ਨੌਜਵਾਨ ਪੀੜੀ ਨੂੰ ਲੋਕਤੰਤਰ ਦੀਆਂ ਸੰਸਥਾਵਾਂ, ਪ੍ਰੀਕਿਰਿਆਵਾਂ ਅਤੇ ਤਰੀਕਿਆਂ ਤੋਂ ਜਾਣੂ ਕਰਵਾਉਣਾ ਜ਼ਰੂਰੀ: ਓਮ ਬਿਰਲਾ ਲੋਕ ਸਭਾ ਸਪੀਕਰ
ਹਰਜਿੰਦਰ ਸਿੰਘ ਭੱਟੀ
- ਬਾਬਾ ਸਾਹਿਬ ਨੇ ਕਦਰਾਂ ਕੀਮਤਾਂ ਨੂੰ ਜੋੜ ਕੇ ਪ੍ਰਾਚੀਨ ਸੱਭਿਅਤਾ ਨੂੰ ਇੱਕ ਆਧੁਨਿਕ ਦੇਸ਼ 'ਚ ਬਦਲਣ ਲਈ ਨਰੋਏ ਸੰਵਿਧਾਨ ਦਾ ਨਿਰਮਾਣ ਕੀਤਾ: ਸਾਂਸਦ ਮਨੀਸ਼ ਤਿਵਾੜੀ
- ਨੌਜਵਾਨੀ ਨੂੰ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨਾਲ ਜੋੜਨ ਦੇ ਉਦੇਸ਼ ਨਾਲ ਚੰਡੀਗੜ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਨੈਸ਼ਨਲ ਯੂਥ ਪਾਰਲੀਮੈਂਟ ਦਾ ਆਗ਼ਾਜ਼
- ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਲਈ ਦੇਸ਼ ਦੀਆਂ 317 ਯੂਨੀਵਰਸਿਟੀਆਂ ਤੋਂ 2 ਹਜ਼ਾਰ ਦੇ ਕਰੀਬ ਵਿਦਿਆਰਥੀ ਆਉਣਗੇ ਇੱਕ ਮੰਚ 'ਤੇ
ਚੰਡੀਗੜ੍ਹ, 14 ਅਕਤੂਬਰ 2021 - ਆਜ਼ਾਦੀ ਤੋਂ ਬਾਅਦ 75 ਸਾਲਾਂ ਦੀ ਯਾਤਰਾ 'ਚ ਸਾਡਾ ਲੋਕਤੰਤਰ ਨਿਰੰਤਰ ਸਸ਼ਕਤ ਹੋਇਆ ਹੈ। ਨੌਜਵਾਨ ਪੀੜੀ ਨੂੰ ਲੋਕਤੰਤਰ ਦੀਆਂ ਸੰਸਥਾਵਾਂ, ਪ੍ਰੀਕਿਰਿਆਵਾਂ ਅਤੇ ਤਰੀਕਿਆਂ ਤੋਂ ਜਾਣੂ ਕਰਵਾਉਣਾ ਵੀ ਮਹੱਤਵਪੂਰਨ ਹੈ। ਯੂਥ ਪਾਰਲੀਮੈਂਟ ਵਰਗੇ ਉਦਮਾਂ ਦੇ ਮਾਧਿਅਮ ਰਾਹੀਂ ਨੌਜਵਾਨ ਪੀੜੀ ਨੂੰ ਲੋਕਤੰਤਰਿਕ ਮੁੱਲਾਂ ਅਤੇ ਆਦਰਸ਼ਾਂ ਤੋਂ ਜਾਣੂ ਕਰਵਾਉਣਾ ਆਸਾਨ ਹੋ ਜਾਂਦਾ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਕੀਤਾ। ਇਸ ਮੌਕੇ ਉਹ ਚੰਡੀਗੜ੍ਹ ਯ੍ਹੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ਜਾ ਰਹੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੈਸ਼ਨਲ ਯੂਥ ਪਾਰਲੀਮੈਂਟ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਾਂਸਦ ਸ਼੍ਰੀ ਮਨੀਸ਼ ਤਿਵਾੜੀ, ਸੰਸਦ ਮੈਂਬਰ ਸ਼੍ਰੀ ਰਿਤੇਸ਼ ਪਾਂਡੇ ਅਤੇ ਹਰਿਆਣਾ ਦੇ ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਦਰੂ (ਆਈ.ਏ.ਐਸ) ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਸਾਡੇ ਲੋਕਤੰਤਰ ਅਤੇ ਸੰਵਿਧਾਨ ਨਾਲ ਜੋੜਨ ਦੇ ਉਦੇਸ਼ ਨਾਲ ਦੋ ਰੋਜ਼ਾ ਨੈਸ਼ਨਲ ਯੂਥ ਪਾਰਲੀਮੈਂਟ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਯੂਥ ਸੰਸਦ 'ਚ ਭਾਰਤ ਦੇ ਸਾਰੇ ਰਾਜਾਂ ਤੋਂ ਵਿਦਿਆਰਥੀ ਹਿੱਸਾ ਲੈ ਕੇ ਇੱਕ ਮੰਚ 'ਤੇ ਦੇਸ਼ ਦੇ ਮੌਜੂਦਾ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਦੇ ਨਾਲ-ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਯੂਥ ਪਾਰਲੀਮੈਂਟ ਦੇ ਪਹਿਲੇ ਰਾਊਂਡ ਲਈ ਦੇਸ਼ ਦੀਆਂ 317 ਯੂਨੀਵਰਸਿਟੀਆਂ ਤੋਂ 1940 ਵਿਦਿਆਰਥੀ ਭਾਗ ਲੈਣਗੇ ਜਦਕਿ ਦੂਜੇ ਰਾਊਂਡ ਲਈ 120 ਯੂਨੀਵਰਸਿਟੀਆਂ ਦੇ 190 ਤੋਂ ਵੱਧ ਵਿਦਿਆਰਥੀ ਸ਼ਿਰਕਤ ਕਰਨਗੇ ਅਤੇ ਆਖਰੀ ਰਾਊਂਡ ਨੂੰ ਚਾਰ ਸੈਸ਼ਨਾਂ 'ਚ ਵੰਡਿਆ ਜਾਵੇਗਾ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਅਜਿਹੀਆਂ ਚਰਚਾਵਾਂ ਅਤੇ ਸੰਵਾਦ ਲੋਕਤੰਤਰ ਦੀ ਸਭ ਤੋਂ ਵੱਡੀ ਸ਼ਕਤੀ ਹੈ।ਸਾਡਾ ਦੇਸ਼ ਦੁਨੀਆਂ ਦੀ ਸਭ ਤੋਂ ਪ੍ਰਾਚੀਨ ਲੋਕਤੰਤਰਿਕ ਪ੍ਰਣਾਲੀ ਵਾਲਾ ਦੇਸ਼ ਹੈ ਜਦਕਿ ਸਾਡੀ ਜੀਵਨ ਸ਼ੈਲੀ, ਸਾਡੀ ਸੋਚ ਅਤੇ ਸਾਡੇ ਕੰਮਾਂ ਵਿੱਚ ਸਾਡਾ ਲੋਕਤੰਤਰ ਵਸਦਾ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਬੀ.ਆਰ ਅੰਬੇਦਕਰ ਅਤੇ ਹੋਰ ਮਹਾਨ ਸਖ਼ਸ਼ੀਅਤਾਂ ਦੁਆਰਾ ਤਿਆਰ ਕੀਤੇ ਸਾਡੇ ਸੰਵਿਧਾਨ ਨੇ ਇੱਕ ਮਜ਼ਬੂਤ ਸੰਘੀ ਰਾਜ ਦੀ ਨੀਂਹ ਰੱਖਣ ਦੇ ਨਾਲ-ਨਾਲ ਨਾਗਰਿਕਾਂ ਲਈ ਅਧਿਕਾਰਾਂ ਅਤੇ ਕਰਤੱਬਾਂ ਦੀ ਇੱਕ ਆਦਰਸ਼ ਰੂਪਰੇਖਾ ਵੀ ਤਿਆਰ ਕੀਤੀ ਹੈ।ਉਨਾਂ ਦੱਸਿਆ ਕਿ ਸਮਾਜ ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨ ਪੀੜੀ ਨੂੰ ਸੰਵਿਧਾਨ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਕੇ.ਵਾਈ.ਸੀ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕਤੰਤਰ ਦੀ ਮੂਲ ਭਾਵਨਾ ਸੰਵਾਦ, ਬਹਿਸ ਅਤੇ ਵਿਚਾਰ ਵਟਾਂਦਰਾ ਹੈ ਅਤੇ ਸਾਡੇ ਲੋਕਤੰਤਰ 'ਚ ਸਾਰੇ ਹਿੱਤਧਾਰਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਹੈ।ਉਨਾਂ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਸ਼ਕਤੀ 'ਤੇ ਨਿਰਭਰ ਕਰਦਾ ਹੈ। ਸਾਡੀ ਨੌਜਵਾਨ ਸ਼ਕਤੀ 'ਚ ਅਥਾਂਹ ਊਰਜਾ, ਜੋਸ਼ ਅਤੇ ਉਤਸ਼ਾਹ ਹੈ ਜੋ ਆਪਣੀ ਰਚਨਾਤਮਕ ਸੋਚ ਸਦਕਾ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾ ਸਕਦੇ ਹਨ।
ਰਾਸ਼ਟਰੀ ਯੁਵਾ ਸੰਸਦ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਡਾ. ਭੀਮ ਰਾਓ ਨੂੰ ਸਮਰਪਿਤ ਰਾਸ਼ਟਰੀ ਯੁਵਾ ਸੰਸਦ ਵਿਦਿਆਰਥੀਆਂ ਲਈ ਮਹੱਤਵਪੂਰਨ ਸਾਬਤ ਹੋਵੇਗੀ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਕੁੱਝ ਕਦਰਾਂ ਕੀਮਤਾਂ ਨੂੰ ਜੋੜ ਕੇ ਪ੍ਰਾਚੀਨ ਸੱਭਿਅਤਾ ਨੂੰ ਇੱਕ ਆਧੁਨਿਕ ਦੇਸ਼ ਵਿੱਚ ਬਦਲਣ ਲਈ ਇੱਕ ਨਰੋਆ ਸੰਵਿਧਾਨ ਬਣਾਇਆ ਅਤੇ ਭਾਰਤ ਦੀ ਸੰਸਦੀ ਪ੍ਰਣਾਲੀ ਵੀ ਵਿਵਸਥਾ ਕੀਤੀ। ਇਸ ਪ੍ਰਣਾਲੀ ਵਿੱਚ ਵਿਧਾਨ ਸਭਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਇਕਸੁਰਤਾ ਵਿੱਚ ਕੰਮ ਕਰ ਸਕਦੀਆਂ ਹਨ, ਤਾਂ ਜੋ ਅਧਿਕਾਰ ਦੀ ਕੋਈ ਵੀ ਦੁਰਵਰਤੋਂ ਨਾ ਕਰ ਸਕੇ। ਉਨਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਲੋਕਤੰਤਰ ਦਾ ਆਪਣਾ ਇਤਿਹਾਸ ਹੈ। ਆਧੁਨਿਕ ਭਾਰਤ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ, ਜਵਾਹਰ ਲਾਲ ਨਹਿਰੂ ਅਤੇ ਹੋਰ ਗਿਆਨਵਾਨ ਅਤੇ ਦੂਰਦਰਸ਼ੀ ਸਖ਼ਸ਼ੀਅਤਾਂ ਸਨ, ਜਿਨਾਂ ਨੇ ਦੇਸ਼ ਵਾਸ਼ੀਆਂ ਨੂੰ ਆਧੁਨਿਕ ਰਾਸ਼ਟਰ ਦੇ ਸੰਕਲਪ ਨੂੰ ਸਮਝਾਉਣ ਲਈ ਬ੍ਰਿਟਿਸ਼ ਜੇਲਾਂ 'ਚ ਕਈ ਦਹਾਕੇ ਬਿਤਾਏ। ਉਨਾਂ ਕਿਹਾ ਕਿ ਅੱਜ ਇਹ ਸਮਝਨ ਦੀ ਲੋੜ ਹੈ ਕਿ ਕਿਵੇਂ ਸਾਡੇ ਦਾਰਸ਼ਨਿਕ ਅਤੇ ਗਿਆਨਵਾਨ ਨੇਤਾ ਪ੍ਰਾਚੀਨ ਸੱਭਿਅਤਾ ਨੂੰ ਆਧੁਨਿਕ ਭਾਰਤ ਵਿੱਚ ਬਦਲਣਾ ਚਾਹੁੰਦੇ ਸਨ।ਉਨਾਂ ਨੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਜਾਂ ਬਾਅਦ 'ਚ ਅੰਗਰੇਜ਼ਾਂ ਦੁਆਰਾ ਬਣਾਈਆਂ ਇਮਾਰਤਾਂ ਨੂੰ ਢਾਹੁਣ ਬਾਰੇ ਨਹੀਂ ਸੋਚਿਆ ਸੀ, ਕਿਉਂਕਿ ਉਨਾਂ ਦਾ ਉਦੇਸ਼ ਲੋਕਾਂ ਨੂੰ ਸਹੀ ਮਾਰਗ 'ਤੇ ਲਿਆ ਕੇ ਇੱਕ ਆਧੁਨਿਕ ਭਾਰਤ ਦਾ ਨਿਰਮਾਣ ਕਰਨਾ ਸੀ।
ਸ਼੍ਰੀ ਤਿਵਾੜੀ ਨੇ ਕਿਹਾ ਕਿ ਬਦਕਿਸਮਤੀ ਨਾਲ ਉਨਾਂ ਗਿਆਨਵਾਨ ਵਿਅਕਤੀਆਂ ਦੀ ਦ੍ਰਿਸ਼ਟੀ ਪਿਛਲੇ ਕੁੱਝ ਦਹਾਕਿਆਂ ਤੋਂ ਮੱਧਮ ਹੋ ਗਈ ਹੈ। ਵਰਤਮਾਨ ਵਿੱਚ ਰਾਜਨੀਤੀ ਵਿੱਚ ਦਲ ਬਦਲਣ ਦਾ ਰੁਝਾਨ ਵਧ ਗਿਆ ਹੈ, ਇਸਦੇ ਲਈ ਕੁੱਝ ਉਚਿਤ ਕਦਮ ਚੁੱਕਣ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ 1985 ਵਿੱਚ ਦਲ-ਬਦਲ ਵਿਰੋਧੀ ਕਾਨੂੰਨ ਸ਼੍ਰੀ ਰਾਜੀਵ ਗਾਂਧੀ ਵੱਲੋਂ ਪਾਸ ਕੀਤਾ ਗਿਆ ਸੀ, ਜਿਸ ਅਨੁਸਾਰ ਸਦਨ ਦੇ ਸਪੀਕਰ ਨੂੰ ਮੈਂਬਰਾਂ ਦੀ ਅਯੋਗਤਾ ਬਾਰੇ ਫੈਸਲੇ ਲੈਣ ਦੀ ਸ਼ਕਤੀ ਦਿੱਤੀ ਗਈ ਸੀ।ਉਨਾਂ ਕਿਹਾ ਕਿ ਇਸ ਵੇਲੇ ਸੰਸਦ ਮੈਂਬਰ ਲੋਕਾਂ ਅਤੇ ਕਾਰਜਪਾਲਿਕਾ ਦੇ ਵਿਚਕਾਰ ਸਿਰਫ਼ ਮੱਧ ਪੁਰਸ਼ ਦੀ ਭੂਮਿਕਾ ਨਿਭਾ ਰਿਹਾ ਹੈ।ਇਸਦਾ ਮੁੱਢਲਾ ਕੰਮ ਰਾਜ ਅਤੇ ਦੇਸ਼ ਲਈ ਬਿਹਤਰ ਕਾਨੂੰਨ ਬਣਾਉਣਾ ਹੈ, ਜੋ ਪੂਰੀ ਤਰਾਂ ਖ਼ਤਮ ਹੋ ਗਿਆ ਹੈ।
ਇਸ ਦੌਰਾਨ ਉਨਾਂ ਆਂਗਣਵਾੜੀ ਵਰਕਰਾਂ ਦੀਆਂ ਸੇਵਾਵਾਂ ਨੂੰ ਸਲਾਮ ਕਰਦਿਆਂ ਸ਼੍ਰੀ ਰਿਤੇਸ਼ ਪਾਂਡੇ ਕਿਹਾ ਕਿ ਆਂਗਣਵਾੜੀ ਵਰਕਰਾਂ ਸਿਹਤ, ਪੋਸ਼ਣ ਅਤੇ ਮਰਦਮਸ਼ੁਮਾਰੀ ਵਰਗੇ ਤਿੰਨ-ਤਿੰਨ ਵਿਭਾਗਾਂ ਲਈ ਸੇਵਾਵਾਂ ਨਿਭਾਉਂਦੀਆਂ ਹਨ, ਪਰ ਉਨਾਂ ਦਾ ਮਿਹਨਤਾਨਾਂ ਸਤਿਕਾਰਯੋਗ ਨਹੀਂ ਹੈ, ਜਿਸ 'ਤੇ ਵਿਚਾਰ ਕਰਨ ਦੀ ਲੋੜ ਹੈ। ਇਸ ਦੌਰਾਨ ਉਨਾਂ ਜਲਵਾਯੂ ਪਰਿਵਰਤਨ ਵਰਗੇ ਪੇਚੀਦਾ ਮੁੱਦਿਆਂ 'ਤੇ ਵਿਚਾਰ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੁੱਦਾ ਸਮੁੱਚੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ। ਉਨਾਂ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਨੂੰ ਵੋਟ ਮੁੱਦੇ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ ਇਨਾਂ ਮੁੱਦਿਆਂ ਪ੍ਰਤੀ ਜਾਗਰੂਕ ਹੋਣ। ਉਨਾਂ ਕਿਹਾ ਕਿ ਅਸੀਂ ਜਿਸ ਸਮਾਜ 'ਚ ਰਹਿ ਰਹੇ ਹਾਂ ਉਥੇ ਭਵਿੱਖ 'ਚ ਵੱਡੀਆਂ ਚਣੌਤੀਆਂ ਸਾਹਮਣੇ ਆਉਣਗੀਆਂ ਜਦਕਿ ਵਿਦਿਆਰਥੀ ਆਪਣੇ ਦਾਇਰੇ ਨੂੰ ਵਧਾ ਕੇ ਲੋਕਾਂ ਨੂੰ ਜਾਗਰੂਕ ਕਰਨ 'ਚ ਵੱਡੀ ਭੂਮਿਕਾ ਨਿਭਾ ਸਕਦੇ ਹਨ।ਉਨਾਂ ਕਿਹਾ ਕਿ ਦੇਸ਼ 'ਚੋਂ ਅਸਮਾਨਤਾਵਾਂ ਖ਼ਤਮ ਕਰਨ ਲਈ ਬਾਬਾ ਸਾਹਿਬ ਨੇ ਅਹਿਮ ਭੂਮਿਕਾ ਨਿਭਾਈ।
ਵਿਧਾਨ ਸਭਾ ਅਤੇ ਲੋਕ ਸਭਾ 'ਚ ਲੋਕ ਆਵਾਜ਼ ਨੂੰ ਬੁਲੰਦ ਕਰਨ ਵਾਲੇ ਨਿਯਮਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਸਾਂਸਦ ਸ਼੍ਰੀ ਪਾਂਡੇ ਨੇ ਕਿਹਾ ਕਿ ਨਿਯਮ-51 ਵਿਧਾਇਕਾਂ ਅਤੇ ਸੰਸਦ ਮੈਂਬਰਾਂ ਲਈ ਵੱਡਾ ਔਜ਼ਾਰ ਹੈ ਜੋ ਲੋਕਾਂ ਦੇ ਮੁੱਦਿਆਂ ਨੂੰ ਸਦਨ 'ਚ ਉਜਾਗਰ ਕਰਨ ਦਾ ਮੌਕਾ ਦਿੰਦਾ ਹੈ। ਇਸ ਤੋਂ ਇਲਾਵਾ ਖੇਤਰ ਦੇ ਭਖਵੇਂ ਮੁੱਦਿਆਂ ਨੂੰ ਸਦਨ 'ਚ ਪਹਿਲ ਦੇ ਆਧਾਰ 'ਤੇ ਚੁੱਕਣ ਲਈ ਨਿਯਮ-53 ਸੱਭ ਤੋਂ ਪ੍ਰਭਾਵਸ਼ਾਲੀ ਹੈ, ਜਿਸ ਸਬੰਧੀ ਸਪੀਕਰ ਦੀ ਆਗਿਆ ਨਾਲ ਸਦਨ ਦੇ ਸਮੁੱਚੇ ਦਿਨ ਦੀ ਕਾਰਵਾਈ ਸਬੰਧਿਤ ਮੁੱਦੇ 'ਤੇ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਲੋਕ ਸਭਾ 'ਚ ਜਾ ਕੇ ਸਾਂਸਦ ਦੀ ਜ਼ੁੰਮੇਵਾਰੀ ਵੱਧ ਜਾਂਦੀ ਹੈ, ਸਿਰਫ਼ ਖੇਤਰੀ ਮੁੱਦਿਆਂ ਤੋਂ ਇਲਾਵਾ ਰਾਸ਼ਟਰੀ ਮੁੱਦਿਆਂ ਨੂੰ ਚੁੱਕਣ ਲਈ ਉਸਦਾ ਦਾਇਰਾ ਵੱਧ ਜਾਂਦਾ ਹੈ। ਛੋਟੇ ਤੋਂ ਲੈ ਕੇ ਵੱਡੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਲੋਕ ਸਭਾ ਮਹੱਤਵਪੂਰਨ ਮੰਚ ਹੈ, ਇਸਦਾ ਸਤਿਕਾਰ ਬਣਾਈ ਰੱਖਣਾ ਸਾਡੇ ਫਰਜ਼ ਹੋਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਡਾ. ਰਾਜਾ ਸ਼ੇਖਰ ਵਾਂਦਰੂ (ਆਈ.ਏ.ਐਸ) ਨੇ ਕਿਹਾ ਕਿ ਚੋਣ ਪ੍ਰਣਾਲੀ ਵਿੱਚ ਫਸਟ ਪਾਸਟ ਦਿ ਪੋਸਟ ਸਿਸਟਮ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵੇਲੇ ਵੋਟਾਂ ਦਾ ਕੋਈ ਏਕੀਕਰਨ ਨਹੀਂ ਹੈ, ਚੁਣੇ ਜਾਣ ਲਈ ਆਗੂ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਕਰੇਗਾ। ਉਨਾਂ ਕਿਹਾ ਕਿ ਅਸੀਂ ਵੇਖਦੇ ਹਾਂ ਕਿ ਕਈ ਵਾਰ ਕੋਈ ਪਾਰਟੀ ਸਿਰਫ਼ 28 ਫ਼ੀਸਦੀ ਵੋਟਾਂ ਹਾਸਲ ਕਰਨ ਦੇ ਬਾਵਜੂਦ ਜਿੱਤ ਦਰਜ ਕਰਦੀ ਹੈ, ਜਦੋਂ ਕਿ ਇਸ ਦਾ ਦੂਜਾ ਪੱਖ ਇਹ ਹੈ ਕਿ ਬਾਕੀ ਲੋਕ ਉਸ ਪਾਰਟੀ ਦੇ ਪੱਖ 'ਚ ਨਹੀਂ ਹਨ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਚੋਣ ਪ੍ਰਣਾਲੀ ਅਤੇ ਇਸ ਨਾਲ ਜੁੜੇ ਸਾਰੇ ਪਹਿਲੂਆਂ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਹ ਵੇਖਣਾ ਹੋਵੇਗਾ ਕਿ ਸੰਸਦ ਪ੍ਰਣਾਲੀ ਕਿਵੇਂ ਕੰਮ ਕਰ ਰਹੀ ਹੈ।