ਇਸ ਸਪੋਰਟਸ ਮੀਟ ਦਾ ਖਾਸ ਆਕਰਸ਼ਣ ਪੰਜਾਬ ਦੀਆਂ ਰਵਾਇਤੀ ਖੇਡਾਂ ਰਹੀਆਂ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ, 26 ਫਰਵਰੀ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਸਰਪ੍ਰਸਤੀ ਹੇਠ 24-25 ਫਰਵਰੀ ਨੂੰ ਸੀਯੂਪੀਬੀ ‘ਘੁੱਦਾ’ ਕੈਂਪਸ ਵਿਖੇ 9ਵੀਂ ਸਲਾਨਾ ਖੇਡ ਅਤੇ ਅਥਲੈਟਿਕਸ ਮੀਟ ਸਫਲਤਾਪੂਰਵਕ ਆਯੋਜਿਤ ਕੀਤੀ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ 12ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਚੱਲ ਰਹੇ ਅੱਠ- ਰੋਜਾ ਸਮਾਗਮਾਂ ਦੇ ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਦਾ ਹਿੱਸਾ ਸੀ। ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਸੁਮਿਤ ਕੁਮਾਰ, ਪ੍ਰਾਂਤ ਦੇ ਮੁਖੀ, ਕ੍ਰੀੜਾ ਭਾਰਤੀ ਸਨ। ਸ਼੍ਰੀ ਰਾਜਪਾਲ ਸਿੰਘ, ਐਸ.ਪੀ., ਸ਼੍ਰੀ ਮੁਕਤਸਰ ਸਾਹਿਬ, ਅਤੇ ਸਾਬਕਾ ਕਪਤਾਨ, ਇੰਡੀਅਨ ਨੈਸ਼ਨਲ ਹਾਕੀ ਟੀਮ, ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
9ਵੀਂ ਸਲਾਨਾ ਸੀਯੂਪੀਬੀ ਸਪੋਰਟਸ ਮੀਟ ਦਾ ਖਾਸ ਆਕਰਸ਼ਣ ਪੰਜਾਬ ਦੀਆਂ ਰਵਾਇਤੀ ਖੇਡਾਂ ਰਹੀਆਂ ਜਿਵੇਂ ਪਿਠੂ ਗਰਮ, ਕਬੱਡੀ, ਕੋਟਲਾ ਛਪਾਕੀ, ਰੱਸਾ ਕੱਸੀ, ਸਟੈਪੂ, ਗੁੱਲੀ ਡੰਡਾ, ਗਿੱਟਾ ਆਦਿ। ਪੰਜਾਬ ਦੀਆਂ ਰਵਾਇਤੀ ਖੇਡਾਂ ਦੇ ਨਾਲ-ਨਾਲ ਹੋਰ ਵੱਖ-ਵੱਖ ਖੇਡਾਂ ਜਿਵੇਂ ਕਿ ਡਿਸਕਸ ਥ੍ਰੋ, ਲੰਬੀ ਛਾਲ, ਸ਼ਾਟ ਪੁਟ, ਵਾਲੀਬਾਲ, ਕ੍ਰਿਕਟ, 200 ਮੀਟਰ ਦੌੜ, 100 ਮੀਟਰ ਦੌੜ ਅਤੇ 50 ਮੀਟਰ ਦੌੜ ਵੀ ਆਯੋਜਿਤ ਕੀਤੇ ਗਏ।
ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਯੂਨੀਵਰਸਿਟੀ ਦਾ ਝੰਡਾ ਲਹਿਰਾਉਣ ਨਾਲ ਕੀਤੀ। ਇਸ ਦੋ-ਰੋਜ਼ਾ ਖੇਡ ਵਿਖਾਵੇ ਦੌਰਾਨ ਵਿਦਿਆਰਥੀਆਂ ਨੇ ਪੰਜਾਬ ਦੀਆਂ ਰਵਾਇਤੀ ਖੇਡਾਂ ਦੇ ਨਾਲ-ਨਾਲ ਹੋਰ ਖੇਡ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਸਮਾਪਤੀ ਸਮਾਰੋਹ ਵਿੱਚ ਕਬੱਡੀ ਮੈਚ ਦੇ ਫਾਈਨਲ ਅਤੇ 50 ਮੀਟਰ ਦੌੜ ਮੁਕਾਬਲੇ ਕਰਵਾਏ ਗਏ।
ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਪੰਜਾਬ ਦੀਆਂ ਸਥਾਨਕ ਖੇਡਾਂ ਅਤੇ ਹੋਰ ਖੇਡ ਪ੍ਰੋਗਰਾਮਾਂ ਵਿਚ ਜੋਸ਼ ਨਾਲ ਹਿੱਸਾ ਲੈਣ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ। ਮੁੱਖ ਮਹਿਮਾਨ ਸ੍ਰੀ ਰਾਜਪਾਲ ਸਿੰਘ ਨੇ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਉਨ੍ਹਾਂ ਦੇ ਨਿੱਤਨੇਮ ਵਿੱਚ ਖੇਡਾਂ ਨੂੰ ਅਪਨਾਉਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਅਥਲੀਟਾਂ ਨੂੰ ਵਧਾਈ ਦਿੱਤੀ ਅਤੇ ਜੇਤੂਆਂ ਨੂੰ ਮੈਡਲ ਭੇਂਟ ਕੀਤੇ। ਪੁਰਸਕਾਰ ਵੰਡ ਸਮਾਰੋਹ ਦੌਰਾਨ 500 ਤੋਂ ਵੱਧ ਮੈਡਲ ਵੰਡੇ ਗਏ।