ਫਰੀਦਕੋਟ ਦੇ 85 ਸਮਾਰਟ ਸਕੂਲਾਂ ਦੇ ਸਟਾਫ ਰੂਮ ਵੀ ਬਨਣਗੇ ਸਮਾਰਟ - ਡੀ ਸੀ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 28 ਜੁਲਾਈ 2021 - ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੀਤੇ ਗਏ ਉਪਰਾਲਿਆ ਸਦਕਾ ਰਾਜ ਨੂੰ ਪੂਰੇ ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਸਥਾਨ ਪ੍ਰਾਪਤ ਹੋਇਆ ਹੈ। ਪੰਜਾਬ ਸਰਕਾਰ ਦੇ ਇਨ੍ਹਾਂ ਯਤਨਾਂ ਸਦਕਾ ਹੀ ਸਿੱਖਿਆ ਵਿਭਾਗ ਫਰੀਦਕੋਟ ਅਧੀਨ ਆਉਂਦੇ 85 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋਏ ਹਨ। ਇਸ ਵੱਡੀ ਪ੍ਰਾਪਤੀ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਾਰੇ ਸਮਾਰਟ ਸਕੂਲਾਂ ਦੇ ਸਟਾਫ ਰੂਮ ਨੂੰ ਪ੍ਰਭਾਵਸ਼ਾਲੀ ਦਿੱਖ ਦੇਣ ਲਈ ਅਤੇ ਇਨ੍ਹਾਂ ਨੂੰ ਸਮਾਰਟ ਸਟਾਫ ਰੂਮ ਵਿੱਚ ਤਬਦੀਲ ਕਰਨ ਲਈ 1.09 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਯੋਜਨਾ ਤਹਿਤ ਫਰੀਦਕੋਟ ਜਿਲ੍ਹੇ ਦੇ ਸਾਰੇ 85 ਸਮਾਰਟ ਸਕੂਲਾਂ ਦੇ ਸਟਾਫ ਰੂਮ ਵੀ ਸਮਾਰਟ ਬਣਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਵੱਖ-ਵੱਖ ਮੀਟਿੰਗਾਂ ਦੌਰਾਨ ਸਕੂਲ ਮੁਖੀਆਂ ਵੱਲੋਂ ਸਮਾਰਟ ਕਲਾਸ ਰੂਮਜ਼ ਦੀ ਤਰਜ਼ ’ਤੇ ਸਮਾਰਟ ਸਟਾਫ਼ ਰੂਮ ਬਣਾਉਣ ਦੇ ਦਿੱਤੇ ਗਏ ਸੁਝਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਨੇ ਇਹ ਕਦਮ ਚੁੱਕਿਆ ਹੈ। ਜਿਲੇ ਦੇ 85 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਟਾਫ਼ ਰੂਮਜ਼ ਨੂੰ ਨਵਾਂ ਰੂਪ ਦੇਣ ਲਈ 3000 ਰੁਪਏ ਪ੍ਰਤੀ ਸਟਾਫ਼ ਰੂਮ ਫੰਡ ਜਾਰੀ ਕੀਤੇ ਗਏ ਹਨ ਅਤੇ ਬਾਕੀ ਪ੍ਰਬੰਧ ਸਕੂਲਾਂ ਵੱਲੋਂ ਆਪਣੇ ਸਰੋਤਾਂ ਤੋਂ ਕੀਤਾ ਜਾਵੇਗਾ। ਇਸ ਰਾਸ਼ੀ ਫਰਨੀਚਰ, ਖਿੜਕੀਆਂ, ਦਰਵਾਜ਼ੇ ਅੰਦਰੋਂ ਅਤੇ ਬਾਹਰੋਂ ਆਕਰਸ਼ਕ ਪੇਂਟ ਕਰਵਾਉਣ , ਸਟਾਫ਼ ਰੂਮ ਵਿੱਚ ਬਾਲਾ ਵਰਕ ਕਰਵਾਉਣ, ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਵਾਉਣ, ਸਟਾਫ਼ ਦੇ ਜ਼ਰੂਰੀ ਸਮਾਨ ਲਈ ਰੈਕ ਅਤੇ ਅਲਮਾਰੀਆਂ ਦੀ ਸੁਵਿਧਾ, ਬਿਜਲੀ ਪ੍ਰਬੰਧਾਂ ਆਦਿ ਲਈ ਵਰਤੀ ਜਾਵੇਗੀ। ਇਸ ਮਕਸਦ ਲਈ ਸਿੱਖਿਆ ਵਿਭਾਗ ਵੱਲੋਂ ਫਰੀਦਕੋਟ ਜਿਲ੍ਹੇ ਦੇ 85 ਸਮਾਰਟ ਸਕੂਲਾਂ ਲਈ 2.55 ਲੱਖ ਰੁਪਏ ਵੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਸਤਪਾਲ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਉੜਾ, ਸ੍ਰੀ ਜਸਬੀਰ ਜੱਸੀ ਆਦਿ ਹਾਜ਼ਰ ਸਨ।