ਸਿੱਖਿਆ ਰੈਗੂਲੇਟਰੀ ਅਥਾਰਟੀ ਦਾ ਜਲਦ ਹੀ ਕੀਤਾ ਜਾਵੇਗਾ ਗਠਨ: ਪਰਗਟ ਸਿੰਘ
ਹਰੀਸ਼ ਕਾਲੜਾ
- ਸਿੱਖਿਆ ਮੰਤਰੀ ਪੰਜਾਬ ਨੇ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ
ਰੂਪਨਗਰ,28 ਅਕਤੂਬਰ 2021:ਪੰਜਾਬ ਦੇ ਉਚੇਰੀ ਸਿੱਖਿਆ, ਖੇਡਾਂ, ਯੁਵਾ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਪਰਗਟ ਸਿੰਘ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਜਲਦੀ ਹੀ ਸਿੱਖਿਆ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ ਕਰੇਗਾ।
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ 'ਉਚ ਸਿੱਖਿਆ ਦੀ ਭੂਮਿਕਾ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਦਮਿਕ-ਉਦਯੋਗ ਇੰਟਰਫੇਸ ਨੂੰ ਫੌਰੀ ਯਕੀਨੀ ਬਣਾਉਣ ਦੀ ਲੋੜ ਹੈ ਤਾਂ ਜੋ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਤੋਂ ਪਾਸ ਆਊਟ ਹੋਣ ਵਾਲੇ ਵਿਦਿਆਰਥੀ ਰੁਜ਼ਗਾਰ ਪ੍ਰਾਪਤ ਕਰ ਸਕਣ।
ਸਮਾਗਮ ਦੌਰਾਨ ਬੋਲਦਿਆਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੇ ਪਰਵਾਸ ਨੂੰ ਰੋਕਣ ਲਈ ਸਿੱਖਿਆ ਨੂੰ ਵੀ ਕਿਫਾਇਤੀ ਬਣਾਉਣ ਦੀ ਲੋੜ ਹੈ। ਸਿੱਖਿਆ ਦੇ ਦਿਨੋਂ-ਦਿਨ ਮਹਿੰਗੇ ਹੋਣ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਹੱਬ ਵਿਕਸਤ ਕਰਨ ਦੀ ਲੋੜ ਹੈ ਜਿੱਥੇ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਗਿਆਨ ਦੀ ਸਾਂਝ ਦੇ ਆਧਾਰ 'ਤੇ ਸਹੂਲਤਾਂ ਉਪਲਬਧ ਹੋਣ।
ਉਨ੍ਹਾਂ ਕਿਹਾ ਕਿ ਪਾਠਕ੍ਰਮ ਦੇ ਹਿੱਸੇ ਵਜੋਂ ਡੋਮੇਨ ਹੁੰਨਰ, ਸਾਫਟ ਹੁੰਨਰ ਅਤੇ ਉਦਯੋਗ-ਇੰਟਰਫੇਸ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੰਤਰਾਸ਼ਟਰੀ ਐਕਸਪੋਜ਼ਰ ਦੇ ਨਾਲ ਉੱਦਮੀ ਹੁੰਨਰ ਵਿਕਾਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਯੂਨੀਵਰਸਿਟੀਆਂ ਨੂੰ ਉਦਯੋਗ ਨੇਤਾਵਾਂ ਦੇ ਨਾਲ ਸਾਂਝੇਦਾਰੀ ਵਿੱਚ ਸਬੰਧਿਤ ਖੇਤਰਾਂ ਵਿੱਚ ਚੋਣਵੇਂ ਕੋਰਸ ਸ਼ੁਰੂ ਕਰਨੇ ਚਾਹੀਦੇ ਹਨ, ਤਾਂ ਜੋ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਰੁਜ਼ਗਾਰ ਸੰਭਾਵਨਾ ਨੂੰ ਵਧਾਇਆ ਜਾ ਸਕੇ।
ਸ. ਪਰਗਟ ਸਿੰਘ ਨੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਦੀ ਸ਼ਲਾਘਾ ਕੀਤੀ, ਜੋ ਪਿਛਲੇ ਸਾਲਾਂ ਦੌਰਾਨ ਦੇਸ਼ ਦੇ ਇਸ ਹਿੱਸੇ ਵਿੱਚ ਮੋਹਰੀ ਵਿੱਦਿਅਕ ਹੱਬ ਬਣ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ , ਸ਼੍ਰੀਨਿਵਾਸ,ਜੀ.ਐਸ.ਸੰਧੂ ਅਤੇ ਸ਼੍ਰੀ ਗੌਤਮ ਵੀ ਮੌਜੂਦ ਸਨ।
ਇਸੇ ਦੌਰਾਨ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਮਜ਼ਬੂਤ ਉਦਯੋਗਿਕ ਸਹਿਯੋਗ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਨੇ ਦੇਸ਼ ਭਰ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਵਿਦਿਆਰਥੀਆਂ ਨੂੰ ਆਕਰਸ਼ਿਤ ਕੀਤਾ ਹੈ।
ਸ. ਬਾਹਰਾ ਨੇ ਕਿਹਾ ਕਿ ਯੂਨੀਵਰਸਿਟੀ ਇੰਜਨੀਅਰਿੰਗ ਅਤੇ ਤਕਨਾਲੋਜੀ, ਵਪਾਰ, ਯੋਜਨਾ ਅਤੇ ਆਰਕੀਟੈਕਚਰ, ਆਰਟ ਅਤੇ ਡਿਜ਼ਾਈਨ, ਜਨ ਸੰਚਾਰ, ਸੇਲਜ਼ ਅਤੇ ਮਾਰਕੀਟਿੰਗ, ਹੋਸਪਿਟੈਲਿਟੀ ਪ੍ਰਬੰਧਨ, ਫਾਰਮੇਸੀ, ਸਿਹਤ ਵਿਗਿਆਨ ਅਤੇ ਸਿੱਖਿਆ ਦੇ ਕੋਰਸ ਪੇਸ਼ ਕਰਦੀ ਹੈ।
ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ.ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਲਈ ਗੂਗਲ, ??ਐਪਲ, ਆਈਬੀਐਮ ਅਤੇ ਟੀਡੀਐਸ ਗਰੁੱਪ ਵਰਗੀਆਂ ਹੋਰ ਅੰਤਰਾਸ਼ਟਰੀ ਕੰਪਨੀਆਂ ਨਾਲ ਵੀ ਸਮਝੌਤਾ ਕੀਤਾ ਹੈ, ਜਿਸ ਨਾਲ ਨਵੇਂ ਕੋਰਸਾਂ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਬਿਹਤਰ ਪਲੇਸਮੈਂਟ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਵਿੱਚ ਅੰਦਰੂਨੀ ਮਨੁੱਖੀ ਕਾਬਲੀਅਤਾਂ ਨੂੰ ਵਿਕਸਿਤ ਕਰਕੇ ਅਤੇ ਨੌਕਰੀ ਦੇ ਬਾਜ਼ਾਰ ਲਈ ਇਕ ਹੁੰਨਰਮੰਦ ਮਨੁੱਖੀ ਸਰੋਤ ਪ੍ਰਦਾਨ ਕਰਕੇ ਇਕ ਮਾਪਦੰਡ ਸਥਾਪਤ ਕੀਤਾ ਹੈ ,ਜੋ ਕਿ ਇਕ ਵੱਡੀ ਸੰਭਾਵਨਾ ਵਿੱਚ ਗਿਆਨ ਦੀ ਤਰੱਕੀ ਵਿੱਚ ਯੋਗਦਾਨ ਪਾਵੇਗਾ।
ਪ੍ਰੋਗਰਾਮ ਦੇ ਅੰਤ ਵਿੱਚ ਸਿੱਖਿਆ ਮੰਤਰੀ ਨੇ ਆਪਣੇ ਸੰਬੋਧਨ ਤੋਂ ਬਾਅਦ ਵਿਦਿਆਰਥੀਆਂ ਨਾਲ ਗੱਲਬਾਤ ਦਾ ਸ਼ੈਸ਼ਨ ਵੀ ਰੱਖਿਆ।