ਪੰਜਾਬੀ ਯੂਨੀਵਰਸਿਟੀ ਵੱਲੋਂ ਛੇ ਨਵੇਂ 'ਪੰਜ ਸਾਲਾ ਇੰਟੀਗ੍ਰੇਟਿਡ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ' ਸ਼ੁਰੂ
ਜੀ ਐਸ ਪੰਨੂ
ਪਟਿਆਲਾ, 2 ਅਗਸਤ 2021 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਵੇਂ ਅਕਾਦਮਿਕ ਸੈਸ਼ਨ 2021-22 ਤੋਂ ਛੇ ਨਵੇਂ 'ਪੰਜ ਸਾਲਾ ਇੰਟੀਗ੍ਰੇਟਿਡ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ' ਸ਼ੁਰੂ ਕੀਤੇ ਜਾ ਰਹੇ ਹਨ। ਪ੍ਰੈੱਸ ਮਿਲਣੀ ਮੌਕੇ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ਦੇ ਨਵੇਂ ਅਕਾਦਮਿਕ ਰੁਝਾਨਾਂ ਅਨੁਸਾਰ ਬਹੁ-ਅਨੁਸਾਸ਼ਨੀ ਅਤੇ ਅੰਤਰ-ਅਨੁਸਾਸ਼ਨੀ ਪਹੁੰਚ ਅਪਣਾਉਂਦਿਆਂ ਇਨ੍ਹਾਂ ਨਵੇਂ ਕੋਰਸਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਨਵੀਂ ਸਿੱਖਿਆਂ ਨੀਤੀ ਅਨੁਸਾਰ ਵਿਸਵ ਭਰ ਵਿਚ ਕਰੈਡਿਟ ਸਿਸਟਮ ਨੂੰ ਜੋ ਅਹਿਮੀਅਤ ਦਿੱਤੀ ਜਾ ਰਹੀ ਹੈ, ਇਹ ਕੋਰਸ ਉਨ੍ਹਾਂ ਸਾਰੇ ਮਿਆਰਾਂ ਉੱਪਰ ਖਰੇ ਉੱਤਰਦੇ ਹਨ।
ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬੀ ਯੂਨੀਵਰਸਿਟੀ ਅਜਿਹੇ ਕੋਰਸਾਂ ਲਈ ਸਭ ਤੋਂ ਢੁਕਵੀਂ ਥਾਂ ਇਸ ਲਈ ਹੈ ਕਿਉਂਕਿ ਇੱਥੇ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦੀ ਵੰਨ-ਸੁਵੰਨਤਾ ਹੋਰਾਂ ਥਾਵਾਂ ਦੇ ਮੁਕਾਬਲੇ ਸਭ ਤੋਂ ਵਧੇਰੇ ਹੈ। ਵਿਗਿਆਨ, ਕਲਾ, ਭਾਸ਼ਾਵਾਂ, ਕਾਰੋਬਾਰ, ਪੱਤਰਕਾਰੀ ਆਦਿ ਹਰ ਤਰ੍ਹਾਂ ਦੇ ਵਿਸਿ਼ਆਂ ਦੇ ਅਧਿਆਪਕ ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀਆਂ ਦੀ ਢੁਕਵੀਂ ਰਹਿਨੁਮਾਈ ਕਰਨ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਮਕਸਦ ਆਪਣੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਤੋਂ ਇਲਾਵਾ ਗਿਆਨਵਾਨ ਅਤੇ ਵਿਦਵਾਨ ਬਣਾਉਣਾ ਹੁੰਦਾ ਹੈ। ਇਨ੍ਹਾਂ ਕੋਰਸਾਂ ਦੀ ਰੂਪ ਰੇਖਾ ਘੜਦਿਆਂ ਇਨ੍ਹਾਂ ਦੋਹਾਂ ਹੀ ਪੱਖਾਂ ਦਾ ਬਹੁਤ ਬਰੀਕੀ ਨਾਲ ਧਿਆਨ ਰੱਖਿਆ ਗਿਆ ਹੈ।
ਡੀਨ ਅਕਾਦਮਿਕ ਮਾਮਲੇ ਡਾ. ਬਲਵੀਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਛੇ ਖੇਤਰਾਂ ਵਿਚ ਇਹ ਪੰਜ ਸਾਲਾ ਇੰਟੀਗ੍ਰੇਟਿਡ ਕੋਰਸ ਸ਼ੁਰੂ ਕੀਤੇ ਗਏ ਹਨ ਜਿੱਥੇ ਵਿਦਿਆਰਥੀ 10+2 ਤੋਂ ਬਾਅਦ ਮੈਰਿਟ ਅਧਾਰ ਤੇ ਦਾਖਲਾ ਪ੍ਰਾਪਤ ਕਰ ਸਕਦੇ ਹਨ। ਇਹ ਛੇ ਖੇਤਰ ਫਿ਼ਜ਼ੀਕਲ ਐਂਡ ਕੈਮੀਕਲ ਸਾਇੰਸਜ਼, ਬਾਇਲੌਜੀਕਲ ਸਾਇੰਸਜ਼, ਮੈਥੇਮੈਟੀਕਲ ਐਂਡ ਕੰਪਿਊਟੇਸ਼ਨਲ ਸਾਇੰਸਜ਼, ਸੋਸ਼ਲ ਸਾਇੰਸਜ਼, ਲੈਂਗੂਏਜ਼ ਅਤੇ ਪਰਫ਼ੌਰਮਿੰਗ ਐਂਡ ਵਿਜ਼ੂਅਲ ਆਰਟਸ ਨਾਲ ਸੰਬੰਧਤ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ 3+2 ਦੇ ਹਿਸਾਬ ਨਾਲ ਵਿਉਂਤੇ ਗਏ ਹਨ ਭਾਵ ਜੇਕਰ ਕੋਈ ਵਿਦਿਆਰਥੀ ਤਿੰਨ ਸਾਲ ਬਾਅਦ ਛੱਡਣਾ ਚਾਹੇ ਤਾਂ ਉਸ ਨੂੰ ਸੰਬੰਧਿਤ ਵਿਸ਼ੇ ਵਿਚ ਗ੍ਰੈਜੂਏਸ਼ਨ ਡਿਗਰੀ ਪ੍ਰਦਾਨ ਕਰ ਦਿੱਤੀ ਜਾਵੇਗੀ। ਪੂਰੇ ਪੰਜ ਸਾਲ ਲਗਾਉਣ ਵਾਲੇ ਵਿਦਿਆਰਥੀਆਂ ਲਈ ਸੁਵਿਧਾ ਹੋਵੇਗੀ ਕਿ ਉਹ ਬਿਨ੍ਹਾਂ ਕਿਸੇ ਦਾਖਲਾ ਟੈਸਟ ਆਦਿ ਤੋਂ ਹੀ ਪੰਜਾਬੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰ ਸਕਣ ਦੇ ਯੋਗ ਹੋਣਗੇ।
ਇਸ ਮੌਕੇ ਦਾਖਲਾ ਸੈੱਲ ਦੇ ਕੋਆਰਡੀਨੇਟਰ ਡਾ. ਮਨਜੀਤ ਸਿੰਘ ਵੱਲੋਂ ਅੰਕੜਿਆਂ ਦੇ ਅਧਾਰ `ਤੇ ਦੱਸਿਆ ਗਿਆ ਕਿ ਵੱਡੀ ਗਿਣਤੀ ਵਿਚ ਵਿਦਿਆਰਥੀ ਇਨ੍ਹਾਂ ਕੋਰਸਾਂ ਵਿਚ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਦਾਖਲੇ ਸਬੰਧੀ ਰਸਮੀ ਰੂਪ ਵਿਚ ਇਸ਼ਤਿਹਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਦਾਖਲਾ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ।
ਇਨ੍ਹਾਂ ਕੋਰਸਾਂ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਭੌਤਿਕ ਅਤੇ ਰਸਾਇਣਕ ਵਿਗਿਆਨ: ਐਮ.ਐਸ.ਸੀ. (ਆਨਰਜ਼ ਸਕੂਲ) ਭੌਤਿਕ ਵਿਗਿਆਨ ਅਤੇ ਐਮ.ਐਸ.ਸੀ. (ਆਨਰਜ਼ ਸਕੂਲ) ਰਸਾਇਣ ਵਿਗਿਆਨ; ਜੀਵ ਵਿਗਿਆਨ: ਐਮਐਸਸੀ (ਆਨਰਜ਼ ਸਕੂਲ) ਬਾਇਓਟੈਕਨਾਲੌਜੀ, ਐਮ.ਐਸ.ਸੀ. (ਆਨਰਜ਼ ਸਕੂਲ) ਬੌਟਨੀ, ਐਮ.ਐਸ.ਸੀ. (ਆਨਰਜ਼ ਸਕੂਲ) ਜ਼ੂਲੋਜੀ ਅਤੇ ਐਮ.ਐਸਸੀ. (ਆਨਰਜ਼ ਸਕੂਲ) ਹਿਊਮਨ ਜੈਨੇਟਿਕਸ; ਮੈਥੇਮੈਟੀਕਲ ਐਂਡ ਕੰਪਿਊਟੇਸ਼ਨਲ ਸਾਇੰਸਜ਼: ਐਮ.ਐਸ.ਸੀ (ਆਨਰਜ਼ ਸਕੂਲ) ਗਣਿਤ, ਐਮ.ਐਸ.ਸੀ. (ਆਨਰਜ਼ ਸਕੂਲ) ਅੰਕੜਾ ਅਤੇ ਐਮ.ਐਸ.ਸੀ. (ਆਨਰਜ਼ ਸਕੂਲ) ਕੰਪਿਊਟਰ ਸਾਇੰਸ; ਸਮਾਜਿਕ ਵਿਗਿਆਨ: ਐਮ.ਏ (ਆਨਰਜ਼ ਸਕੂਲ) ਅਰਥ ਸ਼ਾਸਤਰ, ਐਮ.ਏ (ਆਨਰਜ਼ ਸਕੂਲ) ਇਤਿਹਾਸ, ਐਮ.ਏ (ਆਨਰਜ਼ ਸਕੂਲ) ਰਾਜਨੀਤੀ ਵਿਗਿਆਨ, ਐਮ.ਏ (ਆਨਰਜ਼ ਸਕੂਲ) ਮਨੋਵਿਗਿਆਨ, ਐਮ.ਏ (ਆਨਰਜ਼ ਸਕੂਲ) ਲੋਕ ਪ੍ਰਸ਼ਾਸਨ, ਐਮ.ਏ (ਆਨਰਜ਼ ਸਕੂਲ) ਦਰਸ਼ਨ ਅਤੇ ਐਮ.ਏ (ਆਨਰਜ਼) ਸਕੂਲ) ਸਮਾਜ ਸ਼ਾਸਤਰ; ਭਾਸ਼ਾਵਾਂ: ਐਮ.ਏ (ਆਨਰਜ਼ ਸਕੂਲ) ਪੰਜਾਬੀ, ਐਮ.ਏ (ਆਨਰਜ਼ ਸਕੂਲ) ਅੰਗਰੇਜ਼ੀ, ਐਮ.ਏ (ਆਨਰਜ਼ ਸਕੂਲ) ਹਿੰਦੀ, ਐਮ ਏ (ਆਨਰਜ਼ ਸਕੂਲ) ਸੰਸਕ੍ਰਿਤ, ਐਮ.ਏ (ਆਨਰਜ਼ ਸਕੂਲ) ਉਰਦੂ ਅਤੇ ਐਮ.ਏ (ਆਨਰਜ਼ ਸਕੂਲ) ਫਾਰਸੀ; ਪਰਫਾਰਮਿੰਗ ਅਤੇ ਵਿਜ਼ੂਅਲ ਆਰਟ: ਐਮ.ਏ (ਆਨਰਜ਼ ਸਕੂਲ) ਥੀਏਟਰ ਐਂਡ ਫਿਲਮਜ਼, ਐਮ.ਏ (ਆਨਰਜ਼ ਸਕੂਲ) ਸੰਗੀਤ (ਵੋਕਲ), ਐਮ.ਏ (ਆਨਰਜ਼ ਸਕੂਲ) ਸੰਗੀਤ (ਸਾਜ਼), ਐਮ.ਏ (ਆਨਰਜ਼ ਸਕੂਲ) ਡਾਂਸ, ਅਤੇ ਐਮ.ਏ (ਆਨਰਜ਼ ਸਕੂਲ) ਫ਼ਾਈਨ ਆਰਟਸ, ਐਮ.ਏ (ਆਨਰਜ਼ ਸਕੂਲ) ਗੁਰਮਤਿ ਸੰਗੀਤ ਆਦਿ ਇਨ੍ਹਾਂ ਕੋਰਸਾਂ ਹੁੰਦੇ ਹਨ।
ਇਨ੍ਹਾਂ ਕੋਰਸਾਂ ਦੇ ਕੋਆਰਡੀਨੇਟਰ ਡਾ. ਸੁਰਜੀਤ ਸਿੰਘ, ਡਾ. ਹਿਮੇਂਦਰ ਭਾਰਤੀ, ਡਾ. ਸ਼ਾਲਿਨੀ ਗੁਪਤਾ, ਡਾ. ਸੰਜੀਵ ਪੁਰੀ, ਡਾ. ਨਿਵੇਦਿਤਾ ਸਿੰਘ ਅਤੇ ਡਾ. ਡੀ.ਕੇ. ਮਦਾਨ ਵੱਲੋਂ ਆਪੋ ਆਪਣੇ ਕੋਰਸ ਬਾਰੇ ਸੰਖੇਪ ਵਿਚ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਵਿਦਿਆਰਥੀਆਂ ਨੂੰ ਇਹ ਖੁੱਲ੍ਹ ਹੋਵੇਗੀ ਕਿ ਜੇਕਰ ਉਹ ਆਪਣੇ ਖੇਤਰ ਤੋਂ ਬਿਲਕੁਲ ਬਾਹਰਲੇ ਵਿਸ਼ੇ ਵਿਚ ਦਿਲਚਸਪੀ ਰਖਦੇ ਹੋਣ ਤਾਂ ਉਹ ਵਿਸ਼ਾ ਵੀ ਚੋਣਵੇਂ ਵਿਸ਼ੇ ਵਜੋਂ ਪੜ੍ਹ ਸਕਦੇ ਹਨ। ਉਦਹਾਰਨ ਵਜੋਂ ਭੌਤਿਕ ਵਿਗਿਆਨ ਦੇ ਵਿਦਿਆਰਥੀ ਨੂੰ ਸੰਗੀਤ ਜਾਂ ਥੀਏਟਰ ਦਾ ਵਿਸ਼ਾ ਲੈਣ ਦੀ ਵੀ ਆਜ਼ਾਦੀ ਹੋਵੇਗੀ ਜੋ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਸਹਾਈ ਹੋਵੇਗੀ। 'ਚੋਣਵੇਂ ਵਿਸ਼ੇ' ਦੇ ਵਿਕਲਪ ਤੋਂ ਇਲਾਵਾ ਹਰੇਕ ਵਿਦਿਆਰਥੀ ਨੂੰ ਪਹਿਲੇ ਦੋ ਸਮੈਸਟਰ ਲਈ ਉਸ ਦੇ ਵਿਸ਼ੇ ਨਾਲ ਸਬੰਧਤ ਹੋਰ ਵਿਸ਼ੇ ਵੀ ਲਾਜ਼ਮੀ ਰੂਪ ਵਿਚ ਪੜ੍ਹਾਏ ਜਾਣਗੇ। ਜਿਵੇਂ ਕਿ ਭਾਸ਼ਾਵਾਂ ਦੇ ਖੇਤਰ ਵਾਲੇ ਵਿਦਿਆਰਥੀਆਂ ਨੂੰ ਪਹਿਲੇ ਸਾਲ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਆਦਿ ਛੇ ਭਾਸ਼ਾਵਾਂ ਦਾ ਮੁੱਢਲਾ ਗਿਆਨ ਦਿੱਤਾ ਜਾਵੇਗਾ।
ਅਜਿਹਾ ਕਰਨ ਨਾਲ ਜਿੱਥੇ ਵਿਦਿਆਰਥੀ ਅੰਦਰ ਸਾਰੀਆਂ ਭਾਸ਼ਾਵਾਂ ਪ੍ਰਤੀ ਇਕ ਬੁਨਿਆਦੀ ਸਮਝ ਪੈਦਾ ਹੋਵੇਗੀ ਉੱਥੇ ਹੀ ਨਾਲ ਹੀ ਉਹ ਆਪਣੇ ਅਗਲੇ ਸਾਲਾਂ ਲਈ ਢੁਕਵਾਂ ਵਿਸ਼ਾ ਚੁਣਨ ਦੀ ਸੂਝ ਵੀ ਗ੍ਰਹਿਣ ਕਰੇਗਾ। ਕੋਆਰਡੀਨੇਟਰਜ਼ ਵੱਲੋਂ ਆਪਣੀ ਚਰਚਾ ਦੌਰਾਨ ਦੱਸਿਆ ਗਿਆ ਕਿ ਅਜਿਹਾ ਕਰਨ ਨਾਲ ਵੱਖ-ਵੱਖ ਫ਼ੈਕਲਟੀਜ਼ ਦੇ ਆਪਸ ਵਿਚ ਨਿਰੰਤਰ ਸੰਵਾਦ ਲਈ ਵੀ ਇਕ ਮਾਹੌਲ ਬਣਿਆ ਹੈ ਜੋ ਨਿਸ਼ਚੇ ਹੀ ਪੰਜਾਬੀ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਦੀ ਬਿਹਤਰ ਸਿਰਜਣਾ ਲਈ ਸਹਾਈ ਸਿੱਧ ਹੋਵੇਗਾ। ਇਸ ਮੌਕੇ ਰਜਿਸਟਰਾਰ ਡਾ. ਵਰਿੰਦਰ ਕੌਸ਼ਿਕ ਅਤੇ ਡਾਇਰੈਕਟਰ ਲੋਕ ਸੰਪਰਕ ਡਾ. ਹੈਪੀ ਜੇਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਇਹ ਕੋਰਸਾਂ ਨੂੰ ਲਾਗੂ ਕਰਨ ਦਾ ਫਾਇਦਾ ਵੀ ਉਠਾਇਆ ਜਾ ਸਕਦਾ ਹੈ ਕਿ ਨਹੀਂ ਇਕ ਸਵਾਲ ਖੜ੍ਹਾ ਹੁੰਦਾ ਹੈ ।ਇਕ ਬੱਚੇ ਨੂੰ ਜੋ ਆਪਣੇ ਸਕੂਲ ਵਿੱਚੋਂ ਇੱਕ ਟੀਚਾ ਬੰਨ੍ਹ ਕੇ ਨਿਕਲਦਾ ਹੈ ਮੁੜ ਬੇਲੋੜੇ ਸਬਜੈਕਟ ਤੇ ਇਕ ਸਾਲ ਲਗਾਉਣਾ ਪਵੇਗਾ ਜਦੋਂ ਕਿ ਉਹ ਮੁੜ ਆਪਣੇ ਅਸਲ ਸਬਜੈਕਟ ਤੇ ਆ ਸਕਦਾ ਹੈ। ਕਿ ਇਸ ਤਜਵੀਜ਼ ਨੂੰ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਮਾਨਤਾ ਦੇਣਗੀਆਂ ਕਿ ਨਹੀਂ ਕੋਈ ਜਾਣਕਾਰੀ ਨਹੀਂ ਹੈ ਬਾਹਰਲੇ ਮੁਲਕ ਇਸ ਨੂੰ ਕਿਵੇਂ ਲੈਣਗੇ ਅਜੇ ਕੋਈ ਜਾਣਕਾਰੀ ਨਹੀਂ ਹੈ?