ਪੰਜਾਬ ਭਵਨ ਨੇੜੇ ਮੋਬਾਈਲ ਟਾਵਰ ’ਤੇ ਪੈਟਰੋਲ ਲੈ ਕੇ ਚੜ੍ਹਿਆ ਈਟੀਟੀ ਅਧਿਆਪਕ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ , 27 ਨਵੰਬਰ 2021: ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਪਿਛਲੇ ਚਾਰ ਸਾਲ ਤੋਂ ਪੰਜਾਬ ਸਰਕਾਰ ਦੀਆਂ ਬੇਵਫਾਈਆਂ ਅਤੇ ਵਾਅਦਾ ਖਿਲਾਫੀਆਂ ਤੋਂ ਅੱਕੇ 180 ਈ ਟੀ ਟੀ ਅਧਿਆਪਕਾਂ ਦਾ ਇੱਕ ਸਾਥੀ ਅਧਿਆਪਕ ਅੱਜ ਸ਼ਨਿਚਰਵਾਰ ਤੜਕੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਉਂਦਿਆਂ ਵੀਵੀਆਈਪੀ ਸੁਰੱਖਿਆ ਵਾਲੇ ਖੇਤਰ ਵਿਚਲੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਸੰਨ੍ਹ ਲਾ ਕੇ ਐਮ ਐਲ ਏ ਹੋਸਟਲ ਵਿਚਲੇ ਮੋਬਾਈਲ ਟਾਵਰ ’ਤੇ ਪੈਟਰੋਲ ਦੀ ਬੋਤਲ ਸਮੇਤ ਚੜ੍ਹ ਗਿਆ । ਅਧਿਆਪਕ ਨੇ ਟਾਵਰ ਉੱਪਰ ਯੂਨੀਅਨ ਦਾ ਬੈਨਰ ਲਾ ਕੇ ਮੰਗ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੁਰੰਤ ਯੂਨੀਅਨ ਦੀ ਮੰਗ ਲਾਗੂ ਕਰਨ ਨਹੀਂ ਤਾਂ ਉਹ ਕੋਈ ਵੀ ਕਦਮ ਚੁੱਕ ਸਕਦਾ ਹੈ।
ਹਾਲਾਂਕਿ ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਟਾਵਰ ਤੇ ਡੇਰਾ ਜਮਾਈ ਬੈਠੇ ਅਧਿਆਪਕ ਨੂੰ ਹੇਠਾਂ ਉਤਾਰਨ ਲਈ ਗੱਲਬਾਤ ਦਾ ਚੋਗਾ ਪਾਇਆ ਹੈ ਪਰ ਅਧਿਆਪਕ ਵੱਲੋਂ ਟੱਸ ਤੋਂ ਮੱਸ ਨਾਂ ਹੋਣ ਕਾਰਨ ਮਾਹੌਲ ਤਣਾਅ ਵਾਲਾ ਬਣਿਆ ਪਿਆ ਹੈ। ਪਤਾ ਲੱਗਿਆ ਹੈ ਕਿ ਚੰਡੀਗੜ੍ਹ ਪੁਲਿਸ ਨੇ ਹੰਗਾਮੀ ਹਾਲਤ ਵਾਂਗ ਐਂਬੂਲੈਂਸ, ਅੱਗ ਬੁਝਾਊ ਗੱਡੀਂ ਅਤੇ ਹਾਈਡਰੌਲਿਕ ਪੌੜੀਆਂ ਵਾਲੀ ਗੱਡੀ ਸਮੇਤ ਕੰਬਲ ਅਤੇ ਗੱਦੇ ਮੰਗਵਾ ਕੇ ਬਚਾਅ ਕਾਰਜਾਂ ਲਈ ਤਿਆਰੀ ਕਰ ਲਈ ਹੈ ਜਦੋਂਕਿ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਦੀ ਟੀਮ ਨੂੰ ਵੀ ਤਾਇਨਾਤ ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸ਼ਨ ਇਸ ਗੱਲ ਤੋਂ ਡਰ ਰਿਹਾ ਹੈ ਕਿ ਕਿਧਰੇ ਅਧਿਆਪਕ ਪੈਟਰੋਲ ਨਾਲ ਖੁਦ ਨੂੰ ਅੱਗ ਨਾਂ ਲਾ ਲਵੇ।
ਆਪਣੇ ਨਾਲ ਬੈਗ ਆਦਿ ਲੈ ਕੇ ਪੂਰੀ ਤਿਆਰੀ ਨਾਲ ਟਾਵਰ ਤੇ ਚੜ੍ਹਨ ਕਾਰਨ ਵੀ ਪੁਲਿਸ ਅਧਿਕਾਰੀ ਭੈਅ ਭੀਤ ਹਨ । ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਪਿਛਲੇ ਸਿੱਖਿਆ ਸਕੱਤਰ ਵੇਲੇ ਇੰਨ੍ਹਾਂ ਅਧਿਆਪਕਾਂ ਤੇ ਜਬਰਦਸਤੀ ਕੇਂਦਰੀ ਸਕੇਲ ਮੜ੍ਹ ਦਿੱਤੇ ਗਏ ਸਨ ਜਿੰਨ੍ਹਾਂ ਨੂੰ ਰੱਦ ਕਰਕੇ ਇਹ ਅਧਿਆਪਕ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਸਮੇਤ ਕੁੱਝ ਦੂਸਰੀਆਂ ਮੰਗਾਂ ਮੰਨਣ ਦੀ ਮੰਗ ਕਰ ਰਹੇ ਹਨ। ਮਹੱਤਵਪੂਰਨ ਤੱਥ ਹੈ ਕਿ ਇੰਨ੍ਹਾਂ ਅਧਿਆਪਕਾਂ ਦੀ ਜੱਥੇਬੰਦੀ ਈ ਟੀ ਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੇ ਆਗੂਆਂ ਦੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਵੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਜੋ ਲੱਗਭਗ ਬੇਸਿੱਟਾ ਹੀ ਰਹੀ ਹੈ।
ਤਕਰੀਬਨ ਦੋ ਮਹੀਨੇ ਪਹਿਲਾਂ ਜਦੋਂ ਇਹ ਅਧਿਆਪਕ ਮੁੱਖ ਮੰਤਰੀ ਦੀ ਰਿਹਾਇਸ਼ ਲਾਗੇ ਰੋਸ ਜਤਾ ਰਹੇ ਸਨ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਚੁੱਕ ਲਿਆ ਅਤੇ ਕਾਫੀ ਦੇਰ ਬਾਅਦ ਛੱਡਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਕੁੱਝ ਦਿਨ ਪਹਿਲਾਂ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਮਸਲੇ ਦੀ ਫਾਈਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਅੰਤਮ ਕਾਰਵਾਈ ਲਈ ਵਿੱਤ ਵਿਭਾਗ ਕੋਲ ਭੇਜਿਆ ਹੋਇਆ ਹੈ। ਅਧਿਆਪਕਾਂ ਨੇ ਦੱਸਿਆ ਕਿ ਸਰਕਾਰੀ ਪੱਧਰ ਤੇ ਦਿੱਤੀ ਇਸ ਜਾਣਕਾਰੀ ਨੂੰ ਵੀ ਲੰਮਾਂ ਸਮਾਂ ਬੀਤ ਗਿਆ ਹੈ ਪਰ ਜਦੋਂ ਕੋਈ ਕਾਰਵਾਈ ਨਾਂ ਹੋਈ ਤਾਂ ਰੋਸ ਨਾਲ ਭਰੇ ਪੀਤੇ ਅਧਿਆਪਕ ਤਿੱਖੇ ਸੰਘਰਸ਼ ਦੇ ਰਾਹ ਪਏ ਹਨ।
ਜੱਥੇਬੰਦਕ ਸੂਤਰਾਂ ਨੇ ਦੱਸਿਆ ਹੈ ਕਿ ਜਦੋਂ ਮਸਲਾ ਕਿਸੇ ਤਣ ਪੱਤਣ ਨਾਂ ਲੱਗਿਆ ਤਾਂ ਆਰ ਪਾਰ ਦੀ ਰਣਨੀਤੀ ਤਹਿਤ ਹੁਣ ਮਜਬੂਰੀ ਵੱਸ ਇਹ ਪੈਂਤੜਾ ਅਖਤਿਆਰ ਕਰਨਾ ਪਿਆ ਹੈ। ਅਧਿਆਪਕਾਂ ਨੇ ਆਖਿਆ ਕਿ ਜਦੋਂ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ‘ਘਰ ਘਰ ਚੱਲੀ ਗੱਲ ਚੰਨੀ ਕਰਦਾ ਸਭ ਦੇ ਮਸਲੇ ਹੱਲ’ ਤਾਂ ਫਿਰ ਉਨ੍ਹਾਂ ਦਾ ਮਸਲਾ ਕਿਓਂ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਗਲ ’ਚ ਧੱਕੇ ਨਾਲ ਪਾਇਆ ਕੇਂਦਰੀ ਸਕੇਲਾਂ ਵਾਲੀ ਫਾਹੀ ਲਾਹੇ ਅਤੇ ਪੰਜਾਬ ਦੇ ਸਕੇਲ ਦੇਕੇ ਮਹੌਲ ਸੁਖਾਵਾਂ ਬਣਾਏ ਨਹੀਂ ਤਾਂ ਫਿਰ ਅਧਿਆਪਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਆਖਿਆ ਕਿ ਉਹ ਅਜਿਹੇ ਰਾਹ ਪੈਣਾ ਨਹੀਂ ਚਾਹੁੰਦੇ ਸਨ ਇਹ ਤਾਂ ਪੰਜਾਬ ਸਰਕਾਰ ਦੀਆਂ ਟਰਕਾਊ, ਅਧਿਆਪਕ ਅਤੇ ਸਿੱਖਿਆ ਮਾਰੂ ਨੀਤੀਆਂ ਕਾਰਨ ਉਨ੍ਹਾਂ ਨੂੰ ਸਖਤ ਫੈਸਲੇ ਲੈਣ ਲਈ ਮਜਬੂਰ ਕੀਤਾ ਗਿਆ ਹੈ।
ਉਚਾਈਆਂ ਨੇ ਖੋਲ੍ਹੇ ਜਿੱਤ ਦੇ ਰਾਹ
ਦੱਸਣਯੋਗ ਹੈ ਕਿ ਜਿਸ ਯੂਨੀਅਨ ਨਾਲ ਇਹ ਅਧਿਆਪਕ ਸਬੰਧਤ ਹੈ ਉਸ ਜੱਥੇਬੰਦੀ ਨੇ ਤਾਂ ਜਿੱਤ ਹੀ 3 ਨਵੰਬਰ 2016 ਨੂੰ ਪੰਜਾਬ ਭਵਨ ਚੰਡੀਗੜ੍ਹ ਨੇੜਲੇ ਟਾਵਰ ਤੇ ਚੜ੍ਹਕੇ ਹਾਸਲ ਕੀਤੀ ਸੀ। ਯੂਨੀਅਨ ਨੂੰ ਉਚਾਈਆਂ ਤੋਂ ਸਰਕਾਰ ਖਿਲਾਫ ਲੜਾਈ ਫਤਿਹ ਕਰਨ ਦਾ ਪੁਰਾਣਾ ਤਜ਼ਰਬਾ ਹੈ। ਅਸਲ ’ਚ ਇਸ ਜੱਥੇਬੰਦੀ ਦੀ ਅਗਵਾਈ ਹੇਠ ਅਧਿਆਪਕ ਜੋ ਤੱਤਕਾਲੀ ਬੇਰੁਜ਼ਗਾਰ ਸਨ ਆਪਣੀ ਭਰਤੀ ਦੀ ਮੰਗ ਨੂੰ ਲੈ ਕੇ ਬਠਿੰਡਾ ਬਾਦਲ ਰੋਡ ਤੇ ਪਿੰਡ ਜੈ ਸਿੰਘ ਵਾਲਾ ਦੀ ਟੈਂਕੀ ਤੇ ਚੜ੍ਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵੀਵੀਆਈਪੀ ਅਤੇ ਸੁਰੱਖਿਆ ਦੇ ਪੱਖ ਤੋਂ ਬੇਹੱਦ ਨਾਜ਼ੁਕ ਮੰਨੇ ਜਾਂਦੇ ਪਿੰਡ ਬਾਦਲ ’ਚ ਬਾਦਲ ਪ੍ਰੀਵਾਰ ਦੀ ਰਿਹਾਇਸ਼ ਤੋਂ ਕੁੱਝ ਦੂਰੀ ਤੇ ਜਲ ਘਰ ਦੀ ਟੈਂਕੀ ਤੇ ਕਬਜਾ ਕਰ ਲਿਆ ਸੀ। ਇੱਥੇ ਹੀ ਬੱਸ ਨਹੀਂ ਇੰਨ੍ਹਾਂ ਬੇਰੁਜ਼ਗਾਰਾਂ ਨੇ ਬਠਿੰਡਾ ਦੇ ਟੀਵੀ ਟਾਵਰ ਵਾਲੀਆਂ ਉੱਚੀਆਂ ਦਿਵਾਰਾਂ ਨੂੰ ਠੇਗਾਂ ਦਿਖਾਉਂਦਿਆਂ ਟਾਵਰ ਤੇ ਚੜ੍ਹ ਗਏ ਸਨ ਜਿੰਨ੍ਹਾਂ ਨੂੰ ਮਿਨਤਾਂ ਤਰਲਿਆਂ ਤੋਂ ਬਾਅਦ ਹੀ ਹੇਠਾਂ ਉਤਾਰਿਆ ਜਾ ਸਕਿਆ ਸੀ।