ਚਿਤਕਾਰਾ ਯੂਨੀਵਰਸਿਟੀ ਵਿਖੇ ਸੱਤ ਰੋਜ਼ਾ ਐਨ.ਐਸ.ਐਸ “ਰਾਸ਼ਟਰੀ ਏਕਤਾ ਕੈਂਪ 2022” ਕਰਾਇਆ ਗਿਆ
ਚੰਡੀਗੜ੍ਹ, 25 ਮਈ 2022 - ਚਿਤਕਾਰਾ ਯੂਨੀਵਰਸਿਟੀ ਦੇ ਰਾਸ਼ਟਰੀ ਸੇਵਾ ਯੋਜਨਾ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਐਨ.ਐਸ.ਐਸ ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਦੀ ਅਗਵਾਈ ਅਤੇ ਸਹਿਯੋਗ ਹੇਠ ਸੱਤ ਰੋਜ਼ਾ “ਰਾਸ਼ਟਰੀ ਏਕਤਾ ਕੈਂਪ 2022” ਚਿਤਕਾਰਾ ਯੂਨੀਵਰਸਿਟੀ ਪੰਜਾਬ ਕੈਂਪਸ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 200 ਪ੍ਰਤੀਯੋਗੀਆਂ ਨੇ ਭਾਗ ਲਿਆ, ਜਿਸ ਵਿੱਚ ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ। ਸਮਾਗਮ ਵਿੱਚ ਸੱਭਿਆਚਾਰਕ ਵਿਚਾਰਧਾਰਾਵਾਂ ਦੇ ਅਦਾਨ-ਪ੍ਰਦਾਨ ਦੇ ਨਾਲ-ਨਾਲ ਸਮੁੱਚੇ ਦੇਸ਼ ਨੂੰ ਇਕੱਠੇ ਬੰਨ੍ਹਣ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਵੀ ਕੀਤਾ ਗਿਆ ।
ਵੱਖ-ਵੱਖ ਰਾਜਾਂ, ਵੱਖ-ਵੱਖ ਸਭਿਆਚਾਰਾਂ ਅਤੇ ਵੱਖੋ-ਵੱਖਰੇ ਵਿਸ਼ਵਾਸ਼ਾਂ ਨਾਲ ਜੁੜੇ ਸਾਰੇ ਪ੍ਰਤੀਭਾਗੀਆਂ ਜੋ "ਏਕ ਭਾਰਤ ਸ੍ਰੇਸ਼ਠ ਭਾਰਤ" ਦੇ ਸੰਕਲਪ ਦੇ ਵਿਸ਼ਵਾਸ ਨਾਲ ਕੈਂਪ ਵਿੱਚ ਪਹੁੰਚੇ ਸਨ ਦਾ ਖੇਤਰੀ ਡਾਇਰੈਕਟਰ, ਰਾਸ਼ਟਰੀ ਸੇਵਾ ਯੋਜਨਾ, ਚੰਡੀਗੜ੍ਹ ਸ਼੍ਰੀਮਤੀ ਹਰਿੰਦਰ ਕੌਰ ਨੇ ਨਿੱਘਾ ਸਵਾਗਤ ਕੀਤਾ।
ਰਾਸ਼ਟਰੀ ਏਕਤਾ ਕੈਂਪ 2022 ਦੀ ਸ਼ੁਰੂਆਤ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਮਾਨਯੋਗ ਪ੍ਰੋ: ਅਰਵਿੰਦ ਮੁੱਖ ਮਹਿਮਾਨ ਵਜੋਂ ਪਹੁੰਚੇ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜ ਐਨ.ਐਸ.ਐਸ.ਅਧਿਕਾਰੀ ਅਤੇ ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਵਾਈਸ ਚਾਂਸਲਰ ਡਾ: ਅਰਚਨਾ ਮੰਤਰੀ ਨੇ ਵੀ ਇਸ ਮੈਗਾ ਸੱਭਿਆਚਾਰਕ ਅਦਾਨ-ਪ੍ਰਦਾਨ ਸਮਾਗਮ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਕੈਂਪ ਦੀ ਹਰ ਸਵੇਰ ਦੀ ਸ਼ੁਰੂਆਤ ਵੱਖ-ਵੱਖ ਰਾਜਾਂ ਦੁਆਰਾ ਆਯੋਜਿਤ ਸ਼ਾਂਤਮਈ ਪ੍ਰਭਾਤ ਫੇਰੀਆਂ ਨਾਲ ਹੋਈ ਅਤੇ ਇਸ ਤੋਂ ਬਾਅਦ ਭਾਗੀਦਾਰਾਂ ਨੇ ਦਿਨ ਭਰ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਜਿਵੇਂ ਰੰਗੋਲੀ ਬਣਾਉਣ, ਮਹਿੰਦੀ ਡਿਜ਼ਾਈਨ, ਪੇਪਰ ਵਾਕ ਆਦਿ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ, ਭਾਗੀਦਾਰਾਂ ਨੂੰ "ਆਰਟ ਆਫ਼ ਲਿਵਿੰਗ", "ਚਾਰ ਦਿਸ਼ਾ ਏਕ ਭਾਰਤ", "ਏਡਜ਼ ਬਾਰੇ ਜਾਗਰੂਕਤਾ" ਅਤੇ "ਗੀਤਾ ਤੋਂ ਜੀਵਨ ਵਿਚ ਸਬਕ " ਵਰਗੇ ਜਾਣਕਾਰੀ ਭਰਪੂਰ ਸੈਸ਼ਨਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਹਨਾਂ ਜਾਣਕਾਰੀ ਭਰਪੂਰ ਸੈਸ਼ਨਾਂ ਦਾ ਸੰਚਾਲਨ ਉੱਘੀਆਂ ਸ਼ਖਸੀਅਤਾਂ ਦੁਆਰਾ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਨੂੰ ਇਹਨਾਂ ਸੈਸ਼ਨਾਂ ਤੋਂ ਕੁਝ ਸਾਰਥਕ ਸਿੱਖਣ ਦਾ ਮੌਕਾ ਮਿਲਿਆ।
ਇਸ ਕੈਂਪ ਵਿੱਚ ਸਾਰੇ ਰਾਜਾਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹੀਆਂ, ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੇ-ਆਪਣੇ ਰਾਜਾਂ ਦੇ ਲੋਕ ਨਾਚ ਅਤੇ ਸੰਗੀਤ ਨਾਲ ਯੂਨੀਵਰਸਿਟੀ ਕੈਂਪਸ ਨੂੰ ਪੂਰੇ ਦੇਸ਼ ਦੇ ਰੰਗਾਂ ਵਿੱਚ ਰੰਗਿਆ। ਹਰ ਰੋਜ਼ ਸ਼ਾਮ ਨੂੰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਆਪਣੀ ਲੋਕ ਕਲਾ, ਸੱਭਿਆਚਾਰ, ਪਰੰਪਰਾ, ਨਾਚ ਅਤੇ ਲੋਕ ਗੀਤਾਂ ਦੀ ਪੇਸ਼ਕਾਰੀ ਕੀਤੀ।