ਸਿੱਖਿਆ ਸਕੱਤਰ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ
ਬਰਨਾਲਾ, 15 ਸਤੰਬਰ 2021 - ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀਆਂ ਸਕੂਲ ਪੱਧਰ 'ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਕੀਤਾ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੀਆ ਦੇ ਦੌਰੇ ਦੌਰਾਨ ਉਹਨਾਂ ਵਿਦਿਆਰਥੀਆਂ ਦੀਆਂ ਚੱਲ ਰਹੀਆਂ ਸਤੰਬਰ ਪ੍ਰੀਖਿਆਵਾਂ ਦੇ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਪ੍ਰੀਖਿਆਵਾਂ ਦਾ ਵਿਦਿਆਰਥੀਆਂ ਦੀਆਂ ਸਾਲਾਨਾ ਵਿੱਦਿਅਕ ਪ੍ਰਾਪਤੀਆਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਲਈ ਬਹੁਤ ਅਹਿਮ ਹੈ।
ਸਿੱਖਿਆ ਸਕੱਤਰ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਹੇਠ ਜਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇਖਣ ਦੌਰਾਨ ਸੂਬੇ ਨੂੰ ਪਹਿਲੇ ਨੰਬਰ 'ਤੇ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲੇ ਕਾਬਲੇਤਾਰੀਫ ਹਨ।ਸਿੱਖਿਆ ਸਕੱਤਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੀਆ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਪੜ੍ਹਾਈ ਦੀ ਸਥਿਤੀ ਬਾਰੇ ਗੱਲਬਾਤ ਵੀ ਕੀਤੀ ਗਈ।ਉਹਨਾਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਹਰ ਖੇਤਰ 'ਚ ਬਿਹਤਰੀਨ ਪ੍ਰਾਪਤੀਆਂ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਪ੍ਰਸੰਸਾ ਕਰਦਿਆਂ ਸਕੂਲ ਦੇ ਬੁਨਿਆਦੀ ਢਾਂਚੇ ਅਤੇ ਵਿੱਦਿਅਕ ਪ੍ਰਾਪਤੀਆਂ ਪੱਖੋਂ ਬਦਲੀ ਨੁਹਾਰ 'ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।