- ਸਿਖਲਾਈ ਪ੍ਰਾਪਤ ਸਟੇਟ ਰਿਸੋਰਸ ਪਰਸਨ ਨਵ-ਨਿਯੁਕਤ ਤੇ ਪਦ-ਉੱਨਤ ਮਾਸਟਰ/ਮਿਸਟ੍ਰੈਸਾਂ ਨੂੰ ਦੇਣਗੇ ਸਿਖਲਾਈ
ਐਸ.ਏ.ਐਸ. ਨਗਰ, 3 ਮਾਰਚ 2021 - ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਨਵ-ਨਿਯੁਕਤ ਮਾਸਟਰ/ਮਿਸਟ੍ਰੈਸਾਂ ਦੀ ਸਿਖਲਾਈ ਕਰਵਾਉਣ ਲਈ ਸਟੇਟ ਰਿਸੋਰਸ ਪਰਸਨਜ਼ ਦੀ ਦੋ ਰੋਜਾ ਸਿਖਲਾਈ ਵਰਕਸ਼ਾਪ ਲਗਾਈ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਰਿਸੋਰਸ ਪਰਸਨਾਂ ਨੂੰ ਨਵ-ਨਿਯੁਕਤ ਅਤੇ ਪਦ-ਉੱਨਤ ਮਾਸਟਰ/ਮਿਸਟ੍ਰੈਸਾਂ ਨੂੰ ਪੂਰੀ ਤਨਦੇਹੀ ਨਾਲ ਸਿਖਲਾਈ ਪ੍ਰਦਾਨ ਕਰਨ ਦੇ ਨਾਲ-ਨਾਲ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਮੁਹਿੰਮਾਂ ਪ੍ਰਤੀ ਵੀ ਜਾਗਰੂਕ ਕਰਨ ਲਈ ਪ੍ਰੇਰਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਨੇ ਦੱਸਿਆ ਕਿ ਮੁੱਖ ਦਫ਼ਤਰ ਵਿਖੇ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਸਟੇਟ ਰਿਸੋਰਸ ਪਰਸਨਜ਼ ਦੀ ਕੋਵਿਡ-19 ਮਹਾਂਮਾਰੀ ਸੰਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਮਿਤੀ 2 ਮਾਰਚ ਅਤੇ 3 ਮਾਰਚ ਨੂੰ ਲਗਾਈ ਗਈ। ਇਹਨਾਂ ਰਿਸੋਰਸ ਪਰਸਨਾਂ ਨੂੰ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਬਾਰੇ ਸਿਖਲਾਈ ਪ੍ਰਦਾਨ ਕੀਤੀ ਗਈ। ਇਹ ਰਿਸੋਰਸ ਪਰਸਨ ਨਵ-ਨਿਯੁਕਤ ਅਤੇ ਪਦ-ਉੱਨਤ ਹੋਏ ਮਾਸਟਰ/ਮਿਸਟ੍ਰੈਸਾਂ ਨੂੰ ਸਿਖਲਾਈ ਪ੍ਰਦਾਨ ਕਰਨਗੇ।
ਇਸ ਸਿਖਲਾਈ ਵਰਕਸ਼ਾਪ ਵਿੱਚ ਸੈਸ਼ਨ 2021-22 ਸੰਬੰਧੀ ਵਿਊਂਤਬੰਦੀ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ 22 ਜ਼ਿਲ੍ਹਾ ਮੈਂਟਰਾਂ, ਗਣਿਤ ਅਤੇ ਵਿਗਿਆਨ ਵਿਸ਼ੇ ਦੇ 22 ਜ਼ਿਲ੍ਹਾ ਮੈਂਟਰਾਂ, ਗਣਿਤ ਵਿਸ਼ੇ ਦੇ 2 ਸਟੇਟ ਰਿਸੋਰਸ ਪਰਸਨਾਂ ਅਤੇ 6 ਬਲਾਕ ਮੈਂਟਰਾਂ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ 6 ਰਿਸੋਰਸ ਪਰਸਨਾਂ, ਵਿਗਿਆਨ ਦੇ 25 ਰਿਸੋਰਸ ਪਰਸਨਾਂ ਅਤੇ ਪੰਜਾਬੀ, ਹਿੰਦੀ ਦੇ 17 ਰਿਸੋਰਸ ਪਰਸਨਾਂ ਨੇ ਭਾਗ ਲਿਆ।
ਨਵ-ਨਿਯੁਕਤ ਅਤੇ ਪਦ-ਉੱਨਤ ਅਧਿਆਪਕਾਂ ਨੂੰ ਇੰਡਕਸ਼ਨ ਟ੍ਰੇਨਿੰਗ ਦੌਰਾਨ ਮੁੱਖ ਦਫ਼ਤਰ ਵਿੱਚ ਸਥਿਤ ਵੱਖ-ਵੱਖ ਸ਼ਾਖਾਵਾਂ ਦੀ ਜਾਣਕਾਰੀ ਤੋਂ ਇਲਾਵਾ ਰੋਜ਼ਾਨਾ ਸ਼ਬਦ, ਉਡਾਨ ਪ੍ਰਾਜੈਕਟ, ਈ.ਬੀ.ਸੀ., ਰੋਜ਼ਾਨਾ ਭੇਜੀਆਂ ਜਾ ਰਹੀਆਂ ਸਲਾਈਡਾਂ, ਈਚ ਵਨ ਬਰਿੰਗ ਵਨ, ਬਡੀ ਗਰੁੱਪਾਂ, ਸਿੱਖਣ- ਪਰਿਣਾਮਾਂ, ਰਾਸ਼ਟਰੀ ਪ੍ਰਾਪਤੀ ਸਰਵੇਖਣ, ਪੰਜਾਬ ਪ੍ਰਾਪਤੀ ਸਰਵੇਖਣ, ਐੱਨ.ਟੀ.ਐੱਸ.ਈ., ਪੀ.ਐੱਸ.ਟੀ.ਐੱਸ.ਈ., ਐੱਨ.ਐੱਮ.ਐੱਮ.ਐੱਸ., ਪੰਜਾਬ ਐਜੂਕੇਅਰ ਐਪ, ਦਰਪਣ ਐਪ, ਈ.ਪੰਜਾਬ ਪੋਰਟਲ, ਈ.ਪੰਜਾਬ ਸਟਾਫ਼ ਲਾਗਇਨ, ਐੱਸ.ਐੱਸ.ਏ ਵੈੱਬਸਾਈਟ, ਪੀ.ਐੱਸ.ਈ.ਬੀ. ਵੈੱਬਸਾਈਟ, ਐਜੂਸੈੱਟ, ਸਮਾਰਟ ਕਲਾਸਰੂਮਾਂ, ਐੱਲ.ਈ.ਡੀ ਅਤੇ ਪ੍ਰੋਜੈਕਟਰਾਂ ਦੀ ਵਰਤੋਂ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।
ਇਸ ਸਿਖਲਾਈ ਵਰਕਸ਼ਾਪ ਵਿੱਚ ਰਿਸੋਰਸ ਪਰਸਨਾਂ ਨੂੰ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਅਤੇ ਸੁਸ਼ੀਲ ਭਾਰਦਵਾਜ ਸਟੇਟ ਕੋਆਰਡੀਨੇਟਰ ਸਾਇੰਸ ਨੇ ਵੀ ਸੰਬੋਧਨ ਕੀਤਾ।