ਐਨ.ਐਮ.ਐਮ.ਐਸ. ਪ੍ਰੀਖਿਆ 'ਚ 11 ਵਿਦਿਆਰਥਣਾਂ ਦੀ ਚੋਣ ਨਾਲ ਸਰਕਾਰੀ ਕੰਨਿਆ ਸੀ.ਸੈ.ਸਕੂਲ ਪੰਜਗਰਾਈ ਕਲਾਂ ਜ਼ਿਲ੍ਹੇ 'ਚੋਂ ਮੋਹਰੀ ਬਣਿਆ
ਪਰਵਿੰਦਰ ਸਿੰਘ ਕੰਧਾਰੀ
- ਪਹਿਲੇ ਅੱਠ ਸਥਾਨ ਪ੍ਰਾਪਤ ਕਰਕੇ ਸਕੂਲ ਦੀਆਂ ਬੇਟੀਆਂ ਨੇ ਸਕੂਲ,ਅਧਿਆਪਕਾਂ ਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ
ਫਰੀਦਕੋਟ 19 ਜੂਨ 2021 - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਦੀਆਂ 11 ਵਿਦਿਆਰਥਣਾਂ ਨੇ ਐੱਨ.ਐੱਮ.ਐੱਮ.ਐੱਸ ਦੀ ਪ੍ਰੀਖਿਆ 'ਚ ਸਫ਼ਲਤਾ ਹਾਸਲ ਕਰਕੇ ਸਕੂਲ, ਅਧਿਆਪਕਾਂ ਅਤੇ ਮਾਪਿਆ ਦਾ ਨਾਮ ਪੂਰੇ ਜ਼ਿਲੇ ਅੰਦਰ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਦੀਪਕ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆਂ ਪਹਿਲੀਆਂ ਅੱਠ ਪੁਜ਼ੀਸ਼ਨਾਂ ਤੇ ਵੀ ਐੱਨ.ਐੱਮ.ਐੱਮ.ਐੱਸ. ਦੀ ਪ੍ਰੀਖਿਆ 'ਚ ਸਰਕਾਰੀ ਕੰਨਿਆ ਸੀ.ਸੈ.ਸਕੂਲ ਦਾ ਕਬਜ਼ਾ ਰਿਹਾ ਹੈ | ਨੈਸ਼ਨਲ ਮੀਨਜ਼-ਕਮ-ਮੈਰਿਟ ਸ਼ਕਾਲਰਸ਼ਿਪ ਪ੍ਰੀਖਿਆ 'ਚ ਸਫ਼ਲ ਰਹਿਣ ਵਾਲੀਆਂ ਬੇਟੀਆਂ ਨੂੰ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੀ ਪੜਾਈ ਦੌਰਾਨ ਹਰ ਵਿਦਿਆਰਥਣ ਨੂੰ ਹਰ ਸਾਲ 12 ਹਜ਼ਾਰ ਸ਼ਕਾਲਰਸ਼ਿਪ ਮਿਲੇਗੀ | ਇਸ ਤਰ੍ਹਾਂ ਸਕੂਲ ਦੀਆਂ ਗਿਆਰਾਂ ਬੇਟੀਆਂ ਨੂੰ 4 ਸਾਲਾਂ ਦੌਰਾਨ 48-48 ਹਜ਼ਾਰ ਰੁਪਏ ਦੀ ਸ਼ਕਾਲਰਸ਼ਿਪ ਮਿਲੇਗੀ |
ਪ੍ਰੀਖਿਆ 'ਚ ਸਫ਼ਲ ਰਹਿਣ ਵਾਲੀਆਂ ਬੇਟੀਆਂ ਦੇ ਸਨਮਾਨ ਲਈ ਸਾਦਾ ਸਮਾਗਮ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈੱਨ ਸ਼੍ਰੀ ਕੇਵਲ ਕਿ੍ਸ਼ਨ ਕਟਾਰੀਆ ਅਤੇ ਪਿ੍ੰਸੀਪਲ ਦੀਪਕ ਸਿੰਘ ਨੇ ਮਿਲ ਕੇ ਸਫ਼ਲ ਰਹੀਆਂ 11 ਬੇਟੀਆਂ ਦਾ ਸਨਮਾਨ ਕੀਤਾ | ਸਕੂਲ ਚੇਅਰਮੈੱਨ ਅਤੇ ਪਿ੍ੰਸੀਪਲ ਨੇ ਸਕੂਲ ਵਿਦਿਆਰਥਣਾਂ ਨੂੰ ਤਿਆਰੀ ਕਰਾਉਣ ਵਾਲੇ ਸਮੂਹ ਅਧਿਆਪਕਾਂ ਵੱਲੋਂ ਕਰਵਾਈ ਮਿਹਨਤ ਤੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਮਿਹਨਤੀ ਅਧਿਆਪਕਾਂ ਵੱਲੋਂ ਕੀਤੇ ਮਾਰਗ ਦਰਸ਼ਨ ਅਤੇ ਵਿਦਿਆਰਥਣਾਂ ਵੱਲੋਂ ਕੀਤੀ ਸਖ਼ਤ ਮਿਹਨਤ ਰੰਗ ਲਿਆਈ ਹੈ |
ਇਸ ਪ੍ਰਾਪਤੀ ਤੇ ਸਕੂਲ ਦੀਆਂ ਸਫ਼ਲ ਬੇਟੀਆਂ, ਪਿ੍ੰਸੀਪਲ ਤੇ ਗਾਈਡ ਅਧਿਆਪਕ ਨੂੰ ਜ਼ਿਲਾ ਨੋਡਲ ਅਫ਼ਸਰ ਫ਼ਰੀਦਕੋਟ -ਕਮ-ਸਹਾਇਕ ਡਾਇਰੈੱਕਟਰ ਐੱਸ.ਸੀ.ਈ.ਆਰ.ਪੰਜਾਬ ਪ੍ਰਭਜੋਤ ਕੌਰ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਸੱਤਪਾਲ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਪ੍ਰਦੀਪ ਦਿਓੜਾ, ਬਲਾਕ ਨੋਡਲ ਅਫ਼ਸਰ ਪਿ੍ੰ.ਤੇਜਿੰਦਰ ਸਿੰਘ ਸਰਕਾਰੀ ਸੀ.ਸੈ.ਸਕੂਲ ਕੋਹਾਰਵਾਲਾ ਅਤੇ ਜ਼ਿਲਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ ਨੇ ਵਧਾਈ ਦਿੱਤੀ ਹੈ |