ਆਈ. ਆਈ. ਟੀ ਰੋਪੜ ਵਿਖੇ ਤਿੰਨ ਰੋਜ਼ਾ ਆਈ. ਐਸ. ਐਮ. ਈ . ਕਾਨਫਰੰਸ ਦੀ ਸ਼ੁਰੂਆਤ
- ਮਕੈਨੀਕਲ ਇੰਜੀਨੀਅਰਿੰਗ ਵਿੱਚ ਉੱਨਤੀਆਂ ਬਾਰੇ 20ਵੀਂ ਆਈ. ਐਸ. ਐਮ. ਈ ਕਾਨਫਰੰਸ ਹੋਈ ਸ਼ੁਰੂ
ਹਰੀਸ਼ ਕਾਲੜਾ
ਰੂਪਨਗਰ, 19 ਮਈ 2022: ਭਾਰਤੀ ਤਕਨਾਲੌਜੀ ਸੰਸਥਾਨ ਰੋਪੜ (ਆਈ. ਆਈ. ਟੀ ਰੋਪੜ) ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ 19 ਮਈ ਤੋਂ ਲੈ ਕੇ 21 ਮਈ ਤੱਕ ਤਿੰਨ ਰੋਜ਼ਾ ਕਾਨਫਰੰਸ ਸ਼ੁਰੂ ਹੋ ਗਈ ਹੈ । ਆਈ. ਆਈ. ਟੀ ਰੋਪੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮਕੈਨੀਕਲ ਇੰਜੀਨੀਅਰਿੰਗ ਦੀਆਂ ਅਤਿ- ਆਧੁਨਿਕ ਤਕਨਾਲੋਜੀਆਂ ਰਾਹੀਂ ਨਵੀਆਂ ਤਕਨੀਕੀ ਤਰੱਕੀਆਂ 'ਤੇ ਜ਼ੋਰ ਦਿੰਦੇ ਹੋਏ ਹਾਈਬ੍ਰਿਡ ਮੋਡ ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਪ੍ਰਗਤੀਆਂ 'ਤੇ 20ਵੀਂ ਆਈ. ਐੱਸ. ਐੱਮ. ਈ (ਇੰਡੀਅਨ ਸੋਸਾਇਟੀ ਆਫ ਮਕੈਨੀਕਲ ਇੰਜੀਨੀਅਰਿੰਗ) ਕਾਨਫਰੰਸ ਦੀ ਅਰੰਭਤਾ ਹੋ ਗਈ ਹੈ।
ਜਾਣਕਾਰੀ ਦਿੰਦੇ ਹੋਏ ਆਈ. ਆਈ. ਟੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਡਾ. ਸਮੀਰ ਵੀ. ਕਾਮਤ, ਜੋ ਕਿ ਇੱਕ ਉੱਘੇ ਵਿਗਿਆਨੀ ਅਤੇ ਡਾਇਰੈਕਟਰ ਜਨਰਲ - ਨੇਵਲ ਸਿਸਟਮਜ਼ ਐਂਡ ਮੈਟੀਰੀਅਲਜ਼ (ਐੱਨ ਐੱਸ ਐਂਡ ਐੱਮ), ਡੀ. ਆਰ. ਡੀ. ਓ ਹਨ, ਵਲੋਂ ਕੀਤਾ ਗਿਆ। ਇਸ ਤੋਂ ਇਲਾਵਾ ਕਾਨਫਰੰਸ ਵਿੱਚ ਡੀ. ਆਰ. ਡੀ. ਓ ਦੇ ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ (ਟੀ. ਬੀ. ਆਰ. ਐਲ) ਦੇ ਉੱਘੇ ਵਿਗਿਆਨੀ ਅਤੇ ਡਾਇਰੈਕਟਰ ਸ਼੍ਰੀ ਪ੍ਰਤੀਕ ਕਿਸ਼ੋਰ ਅਤੇ ਆਈ. ਆਈ. ਟੀ ਦਿੱਲੀ ਦੇ ਡਿਪਟੀ ਡਾਇਰੈਕਟਰ (ਆਪਰੇਸ਼ਨਜ਼) ਪ੍ਰੋ ਐੱਸ. ਜੀ ਦੇਸ਼ਮੁਖ ਵਲੋਂ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ।
ਦੱਸਣਯੋਗ ਹੈ ਕਿ ਇਸ ਕਾਨਫਰੰਸ ਮੌਕੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਸ਼ੇਸ਼ ਖੇਤਰਾਂ ਜਿਵੇਂ ਕਿ ਡਿਜ਼ਾਈਨ, ਥਰਮਲ ਅਤੇ ਤਰਲ ਪਦਾਰਥਾਂ, ਸਮੱਗਰੀ, ਨਿਰਮਾਣ ਅਤੇ ਉਦਯੋਗਿਕ ਇੰਜੀਨੀਅਰਿੰਗ, ਅਤੇ ਹੋਰ ਅੰਤਰ-ਅਨੁਸ਼ਾਸਨੀ ਅਤੇ ਉੱਭਰ ਰਹੇ ਖੇਤਰਾਂ ਵਿੱਚ ਦੇਸ਼ ਦੇ ਵੱਖ ਵੱਖ ਹਿਸਿਆਂ ਤੋਂ 150 ਤੋਂ ਵੱਧ ਖੋਜ ਪੱਤਰ ਪ੍ਰਾਪਤ ਕੀਤੇ ਗਏ ਸਨ।
ਆਈ. ਆਈ. ਟੀ ਰੋਪੜ ਦੇ ਡੀਨ ਆਰ. ਐਂਡ. ਡੀ ( ਖੋਜ ਤੇ ਵਿਕਾਸ) ਅਤੇ ਕਾਨਫਰੰਸ ਦੇ ਆਰਗੇਨਾਈਜ਼ਿੰਗ ਸਕੱਤਰ ਪ੍ਰੋ. ਨਵੀਨ ਕੁਮਾਰ ਨੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਉੱਨਤੀਆਂ ਬਾਬਤ 20 ਵੀਂ ਆਈ. ਐਸ. ਐਮ. ਈ ਕਾਨਫਰੰਸ ਦੌਰਾਨ ਸੰਖੇਪ ਜਾਣਕਾਰੀ ਦਿੱਤੀ ਗਈ।
ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਮਕੈਨੀਕਲ ਇੰਜੀਨੀਅਰਿੰਗ ਦੇ ਐਚ. ਓ. ਡੀ ਅਤੇ ਕਾਨਫਰੰਸ ਦੇ ਆਰਗੇਨਾਈਜ਼ਿੰਗ ਚੇਅਰਮੈਨ ਡਾ. ਪ੍ਰਭਾਤ ਕੇ ਅਗਨੀਹੋਤਰੀ ਵਲੋਂ ਸੰਬੋਧਨ ਕੀਤਾ ਗਿਆ। ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਇਸ ਵੱਕਾਰੀ ਕਾਨਫਰੰਸ ਦੇ ਆਯੋਜਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤਾ। ਇਸ ਤੋਂ ਮਗਰੋਂ ਪ੍ਰੋ. ਅਹੂਜਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਨਵੀਆਂ ਤਕਨਾਲੋਜੀਆਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਉਹਨਾਂ ਵਿਸ਼ੇਸ਼ ਤੌਰ 'ਤੇ ਉਦਯੋਗ- ਅਕਾਦਮਿਕ ਸਹਿਯੋਗ 'ਤੇ ਵੀ ਜ਼ੋਰ ਦਿੱਤਾ।
ਆਈ. ਆਈ. ਟੀ ਰੋਪੜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਇਸ ਕਾਨਫਰੰਸ ਦੇ ਜਥੇਬੰਦਕ ਸਕੱਤਰ ਡਾ. ਅਨੁਪਮ ਅਗਰਵਾਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸੌਕੇ ਕਾਨਫਰੰਸ ਦੇ ਪਹਿਲੇ ਦਿਨ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਅਤੇ ਹੋਰ ਵਿਭਾਗਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਕਾਨਫਰੰਸ ਨੂੰ ਵੱਕਾਰੀ ਨਿੱਜੀ ਸੰਸਥਾਵਾਂ, ਜਿਵੇਂ ਕਿ ਇਨਸਟ੍ਰੋਨ ਅਤੇ ਬੀ. ਆਈ. ਐਸ. ਐਸ ਦੁਆਰਾ ਸਪਾਂਸਰ ਕੀਤਾ ਗਿਆ ਸੀ।