ਸਰਕਾਰ ਦੇ ਝੂਠੇ ਵਾਅਦਿਆਂ ਦੀ ਲੋਹੜੀ ਬਾਲ ਕੇ ਰੋਸ ਪ੍ਰਗਟ ਕੀਤਾ
ਜਗਤਾਰ ਸਿੰਘ
ਰਾਜਪੁਰਾ 13 ਜਨਵਰੀ 2022 - ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ਤੇ ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਅਪੀਲ ਤਹਿਤ ਅਧਿਆਪਕਾਂ ਨੇ ਹਾਕਮਾਂ ਦੇ ਧੱਕੇ ਖ਼ਿਲਾਫ਼ ਪੰਜਾਬ ਦੀ ਨਾਬਰੀ ਦੇ ਪ੍ਰਤੀਕ 'ਦੁੱਲਾ ਭੱਟੀ' ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਸੰਘਰਸ਼ੀ ਲੋਹੜੀ ਮਨਾਉਣ ਸਮੇਂ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਦੀ ਲੋਹੜੀ ਬਾਲ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਮੁਲਾਜ਼ਮ ਮਸਲੇ ਹੱਲ ਨਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੀਆਂ ਤਸਵੀਰਾਂ ਤੇ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਅਧਿਆਪਕ ਆਗੂ ਵਿਕਰਮਜੀਤ ਅਲੂਣਾ, ਸੁਖਦੇਵ ਸਿੰਘ, ਕਪੂਰ ਸਿੰਘ ਤੇ ਅਮਨਪ੍ਰਰੀਤ ਕੌਰ ਮੰਡਿਆਣਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਵਿਭਾਗਾਂ 'ਚ ਪੱਕੇ ਕਰਨ ਦੀ ਥਾਂ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਦੇ ਝੂਠੇ ਇਸ਼ਤਿਹਾਰ ਲਾ ਕੇ ਅਤੇ ਖਾਲੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਨਾ ਕਰ ਕੇ, 6ਵੇਂ ਪੰਜਾਬ ਤਨਖਾਹ ਕਮਿਸ਼ਨ ਤਹਿਤ ਹਰੇਕ ਮੁਲਾਜ਼ਮ ਦੀ ਪੇਅ ਫਿਕਸ਼ੇਸ਼ਨ 2.72 ਗੁਣਾਂਕ ਅਨੁਸਾਰ ਲਾਗੂ ਨਾ ਕਰਨਾ, ਪੇਂਡੂ ਇਲਾਕਾ ਭੱਤਾ, ਬਾਰਡਰ ਇਲਾਕਾ ਭੱਤਾ, ਹੈਂਡੀਕੇਪ ਸਫਰੀ ਭੱਤੇ ਸਮੇਤ 37 ਕਿਸਮ ਦੇ ਸਾਰੇ ਭੱਤੇ ਅਤੇ ਏਸੀਪੀ ਦੇ ਲਾਭ ਰੋਕਣਾ, ਪਰਖ ਸਮਾਂ ਐਕਟ-2015 ਰੱਦ ਨਾ ਕਰਨਾ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਨਾ ਕਰਕੇ ਮੁਲਾਜਮਾਂ ਨਾਲ ਸਰਾਸਰ ਧੱਕਾ ਕੀਤਾ ਹੈ।