ਅਸ਼ੋਕ ਵਰਮਾ
ਬਠਿੰਡਾ, 21ਜਨਵਰੀ 2021: ਪਲੇਸਮੈਂਟ ਡਰਾਈਵ ਦੀ ਤਿਆਰੀ ਲਈ ਇੰਜਨੀਅਰਿੰਗ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਅਤੇ ਉਨਾਂ ਦੀ ਤਰੱਕੀ ਅਤੇ ਵਿਕਾਸ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਕੋਡ ਮਾਸਟਰਜ਼ ਕਲੱਬ ਵੱਲੋਂ ਮਾਈਕਰੋਸਾਫ਼ਟ ਟੀਮਜ਼ ਰਾਹੀਂ ਬੀ.ਟੈੱਕ (ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ) ਆਖ਼ਰੀ ਸਾਲ ਦੇ ਵਿਦਿਆਰਥੀਆਂ ਲਈ ਇੱਕ ਆਨਲਾਈਨ ‘ਅਲੂਮਨੀ ਇੰਟਰੈਕਸ਼ਨ ਸੈਸ਼ਨ’ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਇੰਜ. ਅਨਮੋਲ ਗੁਪਤਾ, ਇੰਜ. ਅਸ਼ੀਸ਼ ਗੁਪਤਾ ਅਤੇ ਇੰਜ. ਗੁਰਮੀਤ ਸਿੰਘ ਨੇ ਮਹਿਮਾਨ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ ਜੋ ਚਿਕਮਿਕ ਮੁਹਾਲੀ ਵਿਖੇ ਐਸੋਸੀਏਟ ਸਾਫ਼ਟਵੇਅਰ ਡਿਵੈਲਪਰ ਹਨ।
ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ। ਇੰਜ. ਅਨਮੋਲ ਗੁਪਤਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਪਲੇਸਮੈਂਟ ਡਰਾਈਵ ਦੀ ਤਿਆਰੀ ਕਰਨ ਬਾਰੇ ਚਾਨਣਾ ਪਾਇਆ । ਉਸ ਨੇ ਪਲੇਸਮੈਂਟ ਡਰਾਈਵ ਦੇ ਵੱਖ-ਵੱਖ ਗੇੜਾਂ ਬਾਰੇ ਵੀ ਦੱਸਿਆ ਜਿਨਾਂ ਰਾਹੀਂ ਇੱਕ ਉਮੀਦਵਾਰ ਨੂੰ ਚੁਣੇ ਜਾਣ ਲਈ ਗੁਜ਼ਰਨਾ ਪੈਂਦਾ ਹੈ । ਇੰਜ. ਅਸ਼ੀਸ਼ ਗੁਪਤਾ ਨੇ ਪਲੇਸਮੈਂਟ ਡਰਾਈਵ ਦੀ ਤਿਆਰੀ ਲਈ ਆਨਲਾਈਨ ਉਪਲਬਧ ਵੱਖ-ਵੱਖ ਸਰੋਤਾਂ ਦੇ ਸੰਬੰਧ ਵਿੱਚ ਮਹੱਤਵਪੂਰਨ ਜਾਣਕਾਰੀ ਦਿੱਤੀ । ਇਸੇ ਤਰਾਂ ਇੰਜ. ਗੁਰਮੀਤ ਸਿੰਘ ਨੇ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਦੀਆਂ ਵੱਖ-ਵੱਖ ਧਾਰਨਾਵਾਂ ’ਤੇ ਅਭਿਆਸ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਵਿਭਾਗ ਮੁਖੀ ਅਤੇ ਫੈਕਲਟੀ ਮੈਂਬਰਾਂ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਇਸ ਸੈਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਮਹਿਮਾਨ ਅਲੂਮਨੀ ਦਾ ਮੌਜੂਦਾ ਵਿਦਿਆਰਥੀਆਂ ਦੇ ਨਾਲ ਆਪਣੇ ਗਿਆਨ ਅਤੇ ਕੀਮਤੀ ਤਜਰਬੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਅਜਿਹੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਉਣ ਲਈ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ।