12 ਸਾਲਾਂ ਤੋਂ ਕੰਟਰੈਕਟ 'ਤੇ ਕੰਮ ਕਰ ਰਹੀ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਨੇ ਕੀਤੀ ਰੈਲਗੂਲਰ ਕਰਨ ਦੀ ਮੰਗ, ਵੀ ਸੀ ਨੂੰ ਲਿਖੀ ਦਰਦ ਭਰੀ ਫਰਿਆਦ
ਜੀ ਐਸ ਪੰਨੂ
ਬਰਨਾਲਾ, 28 ਜੁਲਾਈ 2021 - ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵੱਜੋਂ ਕੰਟਰੈਕਟ 'ਤੇ ਕੰਮ ਕਰ ਰਹੀ ਹਰਪ੍ਰੀਤ ਕੌਰ ਵੱਲੋਂ ਰੈਲਗੂਲਰ ਕਰਨ ਦੀ ਮੰਗ ਕੀਤੀ ਗਈ ਹੈ। ਹਰਪ੍ਰੀਤ ਕੌਰ ਪਿਛਲੇ 12 ਸਾਲ ਤੋਂ ਕੰਟਰੈਕਟ 'ਤੇ ਕਾਮ ਕਰ ਰਹੀ ਹੈ ਜਿਸ ਨੂੰ ਲੈ ਕੇ ਉਸ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵੀ ਸੀ ਨੂੰ ਪੱਕਾ ਕਰਨ ਲਈ ਦਰਦ ਭਰੀ ਫਰਿਆਦ ਲਿਖੀ ਗਈ ਹੈ। ਪੜ੍ਹੋ ਪੂਰੀ ਫਰਿਆਦ...
ਮਾਨਯੋਗ ਵਾਈਸ ਚਾਂਸਲਰ ਸਾਹਿਬ
ਸਤਿ ਸ੍ਰੀ ਅਕਾਲ ਜੀ
ਮੈਂ ਡਾ. ਹਰਪ੍ਰੀਤ ਕੌਰ ਪਿਛਲੇ 12 ਸਾਲ ਤੋਂ (13ਵਾਂ ਸਾਲ ਚਲ ਰਿਹਾ ਹੈ) ਆਪ ਜੀ ਦੇ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ (ਪੰਜਾਬੀ) ਕੰਟਰੈਕਟ ਸੇਵਾ ਨੂੰ ਨਿਭਾਅ ਰਹੀ ਹਾਂ। ਮੈਂ 2009 ਵਿਚ ਇੰਟਰਵਿਊ ਦਿੱਤੀ ਸੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਯੂ ਜੀ ਸੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹਾਂ। 12 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਕੰਟਰੈਕਟ ਤੇ ਹੀ ਹਾਂ। ਸਮੇਂ ਸਮੇਂ ਸੱਤਾ ਵਿੱਚ ਆਈਆਂ ਸਰਕਾਰਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਾਹਿਬਾਨਾਂ ਤੋਂ ਸਿਰਫ ਲਾਰੇ ਮਿਲੇ ਹਨ । UGC ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਸਾਡੀ ਹਾਲਤ ਦਰਜਾ ਚਾਰ ਮੁਲਾਜਮਾਂ ਤੋ ਵੀ ਭੈੜੀ ਹੈ, ਅਸੀਂ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਚੁੱਕੇ ਹਾਂ। ਸਮੇਂ ਸਮੇਂ ਅਸੀਂ ਯੂਨੀਵਰਸਿਟੀ ਅਥਾਰਟੀ ਪਾਸੋਂ ਭੀਖ ਵੀ ਮੰਗੀ ਆ, ਪਰ ਕਿਸੇ ਨੇ ਵੀ ਸਾਡੇ ਦਰਦ ਨੂੰ ਨਹੀਂ ਸਮਝਿਆ, ਸਾਡੇ ਨਾਲੋ ਤਾਂ ਸੇਵਾਦਾਰ ਚੰਗੇ ਹਨ ਸਾਡੇ ਨਾਲੋਂ ਵੱਧ ਤਨਖਾਹ, ਸਾਡੇ ਨਾਲੋਂ ਵੱਧ ਇਜ਼ੱਤ, ਸਾਡੇ ਨਾਲੋਂ ਪਹਿਲਾਂ ਹਰ ਚੀਜ਼।
ਸ਼੍ਰੀਮਾਨ ਜੀ ਅਸੀਂ ਵਿਦਿਆਰਥੀਆਂ ਨੂੰ ਕੀ ਸਿੱਖਿਆ ਦੇਈਏ, ਕਿੱਦਾਂ ਕਹੀਏ ਕਿ ਪੜ੍ਹ ਲਿਖ ਲਵੋ ਵਧੀਆ ਨੌਕਰੀ ਮਿਲ ਜਾਵੇਗੀ, ਉਹ ਸਾਨੂੰ ਅੱਗਿਓਂ ਜਵਾਬ ਦਿੰਦੇ ਮੈਡਮ ਤੁਸੀਂ ਪੜ੍ਹ ਕੇ ਕੀ ਖਟਿਆ? ਸਾਡੇ ਕੋਲ ਓਦੋਂ ਕੋਈ ਜਵਾਬ ਨਹੀਂ ਹੁੰਦਾ। ਰਹਿੰਦਾ ਖੁੰਹਦਾ ਸਾਡੇ ਨਾਲ ਬੜਾ ਭੱਦਾ ਮਜ਼ਾਕ ਤੁਸੀਂ ਐਕਸਟੈਨਸ਼ਨ ਲੇਟਰ ਕੱਢ ਕੇ ਕਰ ਦਿੰਦੇ ਹੋ, ਪਹਿਲਾਂ ਅਸੀਂ till regular ਤੱਕ ਕੰਟਰੈਕਟ ਤੇ ਸੀ ਫੇਰ 1ਸਾਲ ਦਾ ਐਕਸਟੈਨਸ਼ਨ letter ਮਿਲਣ ਲੱਗਾ , ਫੇਰ 6 ਮਹੀਨਿਆਂ ਦਾ, ਫੇਰ 4 ਮਹੀਨਿਆਂ ਦਾ ਤੇ ਹੁਣ ਸਿਰਫ ਕਲਾਸਾਂ ਲਗਾਉਣ,(ਆਪ ਜੀ ਦੇ ਪੱਤਰ ਨੰਬਰ 28150/ਅਮਲ/ਨਿਗ-7/ਸ -20 ,ਮਿਤੀ 20/7/2021), ਇਸ ਤੋਂ ਵੱਧ ਹੋਰ ਸਾਡਾ ਸੋਸ਼ਣ ਕੀ ਹੋਵੇਗਾ, ਹਰ ਮਹੀਨੇ ਸਾਨੂੰ ਤਨਖਾਹ ਲਈ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਰੈਗੂਲਰ ਅਧਿਆਪਕ ਸਮੇਂ ਸਮੇਂ ਆਪਣੇ ਸਾਰੇ ਹੱਕ ਲੈ ਰਹੇ ਹਨ ਤੇ ਅਸੀਂ ਲੋਕ ਹਰ ਵਾਰ ਇਹ ਸੋਚ ਲੈਂਦੇ ਹਾਂ, ਕਿ ਸ਼ਾਇਦ ਤੁਸੀ ਸਾਡੇ ਬਾਰੇ ਕੁਝ ਵਧੀਆ ਸੋਚ ਰਹੇ ਹੋ, ਜਿਸ ਸਮੇਂ ਦੌਰਾਨ ਅਸੀਂ ਆਪਣੀ ਮੈਰਿਟ ਵਧਾਉਣੀ ਸੀ, ਉਹ ਸਮਾਂ ਅਸੀਂ ਯੂਨੀਵਰਸਿਟੀ ਅਥਾਰਟੀ ਤੋਂ ਰੈਗੂਲਰ ਹੋਣ, ਤਨਖਾਹ ਲੈਣ ਲਈ ਤਰਲੇ ਕਰਕੇ ਫਿਰਦੇ ਹਾਂl ਵਾਈਸ ਚਾਂਸਲਰ ਸਾਹਿਬ ਸਾਡਾ ਕਸੂਰ ਕੀ ਹੈ, ਨੈੱਟ, Ph.D ਵਰਗੀ ਉੱਚ ਵਿੱਦਿਆ ਪ੍ਰਾਪਤ ਕਰਕੇ ਜੇਕਰ ਇਹੀ ਹਾਲ ਕਰਨਾ, ਫੇਰ ਨੈੱਟ , Ph.D ਬੰਦ ਕਰ ਦੇਣੀ ਚਾਹੀਦੀ ਹੈ। 12-13 ਸਾਲ ਬਾਅਦ ਅੱਜ ਵੀ ਅਸੀਂ ਓਥੇ ਹੀ ਹਾਂ ਜਿੱਥੋਂ ਚਲੇ ਸੀ, ਬਸ ਉਮਰ ਵੱਧ ਗਈ ਹੈ(40-45ਸਾਲ), ਪੜ੍ਹਨ ਪੜ੍ਹਾਉਣ ਦਾ ਉਤਸ਼ਾਹ ਘੱਟ ਹੋ ਰਿਹਾ ਹੈ ਕਿਉਂਕਿ ਜਦੋਂ ਭਵਿਖ ਖਤਰੇ ਚ ਹੋਵੇ ਫੇਰ ਤੁਸੀ ਆਪ ਹੀ ਸੋਚ ਸਕਦੇ ਹੋ ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕ autonomous body ਹੈ, ਜੋ ਲੋੜ ਮੁਤਾਬਕ ਆਪਣੇ ਫੈਸਲੇ ਆਪ ਲੈਂਦੀ ਹੈ, ਸੋ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਦਰਦ ਨੂੰ ਸਮਝਦੇ ਹੋਏ ਸਾਨੂੰ ਬਣਦਾ ਹੱਕ ਦਿੱਤਾ ਜਾਵੇ ਜੀ। ਇਸ ਪੱਤਰ ਨੂੰ ਲਿਖਣ ਦਾ ਉਦੇਸ਼ ਆਪ ਜੀ ਨੂੰ ਕੇਵਲ ਸਾਡੀ ਸਥਿਤੀ ਤੋਂ ਜਾਣੂ ਕਰਵਾਉਣਾ ਹੈ।
ਡਾ. ਹਰਪ੍ਰੀਤ ਕੌਰ ਰੂਬੀ
ਅਸਿਸਟੈਂਟ ਪ੍ਰੋਫੈਸਰ ਪੰਜਾਬੀ
ਯੂਨੀਵਰਸਿਟੀ ਕਾਲਜ, ਬਰਨਾਲਾ