- ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਵਿਪਨ ਢੰਡ ਵਲੋਂ ਸਾਥੀਆਂ ਸਮੇਤ ਸਕੂਲ਼ ਦਾ ਦੌਰਾ
ਅੰਮ੍ਰਿਤਸਰ 18 ਅਪ੍ਰੈਲ 2021 - ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਾਈ ਹੇਠ ਸਰਕਾਰੀ ਸਕੂਲਾਂ ਦੀ ਕੀਤੀ ਕਾਇਆ ਕਲਪ ਤੋਂ ਆਮ ਜਨਤਾ ਨੂੰ ਜਾਣੂੰ ਕਰਵਾਉਣ, ਸਰਕਾਰੀ ਸਮਾਰਟ ਸਕੂਲਾਂ ਦੀਆਂ ਉਪਲਬਧੀਆਂ ਤੇ ਵਿਦਿਆਰਥੀ ਹਿੱਤ ਵਿੱਚ ਕੀਤੇ ਕੰਮਾਂ ਦੀ ਜਾਣਕਾਰੀ ਦੇਣ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਸਮਾਰਟ ਸਕੂਲ ਦਰਸ਼ਨ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦਸੌਂਧਾ ਸਿੰਘ ਵਿਖੇ ਵਿਸੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਵਿਪਨ ਢੰਡ ਦੀ ਅਗਵਾਈ ਹੇਠ ਵਕੀਲਾਂ ਦੇ ਇਕ ਦਲ ਵਲੋਂ ਸਕੂਲ ਵਿੱਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਕਰਵਾਏ ਕਾਰਜਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ।
ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਦੀ ਦੇਖਰੇਖ ਤੇ ਪ੍ਰਿੰਸੀਪਲ ਸ਼੍ਰੀਮਤੀ ਗੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਸਕੂਲ ਦਰਸ਼ਨ ਸਮਾਗਮ ਵਿੱਚ ਬੱਚਿਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਵਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਸਮੇਂ ਸਕੂਲ ਦੇ ਵਿਹੜੇ ਪੁੱਜੇ ਮਹਿਮਾਨਾਂ ਤੇ ਸਤਿਕਾਰਿਤ ਸਖਸ਼ੀਅਤਾਂ ਨੂੰ ਸਕੂਲ ਅਧਿਆਪਕਾਂ ਵਲੋਂ ਪਿਛਲੇ ਸਮੇਂ ਵਿੱਚ ਤਿਆਰ ਕੀਤੇ ਸਮਾਰਟ ਕਲਾਸਰੂਮ, ਸਾਇੰਸ ਲੈਬ, ਕੰਪਿਊਟਰ ਲੈਬ, ਗਣਿਤ ਲੈਬ, ਭਾਸ਼ਾ ਲੈਬ, ਆਧੁਨਿਕ ਲਾਇਬ੍ਰੇਰੀ, ਵਿਦਿਆਰਥੀਆਂ ਨੂੰ ਕਿਤਾਮੁਖੀ ਅਗਵਾਈ ਦੇਣ ਗਈ ਸਕਿੱਲ ਡਿਵੈਲਪਮੈਂਟ ਲੈਬ ਦੇ ਨਾਲ ਨਾਲ ਗਣਿਤ ਪਾਰਕ, ਸਾਇੰਸ ਪਾਰਕ, ਖੇਡ ਪਾਰਕ, ਜ਼ਿਲ੍ਹੇ ਦੀ ਪਹਿਲੀ ਐਨ.ਸੀ.ਸੀ. ਸ਼ੂਟਿੰਗ ਰੇਂਜ, ਵੱਖ ਵੱਖ ਖੇਡਾਂ ਦੀਆਂ ਵਿਕਸਿਤ ਖੇਡ ਗਰਾਊਂਡਾਂ ਦਿਖਾਉਂਦਿਆਂ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਇਸਦੇ ਨਾਲ ਵਿਭਾਗ ਵਲੋਂ ਸਕੂਲ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਅੰਦਰ ਅੰਗਰੇਜੀ ਵਿਸ਼ੇ ਪ੍ਰਤੀ ਝਿਜਕ ਨੂੰ ਦੂਰ ਕਰਨ ਲਈ ਬਣਾਏ ਗਏ ਅੰਗਰੇਜੀ ਬੂਸਟਰ ਕਲੱਬ, ਈਕੋ ਕਲੱਬ, ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਮੁਫਤ ਕਿਤਾਬਾਂ, ਮੁਫਤ ਤੇ ਮਿਆਰੀ ਸਿੱਖਿਆ, ਮੁਫਤ ਵਰਦੀਆਂ, ਮੁਫਤ ਦੁਪਹਿਰ ਦਾ ਭੋਜਨ, ਪੰਜਾਬ ਐਜੂਕੇਅਰ ਐਪ, ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਹੱਈਆ ਕਰਵਾਈ ਜਾ ਰਹੀ ਕੋਚਿੰਗ ਸੰਬੰਧੀ ਆਏ ਹੋਏ ਮਹਿਮਾਨਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਸਮੇਂ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਤੇ ਵਿਦਿਆਰਥੀ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਪਨ ਢੰਡ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮਾਪਿਆਂ ਤੇ ਹਾਜਰ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਦੀ ਭਾਵਪੂਰਨ ਅਪੀਲ ਕੀਤੀ।
ਇਸ ਸਮੇਂ ਬੋਲਦਿਆਂ ਪ੍ਰਿੰਸੀਪਲ ਸ਼੍ਰੀਮਤੀ ਗੁਰਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਬਦਲੀ ਹੋਈ ਤਸਵੀਰ ਨੂੰ ਦੇਖਦਿਆਂ 14 ਦੇ ਕਰੀਬ ਵਿਦਿਆਰਥੀਆਂ ਵਲੋਂ ਨਿੱਜੀ ਸਕੂਲਾਂ ਤੋਂ ਪਾਲਾ ਬਦਲਦਿਆਂ ਸਰਕਾਰੀ ਸਕੁਲ ਤਲਵੰਡੀ ਦਸੌਂਧਾ ਸਿੰਘ ਦੀ ਚੋਣ ਕੀਤੀ ਗਈ ਹੈ ਤੇ । ਇਸ ਸਮੇਂ ਹੋਰਨਾਂ ਤੋਂ ਇਲਾਵਾ ਰਜੇਸ਼ ਸ਼ਰਮਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ, ਸਤਿੰਦਰ ਸਿੰਘ ਐਸ.ਡੀ.ਓ. ਪੀ.ਤਬਲਿਊ.ਡੀ., ਐਡਵੋਕੇਟ ਨਰਿੰਦਰਪਾਲ ਸਿੰਘ, ਐਡਵੋਕੇਟ ਹਰਮੀਤ ਅਰੋੜਾ, ਐਡਵੋਕੇਟ ਸੁਕਰਗੁਜਾਰ ਸਿੰਘ, ਐਡਵੋਕੇਟ ਨਰਿੰਦਰ ਕੁਮਾਰ, ਪਰਮਿੰਦਰ ਸਿੰਘ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਮੰਗੋਤਰਾ, ਸ਼੍ਰੀਮਤੀ ਰਣਬੀਰ ਕੌਰ, ਸ਼੍ਰੀਮਤੀ ਮੋਨਿਕਾ, ਸ਼੍ਰੀਮਤੀ ਰਾਜਵਿੰਦਰ ਕੌਰ, ਹਰਪਾਲ ਸਿੰਘ ਵਿਕਰਮਜੀਤ ਸਿੰਘ, ਅਰਵਿੰਦ ਲੂਥਰਾ, ਕੰਵਲਜੀਤ ਸਿੰਘ, ਸ਼੍ਰੀਮਤੀ ਸ਼ਿਵਾਨੀ ਆਦਿ ਹਾਜਰ ਸਨ।