ਸਰਕਾਰੀ ਕਾਲਜਾਂ ਦੇ ਅਸਲੀ ਵਾਰਿਸ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ
ਹਰੀਸ਼ ਕਾਲੜਾ
ਰੂਪਨਗਰ,13 ਅਕਤੂਬਰ 2021:ਪੰਜਾਬ ਦੇ ਸਰਕਾਰੀ ਕਾਲਜਾਂ ਦੀ ਵਿਰਾਸਤ ਨੂੰ ਸਾਂਭਣ ਵਾਲੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਹਨ। ਜਦੋਂ ਇਹਨਾਂ ਸਰਕਾਰੀ ਕਾਲਜਾਂ ਵਿਚ ਥੋੜ੍ਹੀਆਂ ਤਨਖਾਹਾਂ ਤੇ ਆਉਣ ਲਈ ਕੋਈ ਤਿਆਰ ਨਹੀਂ ਸੀ ਹੁੰਦਾ ਉਦੋਂ ਤੋਂ ਇਹ ਗੈੱਸਟ ਪ੍ਰੋਫੈਸਰ ਸਰਕਾਰੀ ਕਾਲਜਾਂ ਵਿਚ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਨੌਜਵਾਨਾਂ ਨੇ ਆਪਣੀ ਜਿੰਦਗੀ ਦੇ ਸੁਨਹਿਰੀ ਸਮੇਂ ਨੂੰ ਸਰਕਾਰੀ ਕਾਲਜਾਂ ਨੂੰ ਚਲਾਉਣ ਲਈ ਲਗਾਇਆ ਹੈ। ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਵਿਦਿਆਰਥੀਆਂ ਨੂੰ ਰੂਹ ਨਾਲ ਪੜ੍ਹਾਇਆ ਅਤੇ ਇਸ ਯੋਗ ਬਣਾਇਆ ਕਿ ਉਹ ਆਪਣਾ ਭਵਿੱਖ ਰੁਸ਼ਨਾ ਸਕਣ। ਗੈੱਸਟ ਪ੍ਰੋਫੈਸਰਾਂ ਤੋਂ ਪੜ੍ਹ ਕੇ ਵਿਦਿਆਰਥੀ ਉੱਚ ਅਹੁਦਿਆਂ ਤੇ ਬਿਰਾਜਮਾਨ ਹੋਏ ਹਨ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ। ਪੜ੍ਹਾਉਣ ਦੇ ਨਾਲ-ਨਾਲ ਐਨ.ਐਸ.ਐਸ, ਐਨ.ਸੀ.ਸੀ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਇਹਨਾਂ ਵੱਲੋਂ ਤਰਾਸ਼ੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।
ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਦਰਦ ਭਰੀ ਦਾਸਤਾਨ ਨੂੰ ਸੁਣ ਕੇ ਹਰ ਪੰਜਾਬੀ ਪਿਆਰੇ ਦੇ ਰੌਗਟੇਂ ਖੜ੍ਹੇ ਹੋ ਜਾਣਗੇ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਦੇ ਹਨ। ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ 18-19 ਸਾਲ ਸਰਕਾਰੀ ਕਾਲਜਾਂ ਵਿਚ ਕੰਮ ਕਰਨ ਬਦਲੇ ਅੱਜ 24 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ ਜਿਸ ਨਾਲ ਅੰਤਾਂ ਦੀ ਮਹਿੰਗਾਈ ਵਿੱਚ ਗੁਜ਼ਾਰਾ ਕਰਨਾਂ ਅਸੰਭਵ ਹੈ। ਕੁਝ ਲੋਕ ਸਰਕਾਰੀ ਕਾਲਜਾਂ ਨੂੰ ਬਚਾਉਣ ਦੀ ਦੁਹਾਈ ਪਾ ਰਹੇ ਹਨ ਜੋ ਕੋਰਾ ਝੂਠ ਹੈ। ਸਾਨੂੰ ਲੱਗਦਾ ਹੈ ਕਿ ਜਾਂ ਤਾਂ ਉਹ ਨਿਆਣੀ ਮੱਤ ਹੋਣ ਕਰਕੇ ਸਰਕਾਰੀ ਕਾਲਜਾਂ ਨੂੰ ਖੂਨ ਪਸੀਨੇ ਨਾਲ ਸਿੰਜਣ ਵਾਲੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਬਾਰੇ ਜਾਣਕਾਰੀ ਨਹੀਂ ਰੱਖਦੇ ਜਾਂ ਜਾਣ ਬੁੱਝ ਕੇ ਲੋਕਾਈ ਤੋਂ ਅਸਲੀਅਤ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਵਿਚੋਂ ਬਹੁਤੇ ਅਜਿਹੇ ਹਨ ਜੋ ਸਰਕਾਰੀ ਕਾਲਜਾਂ ਵਿਚ ਪੈਸਾ ਘੱਟ ਹੋਣ ਦੇ ਕਾਰਨ ਉਸ ਵੇਲੇ ਇਹਨਾਂ ਕਾਲਜਾਂ ਤੋਂ ਮੂੰਹ ਮੋੜ ਕੇ ਏਡਿਡ ਅਤੇ ਯੂਨੀਵਰਸਿਟੀ ਕਾਲਜਾਂ ਵਿਚ ਜਾ ਵੜੇ ਸਨ ਅਤੇ ਅੱਜ ਸਰਕਾਰੀ ਕਾਲਜਾਂ ਨੂੰ ਬਚਾਉਣ ਦੀ ਗੱਲ ਕਰਕੇ ਹਮਦਰਦੀ ਬਟੋਰਨਾ ਚਾਹੁੰਦੇ ਹਨ। ਬਹੁਤ ਵੱਡਾ ਸਵਾਲ ਇਹ ਹੈ ਕਿ ਜਦੋਂ ਸਮੇਂ ਦੀਆਂ ਹਕੂਮਤਾਂ ਵੱਲੋਂ ਧੜਾ-ਧੜ ਪ੍ਰਈਵੇਟ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਮਾਨਤਾ ਦਿੱਤੀ ਜਾ ਰਹੀ ਸੀ ਉਸ ਸਮੇਂ ਸਰਕਾਰੀ ਕਾਲਜਾਂ ਨੂੰ ਬਚਾਉਣ ਵਾਲਾ ਨਾਅਰਾ ਲਗਾਉਣ ਵਾਲੇ ਕਿਥੇ ਸਨ।
ਦਿਲਚਸਪ ਗੱਲ ਇਹ ਵੀ ਹੈ ਕਿ ਸਰਕਾਰੀ ਕਾਲਜਾਂ ਨੂੰ ਬਚਾਉਣ ਦੀ ਗੱਲ ਕਰਨ ਵਾਲੇ ਬਹੁਤੇ ਸਾਥੀ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਤੋਂ ਹੀ ਪੜ੍ਹੇ ਹੋਏ ਹਨ। ਪੜ੍ਹ- ਲਿਖ ਕੇ ਰੋਜਗਾਰ ਮੰਗਣਾਂ ਹਰ ਇਕ ਦਾ ਬੁਨਿਆਦੀ ਹੱਕ ਹੈ ਅਤੇ ਇਸ ਹੱਕ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਵੀ ਕਰਨਾ ਚਾਹੀਦਾ ਹੈ ਪਰ ਕੁਝ ਕੁ ਲੋਕਾਂ ਵੱਲੋਂ ਮੌਜੂਦਾ ਸਰਕਾਰ ਦੇ ਅਖੀਰਲੇ ਸਮੇਂ ਵਿਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਸਰਕਾਰੀ ਕਾਲਜਾਂ ਨੂੰ ਬਚਾਉਣ ਦੀਆਂ ਡੀਗਾਂ ਮਾਰੀਆਂ ਜਾ ਰਹੀਆਂ ਹਨ ਤਾਂ ਜੋ ਉਹਨਾਂ ਦੇ ਨਿਜੀ ਸਵਾਰਥਾਂ ਦੀ ਪੂਰਤੀ ਹੋ ਸਕੇ।
ਪੰਜਾਬ ਦੇ ਕੁੱਲ 48 ਸਰਕਾਰੀ ਕਾਲਜਾਂ ਵਿਚ 1873 ਮੰਨਜੂਰਸ਼ੁਦਾ ਅਸਾਮੀਆਂ ਹਨ ਜੋ ਲਗਭਗ 5 ਦਹਾਕਿਆਂ ਤੋਂ ਵਧਾਈਆਂ ਨਹੀਂ ਗਈਆਂ। ਚਾਹੀਦਾ ਇਹ ਹੈ ਕਿ ਸਰਕਾਰੀ ਕਾਲਜਾਂ ਦੇ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਣ ਕਾਰਨ ਹੋਰ ਅਸਾਮੀਆਂ ਨੂੰ ਮੰਨਜੂਰੀ ਦੇਣ ਦੀ ਮੰਗ ਵੱਡੇ ਪੱਧਰ ਤੇ ਉਠਾਈ ਜਾਵੇ ਤਾਂ ਜੋ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਹੋ ਸਕਣ। ਭਾਵੇ 16 ਨਵੇਂ ਸਰਕਾਰੀ ਕਾਲਜ ਪੰਜਾਬ ਸਰਕਾਰ ਵੱਲੋਂ ਖੋਲ ਦਿੱਤੇ ਗਏ ਹਨ ਪਰ ਉਹਨਾਂ ਵਿਚ ਵੀ ਸਿਰਫ ਤੇ ਸਿਰਫ 160 ਅਸਾਮੀਆਂ ਅਧਿਆਪਨ ਅਮਲੇ ਦੀਆਂ ਹੀ ਹਨ। ਨਵੇਂ ਸਰਕਾਰੀ ਕਾਲਜਾਂ ਵਿਚ ਵੀ ਪੁਰਾਣੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਤਬਦੀਲ ਕੀਤੇ ਗਏ ਹਨ ਜੋ ਦਿਨ ਰਾਤ ਮਿਹਨਤ ਕਰਕੇ ਇਹਨਾਂ ਕਾਲਜਾਂ ਨੂੰ ਚਲਾਉਣ ਲਈ ਤਤਪਰ ਹਨ।
ਬਹੁਤ ਸਾਰੇ ਮਹਿਲਾ ਅਧਿਆਪਕ ਆਪਣੇ ਪਿੱਤਰੀ ਸਟੇਸ਼ਨਾਂ ਤੋਂ 150-200 ਕਿਲੋਮੀਟਰ ਦਾ ਸਫਰ ਤੇਅ ਕਰਕੇ ਵੀ ਨਵੇਂ ਸਰਕਾਰੀ ਕਾਲਜਾਂ ਨੂੰ ਸਾਭਣ ਲਈ ਯਤਨਸ਼ੀਲ ਹਨ। ਸਰਕਾਰੀ ਕਾਲਜਾਂ ਦੇ ਅਸਲੀ ਵਾਰਿਸ 962 ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਹਨ ਜਿਨ੍ਹਾਂ ਨੇ ਸਰਕਾਰੀ ਕਾਲਜਾਂ ਅਤੇ ਇਹਨਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਦਾਅ ਤੇ ਲਗਾ ਦਿੱਤਾ ਹੈ। ਸਮੂਹ 962 ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਆਪਣੀ ਨੌਕਰੀ ਨੂੰ ਸੁਰੱਖਿਅਤ ਕਰਨ ਅਤੇ ਆਪਣੇ ਨਾਲ ਹੋ ਰਹੇ ਆਰਥਿਕ ਸ਼ੋਸ਼ਣ ਤੋਂ ਨਿਜਾਤ ਪਾਉਣ ਲਈ ਸਰਕਾਰ ਤੋਂ ਸਹਿਯੋਗ ਦੀ ਆਸ ਕਰਦੇ ਹਨ।