ਬਲਾਚੌਰ, 25 ਫਰਵਰੀ 2021 - ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖੁਰਦ ਦੀਆਂ ਵੁਸ਼ੂ ਖੇਡ ਦੀਆਂ ਖਿਡਾਰਨਾਂ ਨੇ ਸਟੇਟ ਪੱਧਰੀ ਟੂਰਨਾਮੈਂਟ ਵਿੱਚ ਤਿੰਨ ਤਾਂਬੇਂ ਦੇ ਮੈਡਲ ਜਿੱਤ ਕੇ ਸੂਬਾ ਪੱਧਰ ਤੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਕਾਲਜਾਂ ਦਾ ਮਾਣ ਵਧਾਇਆ।
ਕਾਲਜ ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋਈਆ ਰਾਜ ਪੱਧਰੀ ਖੇਡਾਂ ਵਿੱਚ ਸਾਡੇ ਕਾਲਜ ਦੀਆਂ ਤਿੰਨ ਖਿਡਾਰਨਾਂ ਨੇ ਕੋਚ ਪ੍ਰੋ ਦੀਕਸ਼ਾ ਅਤੇ ਪ੍ਰੋ ਮਨਦੀਪ ਕੌਰ ਦੀ ਦੇਖ ਰੇਖ ਹੇਠ ਵਿੱਚ ਰਾਜ ਪੱਧਰੀ ਵੁਸ਼ੂ ਟੂਰਨਾਮੈਂਟ ਵਿੱਚ ਭਾਗ ਲਿਆ।ਪ੍ਰਿੰਸੀਪਲ ਨੇ ਦੱਸਿਆ ਕਿ ਇਸ ਰਾਜ ਪੱਧਰੀ ਵੁਸ਼ੂ ਟੂਰਨਾਮੈਂਟ ਵਿੱਚ ਹੋਰ ਰਾਜਾਂ ਤੋਂ ਵੀ ਵੁਸ਼ੂ ਖਿਡਾਰਨਾਂ ਨੇ ਭਾਗ ਲਿਆ। ਸਾਡੇ ਕਾਲਜ ਦੀਆਂ ਖਿਡਾਰਨਾਂ ਨੇ ਬਾਕੀ ਰਾਜਾਂ ਤੋਂ ਆਈਆਂ ਖਿਡਾਰਨਾਂ ਨਾਲ ਮੁਕਾਬਲਾ ਕਰਦਿਆ ਇਸ ਖੇਡ ਟੂਰਨਾਮੈਂਟ ਵਿੱਚ ਤਿੰਨ ਤਾਂਬੇ ਦੇ ਮੈਡਲ ਜਿੱਤ ਕੇ ਕਾਲਜ ਦਾ ਨਾਮ ਰਾਜ ਪੱਧਰੀ ਟੂਰਨਾਮੈਂਟ ਵਿੱਚ ਦਰਜ ਕਰਵਾਇਆ।
ਪ੍ਰੋ ਦੀਕਸ਼ਾ ਸ਼ਰਮਾ ਅਤੇ ਪ੍ਰੋ ਮਨਦੀਪ ਕੌਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵੁਸ਼ੂ ਖੇਡ ਦੀ ਸਾਡੇ ਕਾਲਜ ਦੀ ਖਿਡਾਰਨ ਨੇਹਾ ਪੁੱਤਰੀ ਹੁਸਨ ਲਾਲ ਭਾਰ 60 ਕਿਲੋ ਵਰਗ,ਜਸਵਿੰਦਰ ਕੌਰ ਪੁੱਤਰੀ ਬਨਾਰਸੀ ਦਾਸ ਭਾਰ 65 ਕਿਲੋ ਵਰਗ, ਤਾਨੀਆ ਪੁੱਤਰੀ ਰਾਕੇਸ਼ ਕੁਮਾਰ ਭਾਰ 70 ਕਿਲੋ ਵਰਗ ਵਿੱਚ ਤਾਂਬੇ ਦੇ ਮੈਡਲ ਜਿੱਤੇ। ਰਾਜ ਪੱਧਰੀ ਵੁਸ਼ੂ ਟੂਰਨਾਮੈਂਟ ਵਿੱਚ ਤਾਂਬੇ ਦੇ ਮੈਡਲ ਜਿੱਤ ਕੇ ਕਾਲਜ ਪਰਤੀਆ ਖਿਡਾਰਨਾਂ ਦਾ ਜਿੱਥੇ ਕਾਲਜ ਪੁੱਜਣ ਤੇ ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਭੂਰੀਵਾਲੇ ਐਜੂਕੇਸ਼ਨ ਸੰਸਥਾਨਾਂ ਦੇ ਸਰਪ੍ਰਸਤ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਆਸ਼ੀਰਵਾਦ ਦਿੰਦਿਆ ਭਵਿੱਖ ਵਿੱਚ ਹੋਰ ਸਖਤ ਮੇਹਨਤ ਕਰਨ ਦੀ ਪ੍ਰੇਰਣਾ ਕੀਤੀ।