ਸ਼ਖਸ਼ੀਅਤ ਨਾਲ ਜੋੜਿਆ ਗਿਆ ਹੈ। ਇਹ ਮੈਂਟਰ ਸਖਸ਼ੀਅਤਾਂ ਵਿਦਿਆਰਥੀਆਂ ਨੂੰ ਵਧੀਆ ਭਵਿੱਖ ਬਣਾਉਣ ਲਈ ਉਤਸ਼ਾਹਿਤ ਕਰਨਗੀਆਂ ਅਤੇ ਉਹਨਾਂ ਵਿਦਿਆਰਥੀਆਂ ਦੀਆਂ ਯੋਗਤਾਵਾਂ ਦੇ ਆਧਾਰ 'ਤੇ ਕਿੱਤਾ ਮੁਖੀ ਪਹੁੰਚ ਬਣਾਉਣ ਲਈ ਅਗਵਾਈ ਵੀ ਦੇਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜੇਸ਼ਵਰ ਉਪਾਧਿਆਏ ਨਿਰਦੇਸ਼ਕ, ਪਾਰ ਐਕਸੀਲੈਂਸ ਨੇ ਕਿਹਾ ਕਿ ਇੰਡੀਅਨ ਸਕੂਲ ਆਫ ਬਿਜ਼ਨਸ ਵੱਲੋਂ ਜਿਹੜੇ ਮੈਂਟਰ ਨਿਯੁਕਤ ਕੀਤੇ ਗਏ ਹਨ ਉਹ ਵਿਦਿਆਰਥੀਆਂ ਨਾਲ ਫੋਨ ਤੇ ਜਾਂ ਜ਼ੂਮ ਮੀਟਿੰਗਾਂ ਰਾਹੀਂ ਜੁੜੇ ਹੋਏ ਹਨ।ਉਹ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਮੌਜੂਦਾ ਸਥਿਤੀ, ਉਹਨਾਂ ਦੇ ਉਤਸ਼ਾਹ ਅਤੇ ਪ੍ਰੇਰਣਾ ਦੇ ਸਰੋਤਾਂ ਅਤੇ ਉਹਨਾਂ ਦੇ ਸਨਮੁੱਖ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀਆਂ ਲੈ ਕੇ ਇੱਕ ਬੇਸ ਲਾਈਨ ਤਿਆਰ ਕਰ ਰਹੇ ਹਨ। ਇਹ ਮੈਂਟਰ ਬੱਚਿਆਂ ਨਾਲ ਇੱਕ ਨਿਸ਼ਚਿਤ ਸਮੇਂ ਲਈ ਹਰ ਹਫ਼ਤੇ ਗੱਲਬਾਤ ਕਰਨਗੇ। ਇਹ ਪ੍ਰਕਿਰਿਆ ਲਗਾਤਾਰ ਤਿੰਨ ਮਹੀਨੇ ਚੱਲੇਗੀ। ਉਹਨਾਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀ ਕਾਗੁਜ਼ਾਰੀ ਦਾ ਮੁਲਾਂਕਣ ਉਹਨਾਂ ਦੇ ਬੋਰਡ ਦੇ ਇਮਤਿਹਾਨਾਂ ਅਤੇ ਸੰਸਥਾ ਵੱਲੋਂ ਤਿਆਰ ਕੀਤੇ ਗਏ ਟੈਸਟਾਂ ਦੇ ਆਧਾਰ 'ਤੇ ਕੀਤਾ ਜਾਵੇਗਾ।
ਡਾ. ਆਰੁਸ਼ੀ ਜੈਨ ਐਸੋਸ਼ੀਏਟ ਡਾਇਰੈਕਟਰ ਭਾਰਤੀ ਇੰਸਟੀਚਿਊਟ ਆਫ ਪਬਲਿਕ ਪਾਲਿਸੀ ਐਟ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਦਾ ਕੁਝ ਕੰਪੀਟੈਸੀਜ਼ ਦੇ ਆਧਾਰ 'ਤੇ ਮੁਲਾਂਕਣ ਕੀਤਾ ਜਾਵੇਗਾ ਕਿ ਮੈਂਟਰ ਵੱਲੋਂ ਦਿੱਤੀ ਜਾ ਰਹੀ ਅਗਵਾਈ ਦਾ ਵਿਦਿਆਰਥੀ 'ਤੇ ਕੀ ਅਸਰ ਹੋਇਆ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਤਾਕਤ ਰਹੇਗੀ ਕਿ ਪੰਜਾਬ ਦੇ ਪ੍ਰਤਿਭਾਵਾਨ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਕਾਲਰ ਬਣਾ ਕੇ ਉਹਨਾਂ ਦਾ ਭਵਿੱਖ ਰੋਸ਼ਨਾਇਆ ਜਾਵੇ।
ਪ੍ਰੋਫੈਸਰ ਅਸ਼ਵਨੀ ਛਾਤਰੇ ਨੇ ਕਿਹਾ ਕਿ ਇੰਡੀਅਨ ਸਕੂਲ ਆਫ ਬਿਜ਼ਨਸ ਨੇ ਜੰਪ ਸਟਾਰਟ ਇੰਡੀਆ ਮੁਹਿੰਮ ਤਹਿਤ ਪਹਿਲਕਦਮੀ ਕੀਤੀ ਗਈ ਹੈ ਕਿ ਸੰਸਥਾ ਦੀ ਫੈਕਲਟੀ ਦੇ ਅਨੁਭਵਾਂ ਅਤੇ ਵਿਦਿਆਰਥੀਆਂ ਦੇ ਸਰੋਤਾਂ ਨਾਲ ਦੇਸ਼ ਦੇ ਵਿਕਾਸ ਦੇ ਰਸਤੇ 'ਤੇ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕੱਢੇ ਜਾਣ ਤਾਂ ਜੋ ਦੇਸ਼ ਦੀ ਪ੍ਰਗਤੀ ਲਈ ਇੱਕ ਵਧੀਆ ਰਾਹ ਬਣ ਸਕੇ। ਉਹਨਾਂ ਕਿਹਾ ਕਿ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀ ਕਿੱਤੇ ਦੀ ਚੋਣ ਪ੍ਰਤੀ ਬਹੁਤ ਹੀ ਮੁਸ਼ਕਿਲ ਪੜਾਅ 'ਤੇ ਹੁੰਦੇ ਹਨ ਅਤੇ ਜੇਕਰ ਉਹਨਾਂ ਨੂੰ ਇੱਕ ਵਧੀਆ ਢੰਗ ਜਾਂ ਰਸਤਾ ਨਹੀਂ ਮਿਲਦਾ ਤਾਂ ਉਹ ਸਿੱਖਿਆ ਪ੍ਰਣਾਲੀ ਵਿੱਚੋਂ ਬਾਹਰ ਨਿਕਲ ਸਕਦੇ ਹਨ।
ਸਕੱਤਰ ਸਕੂਲ ਸਿੱਖਿਆ ਕਿਸ਼ਨ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਪੁਰਜੋਰ ਯਤਨ ਜਾਰੀ ਹਨ ਕਿ ਵਿਦਿਆਰਥੀਆਂ ਦਾ ਸਮਾਜਿਕ ਅਤੇ ਮਨੋਵਿਗਿਆਨਿਕ ਵਿਕਾਸ ਹੁੰਦਾ ਰਹੇ। ਇਸਦੇ ਨਾਲ ਹੀ ਇਹਨਾਂ ਮਿਲ ਰਹੇ ਖੂਬਸੂਰਤ ਮੌਕਿਆਂ ਅਤੇ ਪ੍ਰਭਾਵਸ਼ਾਲੀ ਪਹਿਲਕਦਮੀਆਂ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਧੀਆ ਅਗਵਾਈ ਮਿਲਦੀ ਹੈ।
ਇਸ ਸਬੰਧੀ ਰਿਤੂ ਪੁਸ਼ਕਰਨਾ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਮੋਹਾਲੀ ਨੇ ਕਿਹਾ ਕਿ ਸਿੱਖਿਆ ਵਿਭਾਗ ਅਤੇ ਇੰਡੀਅਨ ਸਕੂਲ ਆਫ ਬਿਜ਼ਨਸ ਵੱਲੋਂ ਕੀਤੀ ਗਈ ਇਹ ਨਿਵੇਕਲੀ ਪਹਿਲਕਦਮੀ ਸਿੱਖਣ-ਸਿਖਾਉਣ ਪ੍ਰਕਿਰਿਆ 'ਤੇ ਚਿਰ-ਸਥਾਈ ਸਾਕਾਰਾਤਮਕ ਪ੍ਰਭਾਵ ਪਾਵੇਗੀ। ਇਹ ਪ੍ਰੋਗਰਾਮ ਨਾ ਕੇਵਲ ਵਿਦਿਆਰਥੀਆਂ ਦੇ ਲਈ ਕਿੱਤਾ ਅਗਵਾਈ ਦਾ ਕਾਰਜ ਕਰੇਗਾ ਸਗੋਂ ਉਹਨਾਂ ਦੇ ਬੋਲਚਾਲ ਦੇ ਭਾਸ਼ਾ ਕੌਸ਼ਲਾਂ ਨੂੰ ਵੀ ਨਿਖਾਰੇਗਾ। ਇਸ ਨਾਲ ਵਿਦਿਆਰਥੀਆਂ ਦੀ ਸ਼ਖ਼ਸ਼ੀਅਤ ਦਾ ਵਿਕਾਸ ਵੀ ਹੋਵੇਗਾ ਅਤੇ ਉਹਨਾਂ ਦੀ ਸੋਚ ਦਾ ਦਾਇਰਾ ਵੀ ਵਿਸ਼ਾਲ ਹੋਵੇਗਾ।
ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ ਵਿਦਿਆਰਥੀ ਜਸ਼ਨਪ੍ਰੀਤ ਨੇ ਕਿਹਾ ਕਿ ਉਹਨਾਂ ਦੇ ਮੈਂਟਰ ਬਹੁਤ ਹੀ ਵਧੀਆ ਹਨ ਅਤੇ ਉਹਨਾਂ ਪਾਸੋਂ ਬਹੁਤ ਵੀ ਵਧੀਆ ਸਿੱਖਣ ਨੂੰ ਮਿਲ ਰਿਹਾ ਹੈ। ਜਸ਼ਨਪ੍ਰੀਤ ਨੇ ਕਿਹਾ ਕਿ ਉਹ ਭਵਿੱਖ ਨੂੰ ਉੱਜਵਲ ਬਣਾਉਣ ਲਈ ਵਧੀਆ ਅਗਵਾਈ ਦੇ ਰਹੇ ਹਨ।