- ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਹਰ ਸਾਲ ਫੈਪ ਸਟੇਟ ਐਵਾਰਡ ਦੇਣ ਦਾ ਐਲਾਨ
- ਪ੍ਰਾਈਵੇਟ ਸਕੂਲਾਂ ਨੂੰ ਦਿੱਤੇ ਜਾਣਗੇ ਬੈਸਟ ਸਕੂਲ, ਬੈਸਟ ਪ੍ਰਿੰਸੀਪਲ, ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਐਵਾਰਡ
ਚੰਡੀਗੜ੍ਹ, 23 ਅਪ੍ਰੈਲ 2021 - ਮਿਆਰੀ ਸਕੂਲ ਵਿੱਦਿਆ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਾਈਵੇਟ ਖੇਤਰ ਦੇ ਸਕੂਲਾਂ ਵਾਸਤੇ ਪਹਿਲੀ ਵਾਰ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ 'ਫ਼ੈਪ ਸਟੇਟ ਐਵਾਰਡ' ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨਾਂ ਐਵਾਰਡਾਂ ਤਹਿਤ ਵੱਖ-ਵੱਖ ਸ਼੍ਰੇਣੀਆਂ ਅਧੀਨ ਬੈਸਟ ਸਕੂਲ, ਬੈਸਟ ਪ੍ਰਿੰਸੀਪਲ, ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਦੀ ਚੋਣ ਕੀਤੀ ਜਾਵੇਗੀ। ਨਿੱਜੀ ਸਕੂਲਾਂ ਦੇ ਸਿੱਖਿਆ ਦੇ ਖੇਤਰ 'ਚ ਵਢਮੁੱਲੇ ਯੋਗਦਾਨ ਅਤੇ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਫ਼ੈਡਰੇਸ਼ਨ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਪੰਜਾਬ ਭਰ ਦੇ ਨਿੱਜੀ ਸਕੂਲਾਂ ਨੂੰ ਇਹ ਨਿਵੇਕਲੇ ਸਨਮਾਨ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ 'ਤੇ ਰਾਜਾਂ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਟੇਟ ਅਤੇ ਨੈਸ਼ਨਲ ਪੱਧਰੀ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ, ਪ੍ਰੰਤੂ ਹੁਣ ਤੱਕ ਪ੍ਰਾਈਵੇਟ ਸਕੂਲਾਂ ਵਾਸਤੇ ਅਜਿਹੀ ਵਿਵਸਥਾ ਨਹੀਂ ਸੀ।
ਅੱਜ ਇਥੇ ਐਵਾਰਡਾਂ ਦੇ ਐਲਾਨ ਸਬੰਧੀ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਕੂਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਲਫ਼ ਫਾਈਨਾਂਸਡ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ। ਗੁਣਾਤਮਿਕ ਸਿੱਖਿਆ 'ਚ ਤੇਜ਼ੀ ਨਾਲ ਹੋ ਸੁਧਾਰਾਂ ਨੇ ਪ੍ਰਾਈਵੇਟ ਸਕੂਲਾਂ ਪ੍ਰਤੀ ਲੋਕਾਂ ਦੇ ਦਿਲਾਂ 'ਚ ਇੱਕ ਮਜ਼ਬੂਤ ਵਿਸ਼ਵਾਸ ਪੈਦਾ ਕੀਤਾ ਹੈ। ਉਨਾਂ ਕਿਹਾ ਕਿ ਸੂਬੇ 'ਚ ਕੁੱਲ 34 ਹਜ਼ਾਰ ਦੇ ਕਰੀਬ ਸਕੂਲ ਮੌਜੂਦ ਹਨ, ਜਿਨਾਂ ਵਿਚੋਂ 17 ਹਜ਼ਾਰ ਦੇ ਕਰੀਬ ਪ੍ਰਾਈਵੇਟ ਸਕੂਲ ਹਨ। ਪਿਛਲੇ ਸਾਲ ਦੇ ਦਾਖ਼ਲਾ ਅਨੁਪਾਤ ਅਨੁਸਾਰ ਕੁੱਲ 57 ਲੱਖ ਵਿਦਿਆਰਥੀਆਂ ਨੇ ਦਾਖ਼ਲੇ ਲਏ, ਜਿਨਾਂ ਵਿਚੋਂ 32 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ 'ਚ ਦਾਖ਼ਲਾ ਲਿਆ।
ਉਨਾਂ ਕਿਹਾ ਕਿ ਰੋਜ਼ਗਾਰ ਪੱਖੋਂ ਵੀ ਪ੍ਰਾਈਵੇਟ ਸਕੂਲਾਂ ਦੀ ਵੱਡੀ ਦੇਣ ਹੈ, ਸੂਬੇ 'ਚ 2 ਲੱਖ ਦੇ ਕਰੀਬ ਸਕੂਲੀ ਅਧਿਆਪਕ ਹਨ, ਜਿਨਾਂ ਵਿਚੋਂ 52 ਫ਼ੀਸਦੀ ਅਧਿਆਪਕ ਪ੍ਰਾਈਵੇਟ ਸਕੂਲਾਂ ਨਾਲ ਸਬੰਧਿਤ ਹਨ। ਉਨਾਂ ਦੱਸਿਆ ਕਿ ਔਰਤਾਂ ਲਈ ਰੋਜ਼ਗਾਰ ਦੇ ਮੌਕੇ ਸਿਰਜਣ 'ਚ ਨਿੱਜੀ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ, ਪ੍ਰਾਈਵੇਟ ਸਕੂਲਾਂ 'ਚ ਪੜਾਉਣ ਵਾਲੇ ਕੁੱਲ ਅਧਿਆਪਕਾਂ ਵਿਚੋਂ 81 ਫ਼ੀਸਦੀ ਮਹਿਲਾ ਅਧਿਆਪਕ ਹਨ। ਉਨਾਂ ਦੱਸਿਆ ਕਿ ਸੂਬੇ ਦੇ ਪ੍ਰਾਈਵੇਟ ਸਕੂਲਾਂ ਦੇ ਕੁੱਲ ਦਾਖ਼ਲਾ ਅਨੁਪਾਤ 'ਚ 11.8 ਫ਼ੀਸਦੀ ਦਾ ਇਜ਼ਾਫ਼ਾ ਦਰਜ ਕੀਤਾ ਗਿਆ ਹੈ ਜਦਕਿ ਸੂਬੇ 'ਚ ਡਰੌਪ-ਆਊਟ ਅਨੁਪਾਤ ਵੀ 1.1 ਫ਼ੀਸਦੀ ਘਟਿਆ ਹੈ, ਜਿਸ ਦੀ ਬਤੌਲਤ ਸੂਬੇ 'ਚ ਸਾਖਰਤਾ ਦਰ ਵੀ ਵੱਡੇ ਪੱਧਰ 'ਤੇ ਮਜ਼ਬੂਤ ਹੋਈ ਹੈ। ਇਸ ਮੌਕੇ ਉਨਾਂ ਨਾਲ ਨਾਮਜ਼ਦਗੀਆਂ ਸਬੰਧੀ ਨੁਮਾਇੰਦੇ ਸੁਖਜਿੰਦਰ ਸਿੰਘ ਰੋਪੜ, ਸੰਜੀਵ ਕੁਮਾਰ ਸੈਣੀ ਮੋਗਾ, ਭੁਪਿੰਦਰ ਸਿੰਘ ਪਟਿਆਲਾ, ਕਮਲਜੀਤ ਸਿੰਘ ਢੀਂਡਸਾ ਸੰਗਰੂਰ, ਯੁਹਾਨਨ ਮੈਥਿਊ ਫ਼ਤਿਹਗੜ ਸਾਹਿਬ, ਮਨਮੋਹਨ ਸਿੰਘ ਲੁਧਿਆਣਾ, ਤਰਲੋਚਨ ਸਿੰਘ ਹੁਸ਼ਿਆਰਪੁਰ ਉਚੇਚੇ ਤੌਰ 'ਤੇ ਮੌਜੂਦ ਸਨ।
ਧੂਰੀ ਨੇ ਕਿਹਾ ਕਿ ਸੂਬੇ ਦੇ ਨਿੱਜੀ ਸਕੂਲ ਕੋਲ ਅੱਜ ਜਿੱਥੇ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੌਜੂਦ ਹੈ ਉਥੇ ਹੀ ਅੰਤਰਰਾਸ਼ਟਰੀ ਪੱਧਰੀ ਤਕਨੀਕਾਂ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਪ੍ਰਾਈਵੇਟ ਸਕੂਲ ਮਿਆਰਾ ਵਿਦਿਅਕ ਮਹੌਲ ਸਿਰਜਣ 'ਚ ਕਾਮਯਾਬ ਰਹੇ ਹਨ, ਜਿੱਥੇ ਵਿਦਿਆਰਥੀ ਬੌਧਿਕ, ਭਾਵਨਾਤਮਕ ਅਤੇ ਸਮਾਜਿਕ ਤੌਰ 'ਤੇ ਵਿਕਾਸ ਕਰ ਸਕਣ ਯੋਗ ਹੈ। ਅੱਵਲ ਦਰਜੇ ਦੀ ਸਿੱਖਿਆ ਪ੍ਰਦਾਨ ਕਰਵਾਕੇ ਨਿੱਜੀ ਸਕੂਲਾਂ ਨੇ ਚੰਗੇ ਵਿਦਵਾਨ, ਲੀਡਰ, ਅਧਿਕਾਰੀ, ਅਧਿਆਪਕ, ਖਿਡਾਰੀ, ਖੋਜਾਰਥੀ ਪੈਦਾ ਕੀਤੇ ਹਨ, ਜਿਨਾਂ ਦਾ ਚੰਗੇ ਰਾਸ਼ਟਰ ਨਿਰਮਾਣ 'ਚ ਅਹਿਮ ਯੋਗਦਾਨ ਰਿਹਾ ਹੈ।
ਧੂਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਨਿੱਜੀ ਸਕੂਲਾਂ ਦੀ ਭੂਮਿਕਾ, ਅਧਿਆਪਕਾਂ ਅਤੇ ਪ੍ਰਿੰਸੀਪਲਾਂ ਅਤੇ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਫ਼ੈਡਰੇਸ਼ਨ ਵੱਲੋਂ ਰਾਜ ਪੱਧਰੀ ਐਵਾਰਡ ਦਿੱਤੇ ਜਾਣਗੇ ਅਤੇ ਵੱਖ-ਵੱਖ ਸ਼੍ਰੇਣੀਆਂ 'ਚ ਵੰਡੇ ਐਵਾਰਡ ਹਰ ਸਾਲ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਨਾਮਜ਼ਦਗੀਆਂ ਸਬੰਧੀ ਪ੍ਰੀਕਿਰਿਆ ਸਬੰਧੀ ਸਹਾਇਤਾ ਲਈ ਪੰਜਾਬ ਦੇ 22 ਜ਼ਿਲਿਆਂ 'ਚ ਇੰਚਾਰਜ ਲਗਾਏ ਹਨ। ਉਨਾਂ ਦੱਸਿਆ ਕਿ ਸੀ.ਬੀ.ਐਸ.ਈ, ਪੀ.ਐਸ.ਈ.ਬੀ, ਆਈ.ਸੀ.ਐਸ.ਈ ਅਤੇ ਅੰਤਰਰਾਸ਼ਟਰੀ ਬੋਰਡ ਵੱਲੋਂ ਮਾਨਤਾ ਪ੍ਰਾਪਤ ਸਾਰੇ ਨਿੱਜੀ ਸਕੂਲ 25 ਅਪ੍ਰੈਲ 2021 ਤੋਂ ਐਵਾਰਡਾਂ ਸਬੰਧੀ ਨਾਮਜ਼ਦਗੀਆਂ ਭਰਨ ਦੇ ਯੋਗ ਹੋਣਗੇ। ਐਵਾਰਡਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 20 ਮਈ ਹੋਵੇਗੀ ਜਦਕਿ ਬੈਸਟ ਸਕੂਲ ਸ਼੍ਰੇਣੀ ਦੇ ਐਵਾਰਡਾਂ ਦਾ ਐਲਾਨ 12 ਜੂਨ, 2021 ਨੂੰ ਕਰ ਦਿੱਤਾ ਜਾਵੇਗਾ। ਇਸੇ ਤਰਾਂ ਐਵਾਰਡਾਂ ਦੀਆਂ ਬਾਕੀ ਦੀਆਂ ਸ਼੍ਰੇਣੀਆਂ ਦਾ ਐਲਾਨ 3 ਸਤੰਬਰ, 2021 ਨੂੰ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਐਵਾਰਡਾਂ ਦੀ ਵੰਡ ਸਬੰਧੀ ਸਮਾਗਮ ਦੌਰਾਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਐਵਾਰਡਾਂ ਦੀਆਂ ਨਾਮਜ਼ਦਗੀਆਂ, ਯੋਗਤਾ ਅਤੇ ਮਾਪਦੰਡਾਂ ਸਬੰਧੀ ਉਮੀਦਵਾਰ ਵਿਸਥਾਰਿਤ ਬਿਊਰਾ ਵੈਬਸਾਈਟ www.fapawards.}n ਤੋਂ ਪ੍ਰਾਪਤ ਕਰ ਸਕਦੇ ਹਨ।
ਧੂਰੀ ਨੇ ਕਿਹਾ ਕਿ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਦਾ ਉਦੇਸ਼ ਸੂਬੇ ਦੇ ਸਾਰੇ ਨਿੱਜੀ ਸਕੂਲਾਂ ਜਿਵੇਂ ਸੀ.ਬੀ.ਐਸ.ਈ, ਆਈ.ਸੀ.ਐਸ.ਈ, ਪੀ.ਬੀ.ਐਸ.ਈ.ਬੀ, ਨੂੰ ਇੱਕ ਸਾਂਝੇ ਮੰਚ 'ਤੇ ਲਿਆਉਣਾ ਹੈ ਅਤੇ ਸਿੱਖਿਆ ਦੇ ਖੇਤਰ 'ਚ ਉਨਾਂ ਦੀ ਕਾਰਗੁਜ਼ਾਰੀ ਨੂੰ ਸਨਮਾਨ ਦੇਣਾ ਹੈ। ਉਨਾਂ ਦੱਸਿਆ ਕਿ ਸੰਸਥਾ ਦਾ ਮਿਸ਼ਨ ਨਿੱਜੀ ਸਕੂਲਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਠੋਸ ਹੱਲ ਮੁਹੱਈਆ ਕਰਵਾਉਣਾ ਹੈ। ਐਵਾਰਡਾਂ ਸਬੰਧੀ ਜਾਣਕਾਰੀ ਦਿੰਦਿਆਂ ਸ. ਜਗਜੀਤ ਸਿੰਘ ਧੂਰੀ ਦੱਸਿਆ ਕਿ ਸਕੂਲਾਂ 'ਚ ਸੰਸਥਾਗਤ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਉਨਾਂ ਦੇ ਪ੍ਰਦਰਸ਼ਨ ਨੂੰ ਪਛਾਣਨ ਦੇ ਉਦੇਸ਼ ਨਾਲ 'ਬੈਸਟ ਸਕੂਲ ਐਵਾਰਡ' ਭੇਂਟ ਕੀਤੇ ਜਾਣਗੇ, ਜੋ ਵੱਖ-ਵੱਖ 8 ਸ਼੍ਰੇਣੀਆਂ ਅਧੀਨ ਵੰਡੇ ਗਏ ਹਨ। ਇਸ ਐਵਾਰਡ ਅਧੀਨ 'ਬੈਸਟ ਇੰਨਫ਼੍ਰਾਸਟ੍ਰਕਚਰ ਸਕੂਲ', ਬੈਸਟ ਸਪੋਰਟਸ ਸਕੂਲ, ਬੈਸਟ ਇਕੋ-ਫ਼੍ਰੈਂਡਲੀ ਸਕੂਲ, ਬੈਸਟ ਸਕੂਲ ਫ਼ਾਰ ਅਕੈਡਮਿਕ ਪ੍ਰਫਾਰਮੈਂਸ, ਬੈਸਟ ਕਲੀਨ ਐਂਡ ਹਾਈਜ਼ੀਨ ਵਾਤਾਵਰਣ, ਬੈਸਟ ਟੀਚਿੰਗ ਪ੍ਰੈਕਟਿਸ, ਸਕੂਲ ਵਿਦ ਯੂਨੀਕ ਫੈਸੀਲਿਟੀਜ਼, ਬੈਸਟ ਬਜ਼ਟ ਸਕੂਲ ਵਿੱਦ ਮੈਕਸੀਮਮ ਫੈਸੀਲਿਟੀਜ਼ ਅਤੇ ਬੈਸਟ ਸਕੂਲ ਯੂਸਿੰਗ ਟੈਕਨਾਲੋਜੀ ਐਵਾਰਡ ਪ੍ਰਦਾਨ ਕੀਤੇ ਜਾਣਗੇ।
ਉਨਾਂ ਦੱਸਿਆ ਕਿ ਸਕੂਲਾਂ ਅਤੇ ਸਮਾਜਿਕ ਪੱਧਰ 'ਤੇ ਬਿਹਤਰੀਨ ਯੋਗਦਾਨ ਪਾਉਣ ਵਾਲੇ ਹੋਣਹਾਰ ਪ੍ਰਿੰਸੀਪਲਾਂ ਨੂੰ ਮਾਨਤਾ ਅਤੇ ਸਨਮਾਨ ਦੇਣ ਲਈ 'ਉਚ ਗਤੀਸ਼ੀਲ ਪ੍ਰਿੰਸੀਪਲ ਐਵਾਰਡ' ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਉਨਾਂ ਸਨਮਾਨਯੋਗ ਪ੍ਰਿੰਸੀਪਲਾਂ ਦੀ ਤਾਜਪੋਸ਼ੀ ਕਰਦਾ ਹੈ, ਜਿਨਾਂ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ, ਟੀਚਿੰਗ ਅਤੇ ਲਰਨਿੰਗ ਦੇ ਸੁਰੱਖਿਅਤ ਵਾਤਾਵਰਣ ਦੀ ਪੁਸ਼ਟੀ ਕਰਦਿਆਂ ਮਾਪਿਆਂ ਅਤੇ ਸਮਾਜਿਕ ਤਬਕੇ ਨਾਲ ਯੋਗ ਤਾਲਮੇਲ ਕਾਇਮ ਕਰਨ ਲਈ ਪਹਿਲਕਦਮੀਆਂ ਕੀਤੀਆਂ ਹਨ।
ਧੂਰੀ ਨੇ ਕਿਹਾ ਕਿ ਸਿਖਲਾਈ ਪ੍ਰੀਕਿਰਿਆ ਦੌਰਾਨ ਵਿਦਿਆਰਥੀਆਂ ਦੀ ਸਹਾਇਤਾ ਅਤੇ ਯੋਗ ਮਾਰਗਦਰਸ਼ਨ 'ਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਜਿਹੇ 'ਚ ਫੈਡਰੇਸ਼ਨ ਵੱਲੋਂ ਅਧਿਆਪਨ ਦੇ ਖੇਤਰ 'ਚ ਯੋਗ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਲਈ 'ਦ੍ਰੋਣਾਚਾਰਿਆ ਐਵਾਰਡ' ਭੇਂਟ ਕੀਤੇ ਜਾਣਗੇ। ਉਨਾਂ ਦੱਸਿਆ ਕਿ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਖੇਡਾਂ 'ਚ ਪ੍ਰਾਪਤੀਆਂ ਨੂੰ ਸਨਮਾਨ ਦੇਣ ਲਈ 'ਮਾਣ ਪੰਜਾਬ ਦਾ' ਪੁਰਸਕਾਰ ਭੇਂਟ ਕੀਤਾ ਜਾਵੇਗਾ। ਇਹ ਪੁਰਸਕਾਰ ਸੀ.ਬੀ.ਐਸ.ਈ, ਪੀ.ਐਸ.ਈ.ਬੀ, ਆਈ.ਐਸ.ਸੀ.ਈ ਅਤੇ ਅੰਤਰਰਾਸ਼ਟਰੀ ਬੋਰਡਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਭੇਂਟ ਕੀਤਾ ਜਾਵੇਗਾ, ਜਿਨਾਂ ਜ਼ਿਲਾ ਪੱਧਰ 'ਤੇ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਾਪਤੀ ਦਰਜ ਕਰਵਾਈ ਹੈ। ਇਸ ਸ਼੍ਰੇਣੀ 'ਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਨਾਂ ਨੇ ਰਾਸ਼ਟਰੀ ਪੱਧਰ 'ਤੇ ਖੇਡਾਂ 'ਚ ਪੁਜੀਸ਼ਨ ਹਾਸਲ ਕੀਤੀ ਹੈ।
ਪੁਰਸਕਾਰਾਂ ਦੀ ਚੋਣ ਪ੍ਰੀਕਿਰਿਆ ਅਤੇ ਫ਼ੈਸਲਿਆਂ ਸਬੰਧੀ ਗੱਲਬਾਤ ਕਰਦਿਆਂ ਸ. ਜਗਜੀਤ ਸਿੰਘ ਨੇ ਕਿਹਾ ਕਿ ਪੁਰਸਕਾਰਾਂ ਦੀ ਚੋਣ ਲਈ ਜੱਜਾਂ ਦੀ ਵਿਸ਼ੇਸ਼ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਉਘੇ ਸਿੱਖਿਆ ਸ਼ਾਸਤਰੀ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਲ ਹਨ, ਜਿਨਾਂ ਦਾ ਕਿਸੇ ਸਕੂਲ ਨਾਲ ਕੋਈ ਸਰੋਕਾਰ ਨਹੀਂ। ਉਕਤ ਕਮੇਟੀ ਸਾਰੀਆਂ ਅਰਜ਼ੀਆਂ ਦਾ ਮੁਲਾਂਕਣ ਕਰੇਗੀ ਅਤੇ ਪੁਰਸਕਾਰਾਂ ਦੇ ਜੇਤੂ ਉਮੀਦਵਾਰਾਂ ਦੀ ਪਛਾਣ ਕਰਕੇ ਫੈਡਰੇਸ਼ਨ ਨੂੰ ਐਵਾਰਡਾਂ ਲਈ ਢੁੱਕਵੀਂ ਸਿਫ਼ਾਰਿਸ਼ ਕਰੇਗੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ਤੋਂ ਇੰਚਾਰਜ ਵਜੋਂ ਭੂਮਿਕਾ ਨਿਭਾ ਰਹੇ ਸ. ਸੁਖਚੈਨ ਸਿੰਘ ਬਠਿੰਡਾ, ਡਾ. ਮੋਹਿਤ ਮਹਾਜਨ ਗੁਰਦਾਸਪੁਰ, ਡਾ. ਆਸਾ ਸਿੰਘ ਕਪੂਰਥਲਾ, ਸੰਜੇ ਗੁਪਤਾ ਸੰਗਰੂਰ, ਰਣਪ੍ਰੀਤ ਸਿੰਘ ਬਰਨਾਲਾ, ਪ੍ਰਿਤਪਾਲ ਸ਼ਰਮਾ ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਫੋਟੋ ਕੈਪਸ਼ਨ: ਫੈਪ ਸਟੇਟ ਐਵਾਰਡਾਂ ਸਬੰਧੀ ਪੋਸਟਰ ਜਾਰੀ ਕਰਦੇ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਅਤੇ ਫੈਡਰੇਸ਼ਨ ਦੇ ਨੁਮਾਇੰਦੇ ਸੁਖਜਿੰਦਰ ਸਿੰਘ ਰੋਪੜ, ਸੰਜੀਵ ਕੁਮਾਰ ਸੈਣੀ ਮੋਗਾ, ਭੁਪਿੰਦਰ ਸਿੰਘ ਪਟਿਆਲਾ ਅਤੇ ਹੋਰ।