ਆਈ.ਕੇ.ਜੀ.ਪੀ.ਟੀ.ਯੂ. ਦੇ 15ਵੇਂ ਉਪ-ਕੁਲਪਤੀ ਵਜੋਂ ਆਈ.ਏ.ਐਸ. ਰਾਜ ਕੰਵਲ ਚੌਧਰੀ ਨੇ ਚਾਰਜ ਸੰਭਾਲਿਆ
- ਯੂਨੀਵਰਸਿਟੀ ਵਿਖੇ ਪਹਿਲੀ ਫੇਰੀ ਮੌਕੇ ਵਿਭਾਗ ਮੁਖੀਆਂ ਨਾਲ ਜਰੂਰੀ ਮੁੱਦਿਆਂ ਤੇ ਕੀਤੀ ਚਰਚਾ
- ਦਿਨ ਭਰ ਲਿਆ ਵੱਖੋ-ਵੱਖ ਕੰਮਾਂ ਦਾ ਜਾਇਜਾ, ਵਿਭਾਗਾਂ ਨੂੰ ਵਿਦਿਆਰਥੀਆਂ ਨਾਲ ਜੁੜੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਹਿਦਾਇਤ
ਜਲੰਧਰ/ਕਪੂਰਥਲਾ, 3 ਦਸੰਬਰ 2021 - ਸਾਲ 1996 ਬੈਚ ਦੇ ਸੀਨੀਅਰ ਆਈ.ਏ.ਐਸ ਅਧਿਕਾਰੀ ਰਾਜ ਕੰਵਲ ਚੌਧਰੀ ਵੱਲੋਂ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਦੇ 15ਵੇਂ ਉਪ-ਕੁਲਪਤੀ ਵੱਜੋਂ ਅਹੁਦਾ ਸੰਭਾਲਿਆ ਗਿਆ ਹੈ! ਉਹਨਾਂ ਹਾਲ ਹੀ ਵਿਚ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਜੋਂ ਚਾਰਜ ਲਿਆ ਹੈ! ਮਾਨਯੋਗ ਰਾਜਪਾਲ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਤਕਨੀਕੀ ਸਿਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਹੀ ਉਪ-ਕੁਲਪਤੀ ਆਈ.ਕੇ.ਜੀ.ਪੀ.ਟੀ.ਯੂ.ਦਾ ਚਾਰਜ ਲਿਆ ਜਾਣਾ ਹੈ, ਜਦ ਤਕ ਕਿ ਸਥਾਈ ਉਪ-ਕੁਲਪਤੀ ਦੀ ਨਿਯੁਕਤੀ ਤਿੰਨ ਸਾਲ ਤਕ ਨਾ ਹੋਵੇ! ਸ਼ੁਕਰਵਾਰ ਨੂੰ ਯੂਨੀਵਰਸਿਟੀ ਪਰਿਸਰ ਪਹੁੰਚਣ ਤੇ ਰਜਿਸਟਰਾਰ ਆਈ.ਏ.ਐਸ. ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਪਹਿਲੀ ਫੇਰੀ ਵਿੱਚ ਉਪ-ਕੁਲਪਤੀ ਰਾਜ ਕੰਵਲ ਚੌਧਰੀ ਆਈ.ਏ.ਐਸ.ਵੱਲੋਂ ਜਿਥੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀ ਰੂਪ ਰੇਖਾ ਅਤੇ ਕੰਮਾਂ ਦਾ ਜਾਇਜਾ ਲਿਆ ਗਿਆ, ਉਥੇ ਉਨ੍ਹਾਂ ਨੇ ਯੂਨੀਵਰਸਿਟੀ ਨਾਲ ਜੁੜੇ ਵੱਖ-ਵੱਖ ਜਰੂਰੀ ਕੰਮਾਂ ਨੂੰ ਵੀ ਸੂਚੀਬੱਧ ਕਰਵਾਇਆ। ਉਨ੍ਹਾਂ ਨੇ ਸਾਰੇ ਵਿਭਾਗ ਮੁਖਿਆਂ ਨੂੰ ਜਰੂਰੀ ਕੰਮਾਂ, ਖਾਸਕਰ ਵਿਦਿਆਰਥੀਆਂ ਨਾਲ ਜੁੜੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਲੈਣ ਅਤੇ ਪਾਰਦਰਸ਼ਤਾ ਨਾਲ ਅੱਗੇ ਵਧਣ ਦੇ ਹੁਕਮ ਦਿੱਤੇ।
ਸਾਰੇ ਵਿਭਾਗ ਮੁਖੀਆਂ ਦੀ ਪਹਿਲੀ ਮੀਟਿੰਗ ਤੋਂ ਬਾਅਦ ਉਪ-ਕੁਲਪਤੀ ਆਈ.ਏ.ਐਸ. ਰਾਜ ਕੰਵਲ ਚੌਧਰੀ ਨੇ ਦਸੰਬਰ-ਜਨਵਰੀ 2021 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰਨ ਅਤੇ ਪ੍ਰੀਖਿਆਵਾਂ ਦਾ ਤਰੀਕਾ ਨਿਰਧਾਰਿਤ ਕਰਨ, ਕਾਲਜਾਂ ਨਾਲ ਮਿਲਕੇ ਰਜਿਸਟਰਾਰ ਦੀ ਪ੍ਰਧਾਨਗੀ ਵਿਚ ਉੱਚ ਪੱਧਰੀ ਕਮੇਟੀ ਬਣਾ ਕੇ ਜਲਦ ਫੈਂਸਲਾ ਲੈਣ, ਲੋੜੀਂਦੀ ਗੈਸਟ ਫੈਕਲਟੀ ਨਿਯੁਕਤ ਕਰਨ, ਅਗਲੇ ਸਾਲ ਦੀ ਦਾਖਲਾ ਪ੍ਰਕ੍ਰਿਆ ਨੂੰ ਹੋਰ ਸੌਖਾਲਾ ਬਣਾਉਣ ਅਤੇ ਚੱਲ ਰਹੇ ਉਸਾਰੀ ਪ੍ਰੋਜੈਕਟਾਂ ਨੂੰ ਨਿਜੀ ਤੌਰ ਤੇ ਦੇਖਦੇ ਹੋਏ ਸਮੇਂ ਸਿਰ ਪੂਰੇ ਕਰਨ ਦੀ ਤਾਕੀਦ ਕੀਤੀ! ਉਹਨਾਂ ਯੂਨੀਵਰਸਿਟੀ ਦੇ ਬਾਕੀ ਕੈਂਪਸ ਵਿਚ ਕੰਮ ਕਰਦੇ ਮੁਲਾਜਿਮਾਂ, ਫੈਕਲਟੀ ਮੇਂਬਰ ਅਤੇ ਹੋਰ ਕਾਮਿਆਂ ਉਪਰ ਵਿਭਾਗ ਮੁਖੀਆਂ ਨੂੰ ਪੈਣੀ ਨਜਰ ਰੱਖਣ ਦੀ ਵੀ ਹਿਦਾਇਤ ਦਿੱਤੀ ਤਾਂ ਜੋ ਕੋਈ ਬਿਨਾਂ ਕੰਮ ਜਾ ਬਿਨਾ ਆਏ ਹੀ ਸਰਕਾਰੀ ਤਨਖ਼ਾਹ ਨਾ ਲੈ ਰਿਹਾ ਹੋਵੇ!
ਉਪ-ਕੁਲਪਤੀ ਆਈ.ਏ.ਐਸ. ਰਾਜ ਕੰਵਲ ਚੌਧਰੀ ਨੇ ਕਿਹਾ ਕਿ ਉਹ ਮਿਹਨਤਕਸ਼ ਸਟਾਫ਼, ਇਮਾਨਦਾਰ ਪਹੁੰਚ ਅਤੇ ਆਪਣੇ ਕੰਮ ਪ੍ਰਤੀ ਲਗਾਵ ਤੇ ਸੰਜੀਦਗੀ ਰੱਖਣ ਵਾਲੀਆਂ ਦੀ ਕਦਰ ਕਰਦੇ ਹਨ, ਪਰ ਕੰਮ ਚ ਕੋਤਾਹੀ, ਲਾਪਰਵਾਹੀ ਜਾਂ ਜਿੰਮੇਦਾਰੀ ਨਾ ਸਮਝਣ ਵਾਲੇ ਦੇ ਸਖਤ ਖਿਲਾਫ ਹਨ!
ਇਸ ਮੌਕੇ ਰਜਿਸਟਰਾਰ ਆਈ.ਏ.ਐਸ ਜਸਪ੍ਰੀਤ ਸਿੰਘ, ਡੀਨ ਪ੍ਰੋ। (ਡਾ.) ਯਾਦਵਿੰਦਰ ਸਿੰਘ ਬਰਾੜ, ਡੀਨ ਪ੍ਰੋ (ਡਾ.)ਵਿਕਾਸ ਚਾਵਲਾ, ਕੰਟ੍ਰੋਲਰ ਪ੍ਰੀਖਿਆਵਾਂ ਡਾ.ਆਰ.ਪੀ.ਐਸ ਬੇਦੀ, ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ, ਡਾਇਰੈਕਟਰ ਕਾਲਜ ਡਿਵੈਲਪਮੈਂਟ ਡਾ.ਬਲਕਾਰ ਸਿੰਘ, ਡਾਇਰੈਕਟਰ ਆਈ.ਆਰ.ਐਚ.ਵੀ ਡਾ.ਪਰਮਜੀਤ ਸਿੰਘ, ਡਾ.ਹਰਮੀਨ ਸੋਚ, ਡਿਪਟੀ ਕੰਟ੍ਰੋਲਰ ਪ੍ਰੀਖਿਆਵਾਂ ਸੰਦੀਪ ਕਾਜਲ ਅਤੇ ਹੋਰ ਮੌਜੂਦ ਰਹੇ!