- ਸਮਾਰਟ ਸਕੂਲ ਪ੍ਰਾਜੈਕਟ ਅਤੇ ਸਮਾਰਟ ਸਕੂਲ ਪਲੇਅ ਗਰਾਊਂਡਜ਼ ਸੰਬੰਧੀ ਦਿੱਤੀ ਜਾ ਰਹੀ ਹੈ ਸਿਖਲਾਈ
- ਸਮਾਰਟ ਸਕੂਲਾਂ ਸਬੰਧੀ ਪ੍ਰਗਤੀਸ਼ੀਲ ਸੋਚ ਨਾਲ ਮਿਲ ਕੇ ਕੰਮ ਕਰਨ ਦੀ ਲੋੜ - ਸਿੱਖਿਆ ਸਕੱਤਰ
ਐਸ.ਏ.ਐਸ. ਨਗਰ, 3 ਮਾਰਚ 2021 - ਸਿੱਖਿਆ ਵਿਭਾਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ‘ਸਮਾਰਟ ਸਕੂਲ ਮੁਹਿੰਮ' ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਵਿਭਾਗ ਵੱਲੋਂ ਮੁੱਖ ਦਫ਼ਤਰ ਵਿਖੇ 3 ਮਾਰਚ ਅਤੇ 4 ਮਾਰਚ ਨੂੰ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਿਖਲਾਈ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ, ਡੀ.ਐੱਸ.ਐੱਮਜ਼, ਏ.ਸੀਜ਼ ਅਤੇ ਡੀ.ਐੱਮ ਸਪੋਰਟਸ ਭਾਗ ਲੈ ਰਹੇ ਹਨ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ ਨੇ ਸਮੂਹ ਭਾਗ ਲੈਣ ਆਏ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਪ੍ਰਗਤੀਸ਼ੀਲ ਸੋਚ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਸਕੂਲਾਂ ਵਿੱਚ ਮੌਜੂਦਾ ਸੁਵਿਧਾਵਾਂ ਨੂੰ ਬਿਹਤਰ ਬਣਾਈ ਰੱਖਣ ਅਤੇ ਹੋਰ ਸਹੂਲਤਾਂ ਨੂੰ ਮਿਆਰੀ ਰੂਪ ਵਿੱਚ ਉਪਲੱਬਧ ਕਰਵਾਉਣ ਲਈ ਮਿਸ਼ਨ ਬਣਾ ਕੇ ਅੱਗੇ ਵਧਣ ਦੀ ਲੋੜ ਹੈ। ਸੋਹਣਾ ਫਰਨੀਚਰ, ਰੰਗਦਾਰ ਇਮਾਰਤਾਂ, ਮਿਆਰੀ ਖੇਡ ਮੈਦਾਨ, ਵਿਦਿਆਰਥੀਆਂ ਦੇ ਲਈ ਡਾਈਨਿੰਗ ਹਾਲ, ਸੋਹਣੇ ਅਤੇ ਆਕਰਸ਼ਕ ਮੁੱਖ ਗੇਟ, ਫਿਟਨੈੱਸ ਪਾਰਕ ਅਤੇ ਵੱਖ-ਵੱਖ ਵਿੱਦਿਅਕ ਪਾਰਕ ਬਣਾਉਣ ਲਈ ਟੀਮਾਂ ਸਕੂਲ ਮੁਖੀਆਂ ਦੀ ਅਗਵਾਈ ਕੀਤੀ ਜਾਵੇ। ਇਸ ਲਈ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ।
ਇਸ ਸਿਖਲਾਈ ਵਰਕਸ਼ਾਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾਰਟ ਸਕੂਲ ਪ੍ਰਾਜੈਕਟ ਅਧੀਨ ਚੱਲ ਰਹੇ ਕੰਮਾਂ ਦਾ ਰਿਵਿਊ ਕੀਤਾ ਜਾ ਰਿਹਾ ਹੈ ਅਤੇ ਸਕੂਲਾਂ ਦੀਆਂ ਬੈਸਟ ਪ੍ਰੈਕਟਿਸਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਵਿਭਾਗ ਵੱਲੋਂ ਅਧਿਆਪਕਾਂ ਅਤੇ ਸਮਾਜ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਮਾਰਟ ਸਕੂਲ ਪੈਰਾਮੀਟਰ ਸਟੇਜ -2 ਅਨੁਸਾਰ ਲੱਗਭੱਗ 10,000 ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਇਹਨਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਅੱਜ ਇਸ ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਡੀ.ਐੱਸ.ਐਮਜ਼, ਏ.ਸੀਜ਼ ਅਤੇ ਡੀ.ਐੱਮਜ਼ ਨੂੰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਅਧਿਆਪਕਾਂ ਨੂੰ ਦਿੱਤੀ ਸਹੀ ਸੇਧ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਯਤਨਾਂ ਲਈ ਸਰਾਹਿਆ ਗਿਆ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਸਰਕਾਰੀ ਸਕੂਲ ਸਮਾਰਟ ਤਾਂ ਬਣੇ ਹੀ ਹਨ ਬਲਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਅਨੁਸਾਰ ਮਿਆਰੀ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਮੌਕੇ ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ। ਸਿੱਖਿਆ ਵਿਭਾਗ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਸਮੁੱਚੀ ਸਮਾਰਟ ਸਕੂਲ ਟੀਮ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਅਧਿਆਪਕਾਂ ਦੀ ਸਹਾਇਤਾ ਲਈ ਸ਼ਾਲਾਘਾਯੋਗ ਯਤਨ ਕੀਤੇ ਜਾ ਰਹੇ ਹਨ। ਉਹਨਾਂ ਬਾਕੀ ਸਰਕਾਰੀ ਸਕੂਲਾਂ ਨੂੰ ਵੀ ਸਮਾਰਟ ਬਣਾਉਣ ਲਈ ਚੱਲ ਰਹੇ ਕੰਮਾਂ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਪ੍ਰੇਰਿਤ ਕੀਤਾ। ਇਸ ਸਿਖਲਾਈ ਵਰਕਸ਼ਾਪ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਭਾਰਦਵਾਜ ਮੈਂਬਰ ਸਟੇਟ ਸਮਾਰਟ ਸਕੂਲ ਟੀਮ ਨੇ ਸਮੂਹ ਸਮਾਰਟ ਸਕੂਲ ਟੀਮ ਦੀ ਹੌਸਲਾ ਅਫਜ਼ਾਈ ਕਰਦਿਆਂ ਵਧ-ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਸਿਖਲਾਈ ਵਰਕਸ਼ਾਪ ਵਿੱਚ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਹਰਿੰਦਰ ਸਿੰਘ ਗਰੇਵਾਲ ਮੈਂਬਰ ਸਟੇਟ ਸਪੋਰਟਸ ਟੀਮ ਨੇ ਸਪੋਰਟਸ ਨੀਤੀ ਤਹਿਤ ਖੇਡ ਕਿਰਿਆਵਾਂ ਅਤੇ ਸਮਾਰਟ ਸਕੂਲ ਪਲੇਅ ਗਰਾਊਂਡਜ਼ ਸੰਬੰਧੀ ਚਾਨਣਾ ਪਾਇਆ।
ਸਾਰੇ ਡੀ.ਐੱਸ.ਐੱਮ ਅਤੇ ਏ.ਸੀਜ਼ ਨੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਸਥਿਤ ਸਮਾਰਟ ਸਕੂਲਾਂ ਬਾਰੇ ਪੀ.ਪੀ.ਟੀ ਰਾਹੀਂ ਪ੍ਰੈਜੈਂਟੇਸ਼ਨ ਦਿੱਤੀ।
ਇਸ ਮੌਕੇ ਸ਼੍ਰੀਮਤੀ ਸੁਰੇਖਾ ਠਾਕੁਰ ਏ.ਐੱਸ.ਪੀ.ਡੀ., ਸੰਜੀਵ ਭੂਸ਼ਣ ਸਟੇਟ ਰਿਸੋਰਸ ਪਰਸਨ, ਸਟੇਟ ਸਮਾਰਟ ਸਕੂਲ ਟੀਮ ਮੈਂਬਰ ਅਮਰਜੀਤ ਸਿੰਘ, ਲਵਜੀਤ ਸਿੰਘ, ਕੁਲਦੀਪ ਸਿੰਘ ਅਤੇ ਜਗਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਜਿਲ੍ਹਿਆਂ ਦੇ ਸਮਾਰਟ ਸਕੂਲ ਮੈਂਟਰਾਂ ਅਤੇ ਸਹਾਇਕ ਕੋਆਰਡੀਨੇਟਰਾਂ ਨੇ ਜਿਲ੍ਹਿਆਂ ਦੀ ਬੈਸਟ ਪ੍ਰੈਕਟਿਸਜ ਦੀ ਪੇਸ਼ਕਾਰੀ ਕੀਤੀ।