ਉੱਘੇ ਸਮਾਜ ਸੇਵੀ ਭਾਈ ਬਰਜਿੰਦਰ ਸਿੰਘ ਹੁਸੈਨਪੁਰ ਨੇ ਅਪਣਾਇਆ ਸਪੈਸ਼ਲ ਬੱਚਿਆਂ ਲਈ ਰੈੱਡ ਕਰਾਸ ਸਕੂਲ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 15 ਅਕਤੂਬਰ 2021-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਵਿਖੇ ਚਲਾਇਆ ਜਾਂਦਾ ਸ. ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ' ਹੁਣ ਇੱਥੋਂ ਦੇ ਇਕ ਦਾਨੀ ਸੱਜਣ, ਸਮਾਜ ਸੇਵੀ ਅਤੇ 'ਨਰੋਆ ਪੰਜਾਬ ਮੁਹਿੰਮ' ਦੇ ਸੰਚਾਲਕ ਸ. ਬਰਜਿੰਦਰ ਸਿੰਘ ਹੁਸੈਨਪੁਰ ਵੱਲੋਂ ਚਲਾਇਆ ਜਾਵੇਗਾ । ਆਰਥਿਕ ਸੰਕਟ ਦੇ ਚਲਦਿਆਂ ਇਸ ਸਕੂਲ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਲਗਪਗ ਪਿਛਲੇ ਇਕ ਸਾਲ ਤੋਂ ਤਨਖਾਹਾਂ ਵੀ ਨਹੀਂ ਸਨ ਮਿਲੀਆਂ, ਜਿਸਦੇ ਕਾਰਨ ਉਹ ਨਾ ਸਿਰਫ਼ ਆਪਣੇ ਗੁਜ਼ਾਰੇ ਪ੍ਰਤੀ, ਸਗੋਂ ਉੱਥੇ ਪੜ੍ਹਦੇ ਬੱਚਿਆਂ ਲਈ ਵੀ ਚਿੰਤਤ ਸਨ । ਇਲਾਕੇ ਵਿੱਚ ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦਿਆਂ ਇਹ ਸਮੱਸਿਆ ਉਨ੍ਹਾਂ ਕੋਲ ਪਹੁੰਚਾਈ ਗਈ ਤਾਂ ਸ. ਹੁਸੈਨਪੁਰ ਨੇ ਨਾ ਸਿਰਫ਼ ਉਨ੍ਹਾਂ ਨੂੰ ਹੌਂਸਲਾ ਦਿੱਤਾ ਸਗੋਂ ਉਨ੍ਹਾਂ ਦੀ ਸਮੱਸਿਆ ਹਮੇਸ਼ਾਂ ਵਾਸਤੇ ਹੱਲ ਕਰਨ ਦਾ ਵਾਅਦਾ ਵੀ ਕੀਤਾ । ਅੱਜ ਇੱਥੇ ਸਕੂਲ ਦੀ ਸੇਵਾ ਨਿਭਾਉਣ ਸਬੰਧੀ ਇਹ ਸਾਰੀ ਜਾਣਕਾਰੀ ਦਿੰਦਿਆਂ ਭਾਈ ਬਰਜਿੰਦਰ ਹੁਸੈਨਪੁਰ ਨੇ ਦੱਸਿਆ ਕਿ ਉਹ ਖ਼ੁਦ ਨੂੰ ਭਾਗਾਂ ਵਾਲੇ ਸਮਝਦੇ ਹਨ ਜਿਨ੍ਹਾਂ ਦੇ ਹਿੱਸੇ ਇਹ ਵਡਮੁੱਲੀ ਸੇਵਾ ਆਈ ਹੈ । ਉਨ੍ਹਾਂ ਕਿਹਾ, "ਸੇਵਾ ਅਤੇ ਦੁਆਵਾਂ ਕਦੀ ਅਜਾਈਂ ਨਹੀਂ ਜਾਂਦੀਆਂ। ਮੈਂ ਵੱਡੇ ਭਾਗਾਂ ਵਾਲਾ ਹਾਂ ਜਿਸ ਨੂੰ ਸੇਵਾ ਵੀ ਮਿਲੀ ਅਤੇ ਅਣਭੋਲ ਬੱਚਿਆਂ, ਅਧਿਆਪਕਾਂ ਅਤੇ ਹੋਰ ਲੋਕਾਂ ਦੀਆਂ ਦੁਆਵਾਂ ਵੀ । ਸਾਡੀ ਕੋਸ਼ਿਸ਼ ਹੋਵੇਗੀ ਕਿ ਇੱਥੇ ਸਕੂਲ ਵਿੱਚ ਬੱਚਿਆਂ ਦੀ ਕੌਂਸਲਿੰਗ ਲਈ ਮਾਹਿਰ ਡਾਕਟਰ ਵੀ ਆਉਣ । ਇਸ ਤੋਂ ਇਲਾਵਾ ਭਵਿੱਖ ਵਿਚ ਸੀਨੀਅਰ ਬੱਚਿਆਂ ਲਈ ਵੋਕੇਸ਼ਨਲ ਸਕਿੱਲ ਡਿਵੈਲਮੈਂਟ ਪ੍ਰੋਗਰਾਮ ਚਲਾਏ ਜਾਣ ਬਾਰੇ ਵੀ ਸੋਚ ਰਹੇ ਹਾਂ। ਸਿਆਸਤ ਵਿੱਚ ਆਉਣ ਬਾਰੇ ਸ ਬਰਜਿੰਦਰ ਸਿੰਘ ਹੁਸੈਨਪੁਰ ਨੇ ਸਪੱਸ਼ਟ ਕੀਤਾ ਕਿ ਸਿਆਸਤ ਅਤੇ ਸੇਵਾ ਵੱਖਰੇ ਵੱਖਰੇ ਵਿਸ਼ੇ ਹਨ । ਸਾਨੂੰ ਪ੍ਰਮਾਤਮਾ ਨੇ ਸਮਰੱਥਾ ਬਖ਼ਸ਼ੀ ਹੈ ਅਸੀਂ ਸੇਵਾ ਕਰ ਰਹੇ ਹਾਂ ਪਰ ਇਹ ਸਾਰਾ ਕੁਝ ਸਿਆਸਤ ਵਿੱਚ ਆਉਣ ਲਈ ਨਹੀਂ ਹੈ । ਹਾਲਾਂਕਿ ਸਿਆਸਤ ਵਿੱਚ ਆਉਣ ਦੀ ਮੇਰੇ 'ਤੇ ਕੋਈ ਪਾਬੰਦੀ ਨਹੀਂ ਹੈ। ਮੈਂ ਆਪਣੀ ਟੀਮ ਅਤੇ ਇਲਾਕੇ ਦੇ ਲੋਕਾਂ ਦੇ ਫ਼ੈਸਲੇ ਮੁਤਾਬਕ ਸਿਆਸਤ ਵਿੱਚ ਆ ਵੀ ਸਕਦਾ ਹਾਂ ਪਰ ਮੈਂ ਸੇਵਾ ਸਿਆਸਤ ਕਰਕੇ ਨਹੀਂ ਕਰ ਰਿਹਾ । ਮੈਂ ਆਪਣੇ ਪਿੰਡ ਵਿੱਚ ਵੀ ਇੱਕ ਸਕੂਲ ਖੋਲ੍ਹਿਆ ਹੈ ਜਿੱਥੇ ਸੌ ਦੇ ਕਰੀਬ ਬੱਚੇ ਨਾਮਾਤਰ ਖਰਚੇ 'ਤੇ ਪੜ੍ਹ ਰਹੇ ਹਨ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਅਸੀਂ ਦੇ ਰਹੇ ਹਾਂ । ਬਾਕੀ ਸਾਡੀ ਇੱਕ ਟੀਮ ਹੈ ਕੋਈ ਵੀ ਫ਼ੈਸਲਾ ਉਸ ਦੇ ਅਨੁਸਾਰ ਹੀ ਕਰਦੇ ਹਾਂ ।
ਅਸੀਂ ਆਪਣੇ ਇਲਾਕੇ ਵਿੱਚ ਪੱਚੀ ਹਜ਼ਾਰ ਦੇ ਕਰੀਬ ਦਰਖਤ ਲਗਾ ਚੁੱਕੇ ਹਾਂ ਅਤੇ ਪਿੰਡਾਂ ਵਿੱਚ ਵੱਖ ਵੱਖ ਖੇਡਾਂ ਦੀ ਲੜੀ ਵੀ ਸ਼ੁਰੂ ਕੀਤੀ ਹੋਈ ਹੈ । ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਲਸ਼ਮੀ ਦੇਵੀ ਨੇ ਕਿਹਾ ਕੇ ਸ. ਬਰਜਿੰਦਰ ਸਿੰਘ ਹੁਸੈਨਪੁਰ ਸਾਡੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ । ਅਸੀਂ ਸਾਰੇ ਆਪਣੇ ਬਾਰੇ ਤੇ ਆਪਣੇ ਤੋਂ ਵੀ ਵੱਧ ਬੱਚਿਆਂ ਬਾਰੇ ਚਿੰਤਤ ਸਾਂ ਪਰ ਇਨ੍ਹਾਂ ਦੇ ਆਉਣ ਨਾਲ ਸਾਰਾ ਕੁਝ ਠੀਕ ਹੋ ਗਿਆ ਹੈ ਸਾਨੂੰ ਲੱਗਦਾ ਹੈ ਜਿਵੇਂ ਪ੍ਰਮਾਤਮਾ ਨੇ ਖ਼ੁਦ ਇਨ੍ਹਾਂ ਨੂੰ ਸਾਡੇ ਲਈ ਭੇਜਿਆ ਹੋਵੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ, ਸੰਨੀ ਸਿੰਘ ਜਾਫ਼ਰਪੁਰ ,ਮੱਖਣ ਸਿੰਘ ਹੰਸਰੋ,ਸਤਨਾਮ ਸਿੰਘ ਸੁੱਜੋਂ ,ਪਲਵਿੰਦਰ ਸਿੰਘ ਅਟਵਾਲ ,ਸਰਬਜੀਤ ਸਿੰਘ ਉਸਮਾਨਪੁਰ ,ਗੰਗਵੀਰ ਰਾਠੌਰ , ਨਛੱਤਰ ਕੌਰ ਸੁਰਜੀਤ ਕੌਰ, ਬਲਜੀਤ ਕੌਰ, ਪ੍ਰਿਯੰਕਾ ਆਦਿ ਵੀ ਹਾਜ਼ਰ ਸਨ ।