ਪੁਲਿਸ ਨੂੰ ਚਕਮਾ ਦੇ ਕੇ ਤੜਕਸਾਰ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਸਵੇਰੇ-ਸਵੇਰੇ ਗੁਪਤ ਐਕਸ਼ਨ; ਇਸ਼ਤਿਹਾਰ ਜਾਰੀ ਕਰਨ ਦੀ ਕੀਤੀ ਮੰਗ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਜਲੰਧਰ, 4 ਦਸੰਬਰ, 2021 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਭਾਵੇਂ 29 ਨਵੰਬਰ ਦੀ ਮੀਟਿੰਗ ਵਿੱਚ 10880 ਅਸਾਮੀਆਂ ਮਾਸਟਰ ਕੇਡਰ ਦੀਆਂ ਭਰਨ ਦਾ ਐਲਾਨ ਕੀਤਾ ਹੈ, ਪ੍ਰੰਤੂ ਕਰੀਬ ਇੱਕ ਹਫ਼ਤਾ ਬੀਤਣ ਮਗਰੋਂ ਹੀ ਇਸ਼ਤਿਹਾਰ ਜਾਰੀ ਨਾ ਹੋਣ ਤੋਂ ਖ਼ਫ਼ਾ ਬੇਰੁਜ਼ਗਾਰ ਬੀ ਐੱਡ ਟੈੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਸਵੇਰੇ-ਸਵੇਰੇ ਲੱਗਭਗ 5:30 ਵਜੇ ਹੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕਰ ਲਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਬੀਤੇ ਕੱਲ੍ਹ ਜਲੰਧਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ ਜੇਕਰ ਮਾਤ ਭਾਸ਼ਾ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਵਿਸੇ ਦੀਆਂ 9000 ਅਸਾਮੀਆਂ ਦਾ ਇਸ਼ਤਿਹਾਰ ਦੇ ਨਾ ਕੀਤਾ ਤਾਂ 4 ਦਿਸੰਬਰ ਨੂੰ ਗੁਪਤ ਐਕਸ਼ਨ ਕੀਤਾ ਜਾਵੇਗਾ।
ਇਸ ਲਈ ਅੱਜ 4 ਦਿਸੰਬਰ ਸਵੇਰੇ-ਸਵੇਰੇ 5 :30 ਵਜੇ ਕਰੀਬ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਜਲੰਧਰ ਕੋਠੀ ਦਾ ਸ਼ਾਂਤਮਈ ਤਰੀਕੇ ਨਾਲ ਘਿਰਾਓ ਕਰਕੇ ਬੈਠ ਗਏ ਹਨ, ਪਰ ਪੁਲਿਸ ਕਰਮਚਾਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਧੱਕੇ ਨਾਲ ਉਠਾਉਣ ਦੀ ਕੋਸ਼ਿਸ ਕਰ ਰਹੇ ਹਨ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਲਾਰੇ ਲਗਾ ਰਹੀ ਹੈ, ਭਾਵੇਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ ਪ੍ਰੰਤੂ ਨਾ ਅਜੇ ਤਕ ਇਸ਼ਤਿਹਾਰ ਜਾਰੀ ਕੀਤਾ ਹੈ ਨਾ ਹੀ ਵਿਸ਼ਾ-ਵਾਰ ਅਸਾਮੀਆਂ ਦਾ ਵੇਰਵਾ ਜਨਤਕ ਕੀਤਾ ਹੈ।
ਉਹਨਾਂ ਮੰਗ ਕੀਤੀ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਵਿਸ਼ਿਆਂ ਲਈ ਘੱਟੋ ਘੱਟ 9000 ਅਸਾਮੀਆਂ ਦਿੱਤੀਆਂ ਜਾਣ। ਉਹਨਾਂ ਖਦਸ਼ਾ ਜ਼ਾਹਿਰ ਕੀਤਾ ਕਿ ਕਾਂਗਰਸ ਸਰਕਾਰ ਜਾਣ ਬੁੱਝ ਕੇ ਸਮੁੱਚੀ ਪ੍ਰਕਿਰਿਆ ਨੂੰ ਚੋਣ ਜ਼ਾਬਤੇ ਦੀ ਭੇਂਟ ਚੜਾਉਣ ਦੇ ਰੌਂਅ ਵਿੱਚ ਹੈ।
ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਇੱਕ ਪਾਸੇ ਆਪਣੇ ਚਹੇਤੇ ਨੂੰ ਪੀ ਆਈ ਐਸ ਵਿੱਚ ਬਤੌਰ ਡਾਇਰੈਕਟਰ ਨਿਯੁਕਤ ਕਰਨ ਲਈ ਸਾਰੇ ਨਿਯਮ ਛਿੱਕੇ ਟੰਗ ਜੇਕਰ ਸੁਪਰ ਫਾਸਟ ਤਰੀਕੇ ਨਾਲ ਪ੍ਰਕਿਰਿਆ ਚਲਾ ਰਹੇ ਹਨ ਅਤੇ ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਮੌਕੇ ਕੀੜੀ ਦੀ ਚਾਲ ਚੱਲਿਆ ਜਾ ਰਿਹਾ ਹੈ।
ਉੱਧਰ ਮੁਨੀਸ਼ ਕੁਮਾਰ ਫ਼ਾਜ਼ਿਲਕਾ ਅਤੇ ਜਸਵੰਤ ਘੁਬਾਇਆ ਅੱਜ 38ਵੇਂ ਦਿਨ ਵੀ ਜਿਉਂ ਦੀ ਤਿਉਂ ਟੈਂਕੀ ਉੱਤੇ ਬੈਠੇ ਹੋਏ ਹਨ।
ਇਸ ਮੌਕੇ ਬੇਰੁਜ਼ਗਾਰ ਆਗੂਆਂ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਰਸ਼ਪਾਲ ਸਿੰਘ ਜਲਾਲਾਬਾਦ, ਕੁਲਵੰਤ ਸਿੰਘ ਲੌਂਗੋਵਾਲ, ਬਲਕਾਰ ਮਘਾਣੀਆ ਅਤੇ ਬਲਰਾਜ ਸਿੰਘ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਿੱਖਿਆ ਮੰਤਰੀ ਦਾ ਹਰੇਕ ਮੋੜ ਤੇ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਹਰਪ੍ਰੀਤ ਸਿੰਘ ਹੈਪੀ, ਅਮਨ ਬਠਿੰਡਾ, ਜਗਤਾਰ ਸਿੰਘ, ਹਰਜਿੰਦਰ ਕੌਰ ਗੋਲੀ, ਗੁਰਮੇਲ ਸਿੰਘ, ਸੁਖਜੀਤ ਸਿੰਘ ਅਤੇ ਗਗਨਦੀਪ ਸਾਰੇ ਫਰੀਦਕੋਟ, ਬਲਜਿੰਦਰ ਬਰਾੜ ਗਿਲਜੇ ਵਾਲਾ, ਸੁਖਪਾਲ ਖਾਨ, ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲਵੱਢ, ਅੰਮ੍ਰਿਤਪਾਲ ਸਿੰਘ ਸ੍ਰੀ ਅੰਮ੍ਰਿਤਸਰ, ਕੁਲਵਿੰਦਰ ਕੌਰ ਮੁਕੇਰੀਆਂ, ਰਚਨਾ ਪਠਾਨਕੋਟ, ਸੂਰਜ ਕਾਂਤ, ਦੀਪ ਲਹਿਰਾ, ਕੁਲਜੀਤ ਕੌਰ ਕਪੂਰਥਲਾ ਆਦਿ ਹਾਜ਼ਰ ਸਨ।