ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 8 ਅਪ੍ਰੈਲ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਬੀਬੀ ਜਗੀਰ ਕੌਰ ਦਾ ਮਾਤਾ ਗੁਜਰੀ ਕਾਲਜ ਵਿਖੇ ਪਹੁੰਚਣ ਉੱਤੇ ਕਾਲਜ ਦੇ ਆਨਰੇਰੀ ਸਕੱਤਰ ਸ. ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਡਾਇਰੈਕਟਰ ਸਿੱਖਿਆ ਡਾ. ਤੇਜਿੰਦਰ ਕੌਰ ਧਾਲੀਵਾਲ, ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਦਾ ਕਾਲਜ ਪਹੁੰਚਣ ਉੱਤੇ ਭਰਵਾਂ ਸਵਾਗਤ ਕਰਦਿਆਂ ਮਾਤਾ ਗੁਜਰੀ ਕਾਲਜ ਦੀਆਂ ਅਕਾਦਮਿਕ, ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਸ਼ਾਨਦਾਰ ਉਪਲੱਭਦੀਆਂ ਉੱਪਰ ਚਾਨਣਾ ਪਾਇਆ ਅਤੇ ਇਨ੍ਹਾਂ ਪ੍ਰਾਪਤੀਆਂ ਪਿੱਛੇ ਬੀਬੀ ਜਗੀਰ ਕੌਰ ਜੀ ਦੇ ਵਡਮੁੱਲੇ ਯੋਗਦਾਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮਾਤਾ ਗੁਜਰੀ ਕਾਲਜ ਇਕ ਅਜਿਹੀ ਮਹਾਨ ਸੰਸਥਾ ਹੈ ਜਿਸ ਨੇ ਨੈਕ ਵੱਲੋਂ ਦੋ ਵਾਰ ਏ ਗਰੇਡ, ਆਟੋਨੋਮਸ ਕਾਲਜ, ਸਟਾਰ ਕਾਲਜ ਅੰਡਰ ਡੀ ਬੀ ਟੀ ਸਕੀਮ, ਭਾਰਤ ਸਰਕਾਰ ਅਤੇ ਪੋਟੈਂਸ਼ਲ ਫਾਰ ਐਕਸੀਲੈਂਸ ਵਰਗੇ ਅਨੇਕਾਂ ਮਾਨ-ਸਨਮਾਨ ਹਾਸਲ ਕੀਤੇ ਹਨ ਅਤੇ ਇਹ ਉੱਤਰੀ ਭਾਰਤ ਦੀਆਂ ਪ੍ਰਵਾਨਿਤ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਅਜਿਹਾ ਨਾਮਵਰ ਸਿੱਖਿਆ ਅਦਾਰਾ ਹੈ ਜਿੱਥੇ ਨਾ ਕੇਵਲ ਪੰਜਾਬ ਬਲਕਿ ਸਮੁੱਚੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀ ਹਰ ਸਾਲ ਉੱਚ ਵਿੱਦਿਆ ਹਾਸਲ ਕਰਨ ਲਈ ਦਾਖਲਾ ਲੈਂਦੇ ਹਨ।
ਇਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਿੱਖਿਆ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਬੀਬੀ ਜਗੀਰ ਕੌਰ ਜੀ ਦਾ ਸਵਾਗਤ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਜੀ ਨਾਰੀ ਸਸ਼ਕਤੀਕਰਨ ਦੀ ਪ੍ਰਤੱਖ ਉਦਾਹਰਣ ਹਨ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਮੂਹ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਨੂੰ ਧਰਮ ਪ੍ਰਚਾਰ ਦੇ ਮਹਾਨ ਕਾਰਜਾਂ ਅਤੇ ਉੱਚ ਵਿੱਦਿਆ ਪ੍ਰਾਪਤੀ ਦੀਆਂ ਨਵੀਆਂ ਸਿਖਰਾਂ ਉੱਤੇ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਸਮੁੱਚੇ ਸੰਸਾਰ ਲਈ ਇਕ ਐਸੀ ਮਹਾਨ ਮਾਰਗ ਦਰਸ਼ਕ ਸੰਸਥਾ ਹੈ ਜੋ ਹਮੇਸ਼ਾ ਧਾਰਮਿਕ ਅਤੇ ਵਿਦਿਅਕ ਅਦਾਰਿਆਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਨੇ ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੂੰ ਮਾਤਾ ਗੁਜਰੀ ਕਾਲਜ ਨੂੰ ਤਰੱਕੀ ਦੀਆਂ ਨਵੀਆਂ ਸਿਖਰਾਂ ਉੱਤੇ ਪਹੁੰਚਾਉਣ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਨੂੰ ਸੰਸਾਰ ਦੇ ਨਕਸ਼ੇ ਉੱਤੇ ਚਮਕਾਉਣ ਅਤੇ ਭਵਿੱਖੀ ਯੋਜਨਾਵਾਂ ਵਿੱਚ ਬੁਲੰਦੀਆਂ ਉੱਤੇ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਨੇਜਮੈਂਟ ਵੱਲੋਂ ਨਿਰੰਤਰ ਸਹਿਯੋਗ ਦਿੱਤਾ ਜਾਂਦਾ ਰਹੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮਾਣਯੋਗ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿੱਦਿਆ ਡਾ. ਸੁਖਮਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਡਾ. ਤੇਜਿੰਦਰ ਕੌਰ ਧਾਲੀਵਾਲ, ਕਾਲਜ ਦੇ ਆਨਰੇਰੀ ਸਕੱਤਰ ਸ. ਜਗਦੀਪ ਸਿੰਘ ਚੀਮਾ, ਅੰਤਰਿੰਗ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਅਵਤਾਰ ਸਿੰਘ ਰਿਆਂ ਅਤੇ ਸ. ਰਵਿੰਦਰ ਸਿੰਘ ਖਾਲਸਾ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ. ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ, ਪੰਜਾਬ ਟੂਰੀਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ, ਡਾ. ਸੁਖਬੀਰ ਸਿੰਘ, ਨਿੱਜੀ ਸਕੱਤਰ, ਪ੍ਰਧਾਨ ਸਾਹਿਬ, ਸ. ਗੁਰਦੀਪ ਸਿੰਘ ਕੰਗ, ਮੈਨੇਜਰ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅਖੀਰ ਵਿੱਚ ਮਾਤਾ ਗੁਜਰੀ ਕਾਲਜ ਦੇ ਆਨਰੇਰੀ ਸਕੱਤਰ ਸ. ਜਗਦੀਪ ਸਿੰਘ ਚੀਮਾ ਨੇ ਸਮਾਗਮ ਵਿੱਚ ਪਹੁੰਚੀਆਂ ਮਾਣ-ਮੱਤੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਾਲਜ ਦੇ ਸਮੂਹ ਸਟਾਫ ਨੂੰ ਆਉਣ ਵਾਲੇ ਸਮੇਂ ਦੌਰਾਨ ਕਾਲਜ ਵਿੱਚ ਨੈਕ ਟੀਮ ਦੇ ਦੌਰੇ ਅਤੇ ਨਿਰੀਖਣ ਲਈ ਪੂਰੀ ਤਨਦੇਹੀ ਅਤੇ ਇਕਜੁਟਤਾ ਨਾਲ ਕਾਰਜਸ਼ੀਲ ਰਹਿਣ ਲਈ ਪ੍ਰੇਰਿਤ ਕੀਤੀ। ਇਸ ਮੌਕੇ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਹਰਵੀਨ ਕੌਰ, ਕਾਮਰਸ ਵਿਭਾਗ ਦੇ ਮੁਖੀ ਡਾ. ਬਿਕਰਮਜੀਤ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਹਰਮਿੰਦਰ ਸਿੰਘ, ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ।