ਕੇਂਦਰੀ ਯੂਨੀਵਰਸਿਟੀ ’ਚ ਉਦਯੋਗਿਕ-ਅਕਾਦਮਿਕ ਕਮਿਊਨਿਟੀ ਇੰਟਰੈਕਸ਼ਨ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ,25 ਨਵੰਬਰ2021: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਇੱਕ ਉਦਯੋਗਿਕ-ਅਕਾਦਮਿਕ ਕਮਿਊਨਿਟੀ ਇੰਟਰੈਕਸ਼ਨ ਪ੍ਰੋਗਰਾਮ ਕਰਵਾਇਆ ਜਿਸ ਵਿੱਚ ਬਠਿੰਡਾ ਦੇ ਉਦਯੋਗਪਤੀਆਂ ਅਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਉਦਯੋਗ ਸੰਬੰਧੀ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲੱਭਣ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਯੋਗ ਹੁਨਰਮੰਦ ਮਨੁੱਖੀ ਸ਼ਕਤੀ ਵਿਕਸਤ ਕਰਨ ਵਾਸਤੇ ਮਿਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਇਸ ਆਪਸੀ ਵਿਚਾਰ ਵਟਾਂਦਰੇ ਦੌਰਾਨ ਫਾਰਮਾ ਉਤਪਾਦ, ਟ੍ਰਾਂਸਫਾਰਮਰ ਨਿਰਮਾਣ, ਖਾਣ ਵਾਲੇ ਤੇਲ ਦੇ ਨਿਰਮਾਣ, ਕਾਸਟਿੰਗ ਅਤੇ ਨਿਰਮਾਣ ਇਕਾਈਆਂ ਆਦਿ ਨਾਲ ਸਬੰਧਿਤ ਉਦਯੋਗਿਕ ਪ੍ਰਤੀਨਿਧੀਆਂ ਨੇ ਆਪਣੇ ਮੁੱਦਿਆਂ ਅਤੇ ਚੁਣੌਤੀਆਂ ਸਾਂਝੀਆਂ ਕੀਤੀਆਂ ।
ਇਨ੍ਹਾਂ ਸਨਅਤਕਾਰਾਂ ਨੇ ਯੂਨੀਵਰਸਿਟੀ ਦੀ ਖੋਜ-ਕੇਂਦਿ੍ਰਤ ਦਿ੍ਰਸ਼ਟੀ ’ਤੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਉਤਪਾਦਾਂ ਦੀ ਜਾਂਚ, ਨਿਰਮਾਣ ਪ੍ਰਕਿਰਿਆਵਾਂ ਦੇ ਸੁਧਾਰ ਅਤੇ ਪ੍ਰੋਜੈਕਟ-ਅਧਾਰਿਤ ਖੋਜ ਦੇ ਖੇਤਰਾਂ ਵਿੱਚ ਸਹਿਯੋਗ ਦੀ ਇੱਛਾ ਪ੍ਰਗਟਾਈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟਰੇਨਿੰਗ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਉਦਯੋਗਾਂ ਵਿੱਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੀ ਮਹੱਤਤਾ ‘ਤੇ ਜੋਰ ਦਿੱਤਾ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਉਦਯੋਗਿਕ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਨੇ ਕਿਹਾ ਕਿ ਇਹ ਪ੍ਰੋਗਰਾਮ ਇਸ ਟੀਚੇ ਨੂੰ ਸਾਕਾਰ ਕਰਨ ਲਈ ਸਥਾਨਕ ਉਦਯੋਗ ਦੀਆਂ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਮਿਲ ਕੇ ਕੰਮ ਕਰਨ ਲਈ ਸ਼ੁਰੂਆਤੀ ਕੋਸ਼ਿਸ਼ ਹੈ।
ਉਨ੍ਹਾਂ ਸਨਅਤਕਾਰਾਂ ਅਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਕੰਸਲਟੈਂਸੀ, ਪ੍ਰੋਜੈਕਟ ਅਧਾਰਤ ਖੋਜ, ਹੁਨਰ ਵਿਕਾਸ ਅਤੇ ਉੱਦਮਤਾ ਦੇ ਮੌਕਿਆਂ ’ਚ ਭਾਈਵਾਲੀ ਨੂੰ ਮਜਬੂਤ ਕਰਨ ਲਈ ਉਤਸ਼ਾਹਿਤ ਕੀਤਾ। ਡੀਨ ਰਿਸਰਚ ਪ੍ਰੋ.ਅੰਜਨਾਮੁਨਸੀ ਨੇ ਉਦਯੋਗਿਕ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਪ੍ਰੋਗਰਾਮ ਕੋਆਰਡੀਨੇਟਰ ਡਾ. ਵਿਨੋਦ ਪਠਾਨੀਆ ਨੇ ਯੂਨੀਵਰਸਿਟੀ ਵਿੱਚ ਸਥਾਪਿਤ ਵਿਭਿੰਨ ਸਾਇੰਸ ਸਕੂਲਾਂ ਦੇ ਡੀਨਾਂ ਅਤੇ ਵਿਭਾਗਾਂ ਦੇ ਮੁਖੀਆਂ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੀ ਵਿਸ਼ੇਸ਼ਤਾ ਤੋਂ ਜਾਣੂ ਕਰਵਾਇਆ। ਪ੍ਰੋਗਰਾਮ ਦੇ ਅੰਤ ਵਿੱਚ ਰਜਿਸਟਰਾਰ ਸ੍ਰੀ ਕੰਵਲ ਪਾਲ ਸਿੰਘ ਮੁੰਦਰਾ ਨੇ ਸਭਨਾ ਦਾ ਧੰਨਵਾਦ ਕੀਤਾ।